ਨਵੀਂ ਦਿੱਲੀ, 31 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਫਸਲਾਂ ਵੇਚਣ 'ਚ ਹੋ ਰਹੀ ਪ੍ਰੇਸ਼ਾਨੀ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਸ਼ਨੀਵਾਰ ਨੂੰ ਨੋਟਬੰਦੀ ਦੀ ਤੁਰੰਤ ਸਮੀਖਿਆ ਕੀਤੇ ਜਾਣ ਲਈ ਕਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਗੈਰ ਸੰਗਠਿਤ ਨੀਤੀਆਂ ਕਾਰਨ ਸੰਕਟ ਨਾਲ ਘਿਰੇ ਕਿਸਾਨਾਂ ਨੂੰ ਬਚਾਉਣ ਵਾਸਤੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮਜ਼ਬੂਤ ਉਪਾਅ ਕਰਨ ਦੀ ਮੰਗ ਕੀਤੀ ਹੈ।
ਇਸ ਲੜੀ ਹੇਠ ਨੋਟਬੰਦੀ ਕਾਰਨ ਕਿਸਾਨਾਂ ਨੂੰ ਹੋਰ ਰਹੀਆਂ ਪ੍ਰੇਸ਼ਾਨੀਆਂ ਉਪਰ ਮੀਡੀਆਂ ਦੀਆਂ ਖ਼ਬਰਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਤੋਂ ਬਾਦਲ ਵੱਲੋਂ ਪੈਦਾ ਕੀਤੇ ਖੇਤੀ ਸੰਕਟ ਤੋਂ ਪ੍ਰੇਸ਼ਾਨ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੋਟਬੰਦੀ ਨੇ ਹੋਰ ਵਧਾ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਖ੍ਰੀਦ 'ਚ ਦੇਰੀ ਅਤੇ ਸਮੇਂ ਸਿਰ ਘੱਟੋਂ ਘੱਟ ਸਮਰਥਨ ਮੁੱਲ 'ਤੇ ਅਦਾਇਗੀਆਂ ਨਾ ਹੋਣ ਨਾਲ ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਕਿਸਾਨਾਂ ਨੂੰ ਦੀਵਾਲੀਏਪਣ ਕੰਢੇ ਪਹੁੰਚਾ ਦਿੱਤਾ ਸੀ। ਹੁਣ ਨੋਟਬੰਦੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਇਸ ਹੱਦ ਤੱਕ ਵਧਾ ਦਿੱਤਾ ਹੈ ਕਿ ਉਨ੍ਹਾਂ ਨੂੰ ਮਜ਼ਬੂਰਨ ਆਪਣਾ ਉਤਪਾਦਨ ਬਹੁਤ ਹੀ ਘੱਟ ਰੇਟਾਂ 'ਤੇ ਵੇਚਣਾ ਪੈ ਰਿਹਾ ਹੈ ਅਤੇ ਉਨ੍ਹਾਂ ਕੋਲ ਬਚੱਤ ਕਰਨ ਵਾਸਤੇ ਤਾਂ ਦੂਰ ਦੀ ਗੱਲ, ਆਪਣੀ ਹੋਂਦ ਬਚਾਏ ਰੱਖਣ ਨੂੰ ਵੀ ਪੈਸੇ ਨਹੀਂ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਿਸਾਨਾਂ ਕੋਲ ਖੇਤ ਮਜ਼ਦੂਰਾਂ ਨੂੰ ਅਦਾਇਗੀ ਲਈ ਵੀ ਪੈਸੇ ਨਹੀਂ ਹਨ, ਜਦਕਿ ਵਪਾਰੀਆਂ ਕੋਲ ਵੀ ਕਿਸਾਨਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਹਨ। ਇਸ ਕਾਰਨ, ਕਿਸਾਨਾਂ ਕੋਲ ਆਪਣੀਆਂ ਪਰਿਵਾਰਿਕ ਤੇ ਖੇਤੀ ਸਬੰਧੀ ਲੋੜਾਂ ਨੂੰ ਪੂਰਾ ਕਰਨ ਵਾਸਤੇ ਲੋੜੀਂਦੇ ਪੈਸੇ ਨਹੀਂ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਪਾਰੀਆਂ ਵੱਲੋਂ ਅਦਾਇਗੀ ਨਾ ਕਰਨ 'ਤੇ ਕਿਸਾਨਾਂ ਨੂੰ ਮਜ਼ਬੂਰਨ ਉੱਚ ਵਿਆਜ਼ ਰੇਟਾਂ 'ਤੇ ਆੜ੍ਹਤੀਆਂ ਤੋਂ ਕਰਜਾ ਚੁੱਕਣਾ ਪੈ ਰਿਹਾ ਹੈ। ਇਥੋਂ ਤੱਕ ਕਿ ਕਈ ਕਿਸਾਨ ਆਪਣਾ ਉਤਪਾਦਨ ਨਹੀਂ ਵਿੱਕਣ ਕਾਰਨ ਉਸਨੂੰ ਨਸ਼ਟ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਾਲਾਤ ਗੰਭੀਰ ਹਨ ਅਤੇ ਕਿਸਾਨਾਂ ਨੂੰ ਬਚਾਉਣ ਲਈ ਤੁਰੰਤ ਦਖਲ ਦਿੱਤੇ ਜਾਣ ਦੀ ਲੋੜ ਨਹੀਂ ਹੈ, ਜਿਨ੍ਹਾਂ 'ਚੋਂ ਕਈ ਬਾਦਲ ਸ਼ਾਸਨ 'ਚ ਭਾਰੀ ਕਰਜਿਆਂ ਦੇ ਬੋਝ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਹਨ।
ਮੋਦੀ ਸਰਕਾਰ 'ਤੇ ਨੋਟਬੰਦੀ ਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ 'ਚ ਅਸਫਲ ਰਹਿਣ ਦਾ ਦੋਸ਼ ਲਗਾਉਂਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਾਅਦੇ ਮੁਤਾਬਿਕ 50 ਦਿਨ ਨਿਕਲ ਜਾਣ ਦੇ ਬਾਵਜੂਦ, ਲੋਕਾਂ ਨੂੰ ਨੋਟਬੰਦੀ ਕਾਰਨ ਲਗਾਤਾਰ ਅਵਿਵਸਥਾ ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਤੋਂ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਨੋਟਬੰਦੀ ਮੁੱਦੇ 'ਤੇ ਕੀਤੇ ਗਏ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਵਹਾਈਟ ਪੇਪਰ ਦੇ ਨਾਲ ਸਾਹਮਣੇ ਆਉਣ ਦੀ ਮੰਗ ਕੀਤੀ ਹੈ, ਕਿਉਂਕਿ ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਕਿਉਂ ਤੇ ਕਿੰਨੇ ਵਕਤ ਤੱਕ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਜ਼ਾਰੀ ਰਹਿਣਗੀਆਂ।