ਚੰਡੀਗੜ੍ਹ, 9 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨੋਟਬੰਦੀ ਦੇ ਗੈਰ ਸੰਗਠਿਤ ਹੈਰਾਨੀਜਨਕ ਕਦਮ ਕਾਰਨ ਲੋਕਾਂ ਨੂੰ ਹੋਏ ਦੁਖਦ ਨੁਕਸਾਨਾਂ ਬਦਲੇ, ਉਨ੍ਹਾਂ ਨੂੰ ਸ਼ਰਮਨਾਕ ਤਰੀਕੇ ਨਾਲ ਛੋਟੀਆਂ ਰਿਆਇਤਾਂ ਦਾ ਲਾਲਚ ਦੇਣ ਵਾਲੀ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ।
ਇਸ ਲੜੀ ਹੇਠ ਸਿੱਧੇ ਤੌਰ 'ਤੇ ਨੋਟਬੰਦੀ ਨਾਲ ਸਬੰਧਤ ਪੰਜਾਬ 'ਚ ਇਕ ਹੋਰ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੇ ਵਿੱਤ ਮੰਤਰੀ ਅਰੂਨ ਜੇਤਲੀ ਵਰਗੇ, ਸਰਕਾਰ 'ਚ ਉਨ੍ਹਾਂ ਦੇ ਸਾਥੀਆਂ ਅੰਦਰ ਸੰਵੇਦਨਾ ਦੀ ਘਾਟ ਕਾਰਨ, ਇਹ ਦਰਦਨਾਕ ਦਿਨ ਦੇਖਣੇ ਪੈ ਰਹੇ ਹਨ। ਲੇਕਿਨ, ਸਰਕਾਰ ਨੋਟਬੰਦੀ ਦੇ ਕਦਮ ਨਾਲ ਪ੍ਰਭਾਵਿਤ ਗਰੀਬਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਬਜਾਏ ਆਪਣੀਆਂ ਨਾਕਾਮੀਆ ਛਿਪਾਉਣ ਖਾਤਿਰ, ਡਿਜੀਟਲ ਬੈਂਕਿੰਗ ਅਪਣਾਉਣ ਲਈ ਬੇਵਕੂਫੀ ਵਾਲੇ ਲਾਲਚ ਦੇ ਰਹੀ ਹੈ।
ਉਨ੍ਹਾਂ ਦੀ ਇਹ ਪ੍ਰਤੀਕ੍ਰਿਆ, ਲੁਧਿਆਣਾ ਵਿਖੇ ਬੈਂਕ ਗਾਰਡ ਵੱਲੋਂ ਧੱਕਾ ਮਾਰਨ ਤੋਂ ਬਾਅਦ ਹਾਰਟ ਅਟੈਕ ਕਰਕੇ, ਔਰਤ ਦੀ ਮੌਤ ਦੀਆਂ ਖ਼ਬਰਾਂ ਦੇ ਸਬੰਧ 'ਚ ਆਈ ਹੈ, ਜਿਹੜੀ ਹਾਰ ਅਟੈਕ ਤੋਂ ਬਾਅਦ ਉਸੇ ਕਤਾਰ 'ਚ ਡਿੱਗ ਗਈ, ਜਿਥੇ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਵਾਸਤੇ ਕੁਝ ਪੈਸੇ ਕੱਢਵਾਉਣ ਲਈ ਘੰਟਿਆਂ ਤੋਂ ਖੜ੍ਹੀ ਹੋਈ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਗੈਰ ਸੰਗਠਿਤ ਤੇ ਗਲਤ ਤਰੀਕੇ ਨਾਲ ਲਾਗੂ ਕੀਤੀ ਗਈ ਨੋਟਬੰਦੀ ਦੀ ਇਕ ਮਹੀਨਾ ਨਿਕਲ ਜਾਣ ਦੇ ਬਾਵਜੂਦ ਵੀ ਲੋਕਾਂ ਦੀਆਂ ਸਮੱਸਿਆਵਾਂ ਘੱਟ ਹੋਣ ਦੀ ਬਜਾਹੇ ਵੱਧਦੀਆਂ ਜਾ ਰਹੀਆਂ ਹਨ। ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣ ਲਈ ਜੂਡੀਸ਼ਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਜੇਤਲੀ ਵੱਲੋਂ ਵੀਰਵਾਰ ਨੂੰ ਦਿੱਤੀਆਂ ਗਈਆਂ ਰਿਆਇਤਾਂ ਨੋਟਬੰਦੀ ਕਾਰਨ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵਿੱਤ ਮੰਤਰੀ ਪਟਰੋਲ ਤੇ ਡੀਜ਼ਲ, ਅਤੇ ਬੀਮਾ ਪਾਲਿਸੀਆਂ ਦੀਆਂ ਗੱਲਾਂ ਕਰ ਰਹੇ ਹਨ, ਜਦਕਿ ਲੋਕਾਂ ਕੋਲ ਘਰ ਦਾ ਰਾਸ਼ਨ ਖ੍ਰੀਦਣ ਨੂੰ ਰੁਪਏ ਨਹੀਂ ਹਨ। ਉਨ੍ਹਾਂ ਨੇ ਮੋਦੀ ਤੇ ਉਨ੍ਹਾਂ ਦੀ ਲੁਟੇਰਿਆਂ ਦੀ ਟੀਮ ਦੀ ਸਰ੍ਹੇਆਮ ਉਦਾਸੀਨਤਾ ਦੀ ਨਿੰਦਾ ਕੀਤੀ ਹੈ, ਜਿਨ੍ਹਾਂ ਨੂੰ ਭਾਰਤ ਦੇ ਨਾਗਰਿਕਾਂ ਦੀ ਮਿਹਨਤ ਨਾਲ ਕਮਾਈ ਪੂੰਜੀ ਹੜਪਣ ਦਾ ਕਾਨੂੰਨੀ ਤਰੀਕਾ ਮਿੱਲ ਗਿਆ ਹੈ।
ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਹੈ ਕਿ ਕੀ ਦੁਨੀਆਂ 'ਚ ਕੋਈ ਅਜਿਹਾ ਕਾਨੂੰਨ ਹੈ, ਜਿਹੜਾ ਚੁਣੀ ਹੋਈ ਸਰਕਾਰ ਨੂੰ ਆਪਣੇ ਹੀ ਲੋਕਾਂ 'ਤੇ ਉਨ੍ਹਾਂ ਦੇ ਰੁਪਏ ਨੂੰ ਇਸਤੇਮਾਲ ਕਰਨ ਦੀ ਰੋਕ ਲਗਾਉਣ ਦੀ ਇਜ਼ਾਜਤ ਦਿੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨੋਟਬੰਦੀ ਤੋਂ ਬਾਅਦ ਹਾਲਾਤ ਲਗਾਤਾਰ ਬਿਗੜਦੇ ਜਾ ਰਹੇ ਹਨ, ਜਿਸ ਕਾਰਨ ਦੇਸ਼ 'ਚ ਵਿੱਤੀ ਅਰਾਜਕਤਾ ਤੇ ਅਵਿਵਸਥਾ ਤੋਂ ਇਲਾਵਾ, ਬੇਹੱਦ ਸਮਾਜਿਕ ਪ੍ਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ।
ਉਨ੍ਹਾਂ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਲੋਕਾਂ ਨੂੰ ਰੇਲ ਯਾਤਰਾ, ਬੀਮ ਆਦਿ ਉਪਰ ਕੁਝ ਪੈਸਿਆਂ ਦੀ ਛੋਟ ਨਹੀਂ ਚਾਹੀਦੀ ਹੈ; ਸਗੋਂ ਉਨ੍ਹਾਂ ਨੂੰ ਆਪਣੇ ਤੇ ਆਪਣੇ ਪਰਿਵਾਰਾਂ ਲਈ ਖਾਣਾ ਚਾਹੀਦਾ ਹੈ, ਉਨ੍ਹਾਂ ਨੂੰ ਜੀਉਣ ਖਾਤਿਰ ਰੁਪਏ ਚਾਹੀਦੇ ਹਨ। ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਸਰਕਾਰ ਨੇ ਹਾਲਾਤਾਂ ਨੂੰ ਸੰਭਾਲਣ ਲਈ ਤੁਰੰਤ ਕਦਮ ਨਾ ਚੁੱਕੇ, ਤਾਂ ਇਸਦੇ ਗੰਭੀਰ ਨਤੀਜ਼ੇ ਸਾਹਮਣੇ ਆ ਸਕਦੇ ਹਨ।