ਅੰਮ੍ਰਿਤਸਰ, 30 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੋਟਬੰਦੀ ਦੇ 50 ਦਿਨ ਪੂਰੇ ਹੋਣ ਉਤੇ ਕਿਹਾ ਕਿ ਦੁਨੀਆ ਭਰ ਦੇ ਮਹਿਰਾਂ ਨੇ ਨੋਟਬੰਦੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਨੋਟਬੰਦੀ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਸੈਂਕੜੇ ਲੋਕਾਂ ਨੂੰ ਲੰਬੀਆਂ-ਲੰਬੀਆਂ ਲਾਇਨਾਂ ਵਿੱਚ ਖੜ ਕੇ ਆਪਣੀ ਜਾਨ ਗੁਆਉਣੀ ਪਈ। ਉਨਾਂ ਕਿਹਾ ਕਿ ਨੋਟਬੰਦੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਨੋਟਬੰਦੀ ਦੇ ਫੈਸਲੇ ਨੂੰ ਹਾਲੇ ਵੀ ਵਾਪਿਸ ਲਿਆ ਜਾ ਸਕਦਾ ਹੈ, ਨਹੀਂ ਤਾਂ ਭਵਿੱਖ ਵਿੱਚ ਇਸਦੇ ਗੰਭੀਰ ਸਿੱਟੇ ਨਿਕਲਣਗੇ।
ਇਸ ਤੋਂ ਇਲਾਵਾ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਤੇ ਵਪਾਰਿਕ ਘਰਾਣਿਆਂ ਤੋਂ ਰਿਸ਼ਵਤ ਲੈਣ ਦੇ ਵੀ ਆਰੋਪ ਲਗਾਏ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਾਰਾ ਗਰੁੱਪ ਕੋਲੋਂ 40 ਕਰੋੜ 10 ਲੱਖ ਰੁਪਏ ਦੀ ਰਿਸ਼ਵਤ ਲਈ ਹੈ ਅਤੇ ਬਿੜਲਾ ਗਰੁੱਪ ਤੋਂ 25 ਲੱਖ ਰੁਪਏ ਦੀ ਰਿਸ਼ਵਤ ਲਈ ਹੈ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਨਾਂ ਵੱਲੋਂ ਕਾਲਾ ਧਨ ਬਾਹਰ ਕੱਢੇ ਜਾਣ ਦੀ ਗੱਲ ਤਾਂ ਵਾਰ-ਵਾਰ ਕੀਤੀ ਜਾਂਦੀ ਹੈ, ਪਰ ਭ੍ਰਿਸ਼ਟਾਚਾਰ ਰਾਹੀਂ ਇਕੱਠੇ ਕੀਤੇ ਪੈਸੇ ਬਾਰੇ ਉਹ ਖੁਦ ਕਦੋਂ ਜਾਣਕਾਰੀ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਵਿਜੇ ਮਾਲਿਆ ਨੂੰ ਭਜਾਉਣ ਮਗਰੋਂ ਜੋ ਉਸਦੇ 1200 ਕਰੋੜ ਰੁਪਏ ਮਾਫ ਕੀਤੇ ਗਏ ਹਨ, ਉਸ ਤੋਂ ਸਾਬਿਤ ਹੰਦਾ ਹੈ ਕਿ ਪ੍ਰਧਾਨ ਮੰਤਰੀ ਨੇ ਪੈਸਾ ਖਾਇਆ ਹੈ। ਉਨਾਂ ਕਿਹਾ ਕਿ ਵੱਡੀਆਂ ਕੰਪਨੀਆਂ ਦਾ ਇੱਕ ਲੱਖ ਚੌਦਾਂ ਹਜਾਰ ਰੁਪਏ ਦਾ ਜੋ ਕਰਜਾ ਪ੍ਰਧਾਨ ਮੰਤਰੀ ਮੋਦੀ ਨੇ ਮਾਫ ਕੀਤਾ ਹੈ, ਉਹ ਵੀ ਬਿਨਾਂ ਪੈਸੇ ਖਾਧਿਆਂ ਮਾਫ ਨਹੀਂ ਕੀਤਾ ਗਿਆ। ਇਸਦੇ ਨਾਲ ਹੀ ਕੇਜਰੀਵਾਲ ਨੇ ਨੋਟਬੰਦੀ ਨੂੰ 8 ਲੱਖ ਕਰੋੜ ਰੁਪਏ ਦਾ ਘੋਟਾਲਾ ਦੱਸਿਆ।