ਨਵੀਂ ਦਿੱਲੀ, 11 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਹੈ ਕਿ ਨੋਟਬੰਦੀ ਕਾਰਨ ਹੋਈਆਂ ਮੌਤਾਂ ਦੇ ਮਾਮਲੇ 'ਚ ਪਾਰਟੀ ਅਦਾਲਤ ਜਾਵੇਗੀ। ਜਿਨ੍ਹਾਂ ਨੇ ਉਕਤ ਮੁੱਦੇ ਉਪਰ 16 ਦਸੰਬਰ ਨੂੰ ਉਦਯੋਗਾਂ ਦੀ ਪ੍ਰਸਤਾਵਿਤ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ ਹੈ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ, ਕੈਪਟਨ ਅਮਰਿੰਦਰ ਨੇ ਕਿਹਾ ਕਿ 86 ਪ੍ਰਤੀਸ਼ਤ ਰੁਪਇਆ ਬਜ਼ਾਰ ਤੋਂ ਨਿਕਲ ਚੁੱਕਾ ਹੈ ਅਤੇ ਪੰਜਾਬ ਸਮੇਤ ਦੇਸ਼ ਭਰ ਅੰਦਰ ਨੋਟਬੰਦੀ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦੇ ਭਾਰ ਹੇਠ ਭਾਰਤ ਦੀ ਅਰਥ ਵਿਵਸਥਾ ਢਹਿ ਰਹੀ ਹੈ। ਇਸ ਦੌਰਾਨ ਨਗਦੀ ਦੀ ਭਾਰੀ ਤੰਗੀ ਕਾਰਨ ਕਤਾਰਾਂ 'ਚ ਖੜ੍ਹੇ ਕਰੀਬ 100 ਲੋਕ ਆਪਣੀਆਂ ਜਿੰਦਗੀਆਂ ਖੋਹ ਚੁੱਕੇ ਹਨ, ਜਦਕਿ ਹਜ਼ਾਰਾਂ ਹਾਲੇ ਵੀ ਇਸ ਦਰਦ ਨੂੰ ਝੇਲ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ਉਕਤ ਮੁੱਦੇ ਨੂੰ ਲੈ ਕੇ ਅਦਾਲਤ ਦਾ ਦਰਵਾਜਾ ਖੜਕਾਏਗੀ।
ਇਸ ਮੌਕੇ, ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ਿਅਲ ਅੰਡਰਟੇਕਿੰਗ (ਸੀ.ਆਈ.ਸੀ.ਯੂ), ਲੁਧਿਆਣਾ ਦਾ ਪੂਰਾ ਸਮਰਥਨ ਪ੍ਰਗਟਾਉਂਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸਰਕਾਰ ਦੀ ਉਦਯੋਗ ਵਿਰੋਧੀ ਨੀਤੀਆਂ ਕਾਰਨ ਪਹਿਲਾਂ ਤੋਂ ਮੰਦੀ ਦਾ ਦੌਰ ਝੇਲ ਰਹੇ ਸੂਬੇ ਦੇ ਉਦਯੋਗ, ਨੋਟਬੰਦੀ ਦੇ ਪ੍ਰਭਾਵ ਕਾਰਨ ਤਬਾਹ ਹੋ ਚੁੱਕੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੋਦੀ ਸਰਕਾਰ ਦਾ ਗੈਰ ਸੰਗਠਿਤ ਨੋਟਬੰਦੀ ਦਾ ਕਦਮ ਇਕ ਅਪਰਾਧਿਕ ਗਤੀਵਿਧੀ, ਜਿਸਨੇ ਨਾ ਸਿਰਫ ਕਈ ਜ਼ਿੰਦਗੀਆਂ ਦਾ ਦਰਦਨਾਕ ਖਾਤਮਾ ਕਰ ਦਿੱਤਾ ਹੈ, ਸਗੋਂ ਹਜ਼ਾਰਾਂ ਦੀ ਗਿਣਤੀ 'ਚ ਠੇਕੇ ਉਪਰ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਉਦਯੋਗਿਕ ਮਜ਼ਦੂਰਾਂ ਨੂੰ ਬੇਰੁਜ਼ਗਾਰ ਬਣਾ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੀ.ਐਸ.ਸੀ.ਯੂ ਵੱਲੋਂ ਹੜਤਾਲ ਦਾ ਸੱਦਾ ਨੋਟਬੰਦੀ ਖਿਲਾਫ ਕੌਮੀ ਪੱਧਰੀ ਉਦਯੋਗ ਬੰਦੀ ਦੇ ਸੱਦੇ ਦਾ ਹਿੱਸਾ ਹੈ, ਜਿਹੜੇ ਉਦਯੋਗਾਂ ਦੀ ਬੁਰੀ ਹਾਲਤ ਨੂੰ ਸਾਹਮਣੇ ਲਿਆਉਣ ਦੀ ਦਿਸ਼ਾ 'ਚ ਇਕ ਛੋਟਾ ਜਿਹਾ ਕਦਮ ਹੈ। ਜਿਨ੍ਹਾਂ ਹਾਲਾਤਾਂ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਅੱਖਾਂ ਬੰਦ ਕਰ ਚੁੱਕੇ ਪ੍ਰਤੀਤ ਹੁੰਦੇ ਹਨ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਬੀਤੇ ਇਕ ਮਹੀਨੇ ਦੌਰਾਨ ਉਦਯੋਗਾਂ ਦੇ ਹਜ਼ਾਰਾਂ ਮਜ਼ਦੂਰਾਂ ਦਾ ਕੰਮ ਛੁੱਟ ਚੁੱਕਾ ਹੈ ਅਤੇ ਜਿਹੜੇ ਹਾਲੇ ਵੀ ਨੌਕਰੀਆਂ ਕਰ ਰਹੇ ਹਨ, ਉਨ੍ਹਾਂ ਨੂੰ ਤਨਖਾਹਾਂ ਨਹੀਂ ਮਿੱਲ ਰਹੀਆਂ। ਇਨ੍ਹਾਂ ਹਾਲਾਤਾਂ 'ਚ ਉਨ੍ਹਾਂ ਕੁਝ ਯੂਨਿਟਾਂ ਦੀ ਹਾਲਤ ਵੀ ਚਿੰਤਾਜਨਕ ਬਣ ਚੁੱਕੀ ਹੈ, ਜਿਹੜੇ ਬਾਦਲ ਸਰਕਾਰ ਦੀਆਂ ਉਦਯੋਗ ਵਿਰੋਧੀ ਨੀਤੀਆਂ ਦੇ ਬਾਵਜੂਦ ਪੰਜਾਬ ਛੱਡ ਕੇ ਨਹੀਂ ਗਏ ਸਨ। ਲੇਕਿਨ ਨੋਟਬੰਦੀ ਦੇ ਬੁਰੇ ਪ੍ਰਭਾਵ ਹੇਠ ਉਹ ਉਦਯੋਗ ਹੁਣ ਬੰਦ ਹੋ ਰਹੇ ਹਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਦਯੋਗ ਨਗਦੀ ਸੰਕਟ 'ਚ ਕੱਚੇ ਮਾਲੇ ਦੀਆਂ ਕੀਮਤਾਂ 'ਚ ਭਾਰੀ ਉਛਾਲ ਦਾ ਸਾਹਮਣਾ ਕਰ ਰਹੇ ਹਨ ਅਤੇ ਕਰੰਸੀ ਦੀ ਘਾਟ ਕਾਰਨ ਉਨ੍ਹਾਂ ਦੀ ਖ੍ਰੀਦਣ ਦੀ ਸ਼ਮਤਾ ਵੀ ਘੱਟ ਹੋਈ ਹੈ। ਜਿਨ੍ਹਾਂ ਉਦਯੋਗਾਂ ਨੂੰ ਇਨਕਮ ਟੈਕਸ ਅਫਸਰਾਂ ਵੱਲੋਂ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਸੱਤਾ 'ਚ ਵਾਪਿਸ ਆਉਣ ਤੋਂ ਬਾਅਦ, ਬੀਤੇ 10 ਸਾਲਾਂ ਦੇ ਬਾਦਲ ਸ਼ਾਸਨ ਅਧੀਨ ਭਾਰੀ ਗਿਰਾਵਟ ਦਾ ਸਾਹਮਣਾ ਕਰਨ ਵਾਲੇ ਉਦਯੋਗਾਂ ਨੂੰ ਮੁੜ ਪੱਟੜੀ 'ਤੇ ਲਿਆਉਣ ਲਈ ਵਚਨਬੱਧ ਹੈ। ਲੇਕਿਨ, ਮੌਜ਼ੂਦਾ ਹਾਲਾਤਾਂ 'ਚ ਨੋਟਬੰਦੀ ਦੇ ਪ੍ਰਭਾਵ ਕਾਰਨ ਸੂਬੇ ਦੇ ਉਦਯੋਗਿਕ ਢਾਂਚੇ ਦੀ ਪੂਰੀ ਤਰ੍ਹਾਂ ਤਬਾਹੀ ਦਾ ਖਤਰਾ ਪੈਦਾ ਹੋ ਚੁੱਕਾ ਹੈ, ਜਿਹੜਾ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾ ਸਕਦਾ। ਅਜਿਹੇ 'ਚ ਉਦਯੋਗਾਂ ਨੂੰ ਨੋਟਬੰਦੀ ਕਾਰਨ ਪੈਦਾ ਹੋਈਆਂ ਦਿਕੱਤਾਂ ਤੋਂ ਬਾਹਰ ਕੱਢਣ 'ਚ ਸਹਾਇਤਾ ਦੇਣ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।