ਵਿੱਤ ਰਾਜ ਮੰਤਰੀ ਅਰਜੁਨ ਰਾਮ ਮੇਗਵਾਲ
ਨਵੀਂ ਦਿੱਲੀ, 10 ਦਸੰਬਰ, 2016 : ਮੋਦੀ ਸਰਕਾਰ 8 ਨਵੰਬਰ ਦੇ ਬਾਅਦ ਲਗਭਗ ਹਰ ਰੋਜ਼ ਕੋਈ ਨਾ ਕੋਈ ਵੱਡਾ ਐਲਾਨ ਕਰ ਰਹੀ ਹੈ। ਸ਼ੁੱਕਰਵਾਰ ਨੂੰ ਸੰਸਦ 'ਚ ਦੱਸਿਆ ਗਿਆ ਕਿ ਸਰਕਾਰ ਨੇ ਪਲਾਸਟਿਕ ਦੇ ਕਰੰਸੀ ਨੋਟ ਛਾਪਣ ਦਾ ਫੈਸਲਾ ਕੀਤਾ ਹੈ ਅਤੇ ਇਸ ਲਈ ਜ਼ਰੂਰੀ ਕੱਚੇ ਮਾਲ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਵਿੱਤ ਰਾਜ ਮੰਤਰੀ ਅਰਜੁਨ ਰਾਮ ਮੇਗਵਾਲ ਨੇ ਲੋਕ ਸਭਾ 'ਚ ਇਕ ਲਿਖਤੀ ਜਵਾਬ 'ਚ ਦੱਸਿਆ ਕਿ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਹੁਣ ਪਲਾਸਟਿਕ ਆਧਾਰਿਤ ਬੈਂਕ ਨੋਟ ਛਾਪੇ ਜਾਣਗੇ। ਇਸ ਲਈ ਜ਼ਰੂਰੀ ਕੱਚੇ ਮਾਲ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ।
ਦਰਅਸਲ, ਰਿਜ਼ਰਵ ਬੈਂਕ ਫੀਲਡ ਪ੍ਰੀਖਣ ਦੇ ਬਾਅਦ ਲੰਬੇ ਸਮੇਂ ਤੋਂ ਪਲਾਸਟਿਕ ਕਰੰਸੀ ਦੇ ਨੋਟ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਫਰਵਰੀ 2014 'ਚ ਸਰਕਾਰ ਨੇ ਕਿਹਾ ਸੀ ਕਿ 10 ਰੁਪਏ ਦੇ 1 ਅਰਬ ਪਲਾਸਟਿਕ ਨੋਟਾਂ ਨੂੰ ਫੀਲਡ ਟ੍ਰਾਇਲ ਲਈ ਪੰਜ ਸ਼ਹਿਰਾਂ 'ਚ ਚਲਾਇਆ ਜਾਵੇਗਾ। ਇਨ੍ਹਾਂ ਸ਼ਹਿਰਾਂ ਦੀ ਚੋਣ ਉਨ੍ਹਾਂ ਦੇ ਭੋਗੂਲਿਕ ਅਤੇ ਜਲਵਾਯੂ ਵਿਭੰਨਤਾ ਦੇ ਆਧਾਰ 'ਤੇ ਕੀਤੀ ਜਾਵੇਗੀ। ਇਹ ਚੁਣੇ ਗਏ ਸ਼ਹਿਰ ਸਨ ਕੋਚੀ, ਮੈਸੂਰ, ਜੈਪੁਰ, ਸ਼ਿਮਲਾ ਅਤੇ ਭੁਵਨੇਸ਼ਵਰ। ਮੇਗਵਾਲ ਨੇ ਕਿਹਾ ਕਿ ਪਲਾਸਿਟਕ ਤੋਂ ਤਿਆਰ ਨੋਟ, ਪੇਪਰ ਨੋਟ ਦੀ ਤੁਲਨਾ 'ਚ ਜ਼ਿਆਦਾ ਵਧੀਆ ਹੁੰਦੇ ਹਨ। ਇਸ ਤਰ੍ਹਾਂ ਦੇ ਨੋਟ ਨਕਲੀ ਕਰੰਸੀ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਆਸਟ੍ਰੇਲੀਆ 'ਚ ਲਾਂਚ ਕੀਤੇ ਗਏ ਸਨ।