← ਪਿਛੇ ਪਰਤੋ
ਨਵੀਂ ਦਿੱਲੀ, 9 ਦਸੰਬਰ, 2016 : ਆਮਦਨ ਕਰ ਵਿਭਾਗ ਨੇ ਚਾਂਦਨੀ ਚੌਂਕ ਸਥਿਤ ਐਕਸਿਸ ਬੈਂਕ ਦੀ ਸ਼ਾਖਾ 'ਚ ਛਾਪੇਮਾਰੀ ਦੌਰਾਨ ਫ਼ਰਜ਼ੀ ਖਾਤਿਆਂ ਦਾ ਪਤਾ ਲਗਾਇਆ ਹੈ ਜਿਨ੍ਹਾਂ 'ਚ ਬੈਂਕ ਅਧਿਕਾਰੀਆਂ ਨੇ 70 ਕਰੋੜ ਰੁਪਏ ਜਮ੍ਹਾ ਕਰਵਾਏ ਸਨ। ਅਧਿਕਾਰੀਆਂ ਨੇ ਪਾਇਆ ਹੈ ਕਿ ਇਸ ਬਰਾਂਚ 'ਚ 8 ਨਵੰਬਰ ਦੇ ਬਾਅਦ ਤੋਂ 450 ਕਰੋੜ ਰੁਪਏ ਜਮ੍ਹਾ ਕਰਵਾਏ ਗਏ ਹਨ। ਆਮਦਨ ਟੈਕਸ ਅਧਿਕਾਰੀਆਂ ਨੂੰ ਇਸ 'ਚ ਵੱਡੀ ਗੜਬੜੀ ਦਾ ਸ਼ੱਕ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਐਕਸਿਸ ਬੈਂਕ ਦੀ ਕਸ਼ਮੀਰੀ ਗਰੇਟ ਬਰਾਂਚ ਵੀ ਰਾਡਾਰ 'ਤੇ ਸੀ। ਉੱਥੇ ਵੀ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਹੀ ਐਕਸਿਸ ਬੈਂਕ ਨੇ ਨੋਟਬੰਦੀ ਤੋਂ ਬਾਅਦ ਗੈਰ-ਕਾਨੂੰਨੀ ਗਤੀਵਿਧੀਆਂ 'ਚ ਦੋਸ਼ੀ ਪਾਏ ਗਏ ਆਪਣੇ 19 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਹੈ। ਕਾਲਾ ਧਨ ਸਫੇਦ ਕਰਨ ਦੇ ਮਾਮਲੇ 'ਚ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਆਪਣੇ 2 ਪ੍ਰਬੰਧਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਐਕਸਿਸ ਬੈਂਕ ਨੇ ਫੋਰੈਂਸਿਕ ਆਡਿਟ ਲਈ ਕੇ.ਪੀ.ਐੱਮ.ਜੀ. ਦੀ ਵੀ ਨਿਯੁਕਤੀ ਕੀਤੀ ਹੈ। ਇਹ ਸੰਸਥਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪ੍ਰਣਾਲੀ ਨੂੰ ਚੁਸਤ ਬਣਾਉਣ ਦੇ ਉਪਾਅ ਸੁਝਾਏਗੀ। ਐਕਸਿਸ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਰਾਜੇਸ਼ ਦਹੀਆ ਅਨੁਸਾਰ, ਬੈਂਕ ਨੇ 19 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਹੈ। ਇਨ੍ਹਾਂ 'ਚੋਂ 6 ਕਸ਼ਮੀਰੀ ਗੇਟ ਬਰਾਂਚ ਦੇ ਅਧਿਕਾਰੀ ਹਨ। ਰਾਜੇਸ਼ ਦਹੀਆ ਅਨੁਸਾਰ ਨੋਟਬੰਦੀ ਦੇ ਬਾਅਦ ਤੋਂ ਬੈਂਕ ਆਪਣੀ ਪ੍ਰਕਿਰਿਆਵਾਂ ਨੂੰ ਕਾਨੂੰਨ ਅਨੁਸਾਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਕੁੱਲ 125 ਸੀਨੀਅਰ ਪੱਧਰ ਦੇ ਅਧਿਕਾਰੀ ਦੇਸ਼ ਭਰ 'ਚ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੇ ਹਨ।
Total Responses : 265