ਅੰਮ੍ਰਿਤਸਰ, 19 ਨਵੰਬਰ, 2016 : ਪੰਜਾਬ ਕਾਂਗਰਸ ਨੇ ਐਸ.ਜੀ.ਪੀ.ਸੀ. ਵੱਲੌਂ ਆਪਣੀ ਬੰਦ ਹੋ ਚੁੱਕੀ ਕਰੰਸੀ ਨੂੰ ਬਦਲਵਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਤੋਂ ਵਾਧੂ ਸਮਾਂ ਮੰਗਣ 'ਤੇ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਹੈ ਕਿ ਇਹ ਕਦਮ ਸਪੱਸ਼ਟ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ਾਂ ਨੂੰ ਸਾਬਤ ਕਰਦਾ ਹੈ ਕਿ ਸੱਤਾਧਾਰੀ ਅਕਾਲੀ ਦਲ ਆਪਣੇ ਕੰਟਰੋਲ 'ਚ ਚੱਲਣ ਵਾਲੀ ਧਾਰਮਿਕ ਸੰਸਥਾ ਤੇ ਗੁਰਦੁਆਰਾ ਸਾਹਿਬਾਂ ਦਾ ਇਸਤੇਮਾਲ ਆਪਣੇ ਕਾਲੇ ਧੰਨ ਨੂੰ ਸਫੈਦ 'ਚ ਤਬਦੀਲ ਕਰਨ ਵਾਸਤੇ ਕਰ ਰਿਹਾ ਹੈ।
ਇਥੇ ਜ਼ਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਦੇ ਆਗੂਆਂ ਲਾਲੀ ਸੁਖਜਿੰਦਰ ਸਿੰਘ ਮਜੀਠੀਆ, ਗੁਰਜੀਤ ਸਿੰਘ ਓਜਲਾ ਤੇ ਹਰਪ੍ਰੀਤ ਸਿੰਘ ਅਜਨਾਲਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੋਟਬੰਦੀ ਆਦੇਸ਼ ਜ਼ਾਰੀ ਹੋਣ ਤੋਂ ਪਹਿਲਾਂ ਪ੍ਰਾਪਤ ਹੋਏ ਦਾਨ ਦੇ ਪੁਰਾਣੇ ਨੋਟਾਂ ਨੂੰ ਬਦਲਵਾਉਣ ਲਈ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਨੂੰ ਲਿੱਖ ਕੇ ਆਪਣਾ ਭਾਂਡਾਫੋੜ ਕਰ ਲਿਆ ਹੈ।
ਐਸ.ਜੀ.ਪੀ.ਸੀ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਸਨੂੰ ਮਿਲੇ ਤਾਜ਼ਾ ਦਾਨ 'ਚ ਇਕ ਚੰਡੀਗੜ੍ਹ ਨਾਲ ਸਬੰਧਤ ਸਿੱਖ ਸ਼ੁਰਧਾਲੂ ਵੱਲੋਂ ਲੰਗਰ ਆਦਿ ਲਈ 90 ਲੱਖ ਰੁਪਏ ਦੇ ਬੰਦ ਹੋ ਚੁੱਕੇ ਨੋਟ ਦਿੱਤੇ ਗਏ ਹਨ। ਬਾਵਜੂਦ ਇਸਦੇ ਕਿ ਐਸ.ਜੀ.ਪੀ.ਸੀ ਨੇ ਨਗਦੀ ਨੂੰ ਸ਼ਰਧਾਲੂ ਨੂੰ ਵਾਪਸ ਕਰਨ ਦਾ ਦਾਅਵਾ ਕੀਤਾ ਹੈ, ਸੰਭਾਵਨਾ ਹੈ ਕਿ ਉਸ 'ਚ 100 ਰੁਪਏ ਦੇ ਨੋਟ ਹੋਣਗੇ ਅਤੇ ਅਜਿਹੇ 'ਚ ਵੱਡੀ ਗਿਣਤੀ 'ਚ ਪੁਰਾਣੀ ਕਰੰਸੀ ਸੂਬੇ ਭਰ ਦੇ ਗੁਰਦੁਆਰਾ ਸਾਹਿਬਾਂ 'ਚ ਪਹੁੰਚ ਰਹੀ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਐਸ.ਜੀ.ਪੀ.ਸੀ. ਬਾਦਲ ਦੀ ਅਗੁਵਾਈ 'ਚ ਅਕਾਲੀਆਂ ਵੱਲੋਂ ਸਿੱਧੇ ਤੌਰ 'ਤੇ ਕੰਟਰੋਲ ਕੀਤੀ ਜਾਂਦੀ ਹੈ। ਇਸਦਾ ਕੋਈ ਵੇਰਵਾ ਨਹੀਂ ਹੈ ਕਿ ਅਕਾਲੀਆਂ ਦਾ ਕਿੰਨਾ ਕਾਲਾ ਧੰਨ ਐਸ.ਜੀ.ਪੀ.ਸੀ ਵੱਲੋਂ ਪੰਜਾਬ ਭਰ 'ਚ ਚਲਾਏ ਜਾ ਰਹੇ ਗੁਰਦੁਆਰਿਆਂ ਰਾਹੀਂ 100 ਰੁਪਇਆਂ 'ਚ ਬਦਲਿਆ ਜਾ ਚੁੱਕਾ ਹੈ।
ਅਖ਼ਬਾਰਾਂ 'ਚ ਛੱਪੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਅਕਾਲੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਭਾਰਤੀ ਜਨਤਾ ਪਾਰਟੀ ਅਤੇ ਇਥੋਂ ਤੱਕ ਕਿ ਉਨ੍ਹਾਂ ਦੇ ਸਮਰਥਕਾਂ ਵੱਲੋਂ ਗੁਰਦੁਆਰਾ ਸਾਹਿਬਾਂ ਦੀ ਦੁਰਵਰਤੋਂ ਹੋ ਰਹੀ ਹੈ, ਤਾਂ ਜੋ ਉਹ ਨੋਟਬੰਦੀ ਕਾਰਨ ਪੈਦਾ ਹੋਏ ਸੰਕਟ ਤੋਂ ਬੱਚ ਕੇ ਨਿਕਲ ਸਕਣ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਅਸਲਿਅਤ 'ਚ ਐਸ.ਜੀ.ਪੀ.ਸੀ ਦਾ 90 ਲੱਖ ਰੁਪਏ ਦੇ ਦਾਨ ਨੂੰ ਪੁਰਾਣੇ ਨੋਟਾਂ 'ਚ ਮੋੜਨ ਦਾ ਫੈਸਲਾ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ 'ਚ ਦਬਾਅ ਬਣਾਏ ਜਾਣ ਤੋਂ ਬਾਅਦ ਆਇਆ ਹੈ। ਜਿਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਬਾਦਲਾਂ ਨੂੰ ਨੋਟਬੰਦੀ ਦੇ ਮੁੱਦੇ ਦੀ ਇਸ ਲਈ ਚਿੰਤਾ ਨਹੀਂ ਹੈ, ਕਿਉਂਕਿ ਇਨ੍ਹਾਂ ਕੋਲ ਨਾ ਸਿਰਫ ਕਈ ਹੋਟਲ ਤੇ ਟਰਾਂਸਪੋਰਟ ਦਾ ਬਿਜਨੇਸ ਹੈ, ਬਲਕਿ ਇਨ੍ਹਾਂ ਦਾ ਐਸ.ਜੀ.ਪੀ.ਸੀ ਦੇ ਗੁਰਦੁਆਰਾ ਸਾਹਿਬਾਂ 'ਤੇ ਵੀ ਕੰਟਰੋਲ ਹੈ, ਜਿਨ੍ਹਾਂ ਦਾ ਇਹ ਪੁਰਾਣੀ ਕਰੰਸੀ ਨੂੰ ਬਦਲਣ ਲਈ ਇਸਤੇਮਾਲ ਕਰ ਰਹੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਐਸ.ਜੀ.ਪੀ.ਸੀ. ਨੁੰ 500 ਤੇ 1000 ਰੁਪਏ ਦੇ ਨੋਟਾਂ 'ਚ ਇੰਨੇ ਵੱਡੇ ਦਾਨਾਂ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਜਿਹੜੇ ਸਰਕਾਰ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਕੀਤੇ ਗਏ ਹਨ। ਉਨ੍ਹਾਂ ਨੇ ਵਿੱਤ ਮੰਤਰੀ ਨੂੰ ਵੀ ਐਸ.ਜੀ.ਪੀ.ਸੀ ਵੱਲੋਂ ਨੋਟਬੰਦੀ ਦੇ ਕਾਰਨ ਮੰਗੇ ਵਾਧੂ ਸਮੇਂ ਨੂੰ ਸਵੀਕਾਰ ਨਾ ਕਰਨ ਲਈ ਕਿਹਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਅਕਾਲੀਆਂ ਨੂੰ ਆਪਣੇ ਕਾਲੇ ਧੰਨ ਨੂੰ ਸਫੈਦ 'ਚ ਤਬਦੀਲ ਕਰਨ ਲਈ ਜ਼ਿਆਦਾ ਵਕਤ ਮਿਲੇਗਾ।