ਨਵੀਂ ਦਿੱਲੀ, 21 ਨਵੰਬਰ, 2016 : ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ 1000 ਅਤੇ 500 ਰੁਪਏ ਦੇ ਪੁਰਾਣੇ ਨੋਟਾਂ ਨਾਲ ਬੀਜ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਮੰਤਰਾਲੇ ਨੇ ਇਕ ਪ੍ਰੈੱਸ ਬਿਆਨ 'ਚ ਦੱਸਿਆ ਕਿ ਰਬੀ ਫਸਲਾਂ ਦੀ ਬੀਜਾਈ ਲਈ ਕਿਸਾਨਾਂ ਨੂੰ ਇਹ ਰਾਹਤ ਦਿੱਤੀ ਗਈ ਹੈ। ਉਹ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ, ਜਨਤਕ ਕੰਪਨੀਆਂ, ਰਾਸ਼ਟਰੀ ਅਤੇ ਸਰਕਾਰੀ ਬੀਜ ਨਿਗਮਾਂ, ਕੇਂਦਰ ਜਾਂ ਰਾਜ ਸਰਕਾਰਾਂ ਦੀਆਂ ਖੇਤੀ ਯੂਨੀਵਰਸਿਟੀਆਂ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਕੇਂਦਰਾਂ, ਇਕਾਈਆਂ ਜਾਂ ਆਊਟਲੇਟਾਂ 'ਤੇ ਆਪਣਾ ਪਛਾਣ ਪੱਤਰ ਦਿਖਾ ਕੇ ਬੀਜ ਖਰੀਦ ਸਕਣਗੇ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਕਾਲਾ ਧਨ ਅਤੇ ਨਕਲੀ ਨੋਟਾਂ ਦੇ ਧੰਦੇ ਦੇ ਖਿਲਾਫ ਕਾਰਵਾਈ ਦੇ ਅਧੀਨ 8 ਨਵੰਬਰ ਦੀ ਰਾਤ ਤੋਂ ਇਕ ਹਜ਼ਾਰ ਰੁਪਏ ਅਤੇ 500 ਰੁਪਏ ਦੇ ਪੁਰਾਣੇ ਨੋਟਾਂ 'ਤੇ ਬੈਨ ਲਾ ਦਿੱਤਾ ਸੀ। ਹਾਲਾਂਕਿ ਇਹ ਨੋਟ 30 ਦਸੰਬਰ ਤੱਕ ਬੈਂਕਾਂ ਅਤੇ ਡਾਕ ਘਰਾਂ 'ਚ ਜਮਾ ਕਰਵਾਏ ਜਾ ਸਕਣਗੇ।