ਟਾਂਗਰਾ (ਅੰਮ੍ਰਿਤਸਰ), 9 ਦਸੰਬਰ, 2016 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਨੇ ਆਪਸੀ ਸਹਿਮਤੀ ਨਾਲ ਮੈਦਾਨ ਚ ਉਮੀਦਵਾਰ ਐਲਾਨ ਕੇ ਗੁਪਤ ਏਜੰਡਾ ਤਿਆਰ ਕਰ ਲਿਆ ਹੈ। 6 ਦਿਨਾਂ ਪੰਜਾਬ ਦੌਰੇ ਦੇ ਪਹਿਲੇ ਦਿਨ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਅਤਾ ਨੂੰ ਵੇਖਦਿਆਂ ਹੋਇਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਫਾਇਦਾ ਲੈਣ ਲਈ ਇੱਕ ਗੁਪਤ ਮੀਟਿੰਗ ਕੀਤੀ।
ਕੇਜਰੀਵਾਲ ਨੇ ਕਿਹਾ ਕਿ ਦੋਵੇਂ ਚੰਗੀ ਤਰਾਂ ਜਾਣਦੇ ਹਨ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਸੂਬੇ ਵਿੱਚ ਸਰਕਾਰ ਨਹੀਂ ਬਣਾ ਸਕਦੇ, ਇਸ ਕਰਕੇ ਉਨਾਂ ਵੱਲੋਂ ਆਪਸੀ ਸਹਿਮਤੀ ਨਾਲ ਉਮੀਦਵਾਰ ਖੜੇ ਕੀਤੇ ਜਾ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਬਹੁਤੇ ਅਕਾਲੀ ਇਸ ਲਈ ਕਾਂਗਰਸ ਵਿੱਚ ਜਾ ਰਹੇ ਹਨ, ਤਾਂ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਹੁਲਾਰਾ ਮਿਲ ਸਕੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਸੂਬਾ ਮੁਖੀ ਬਣਨ ਮਗਰੋਂ ਚੰਗੀ ਕਾਰਗੁਜਾਰੀ ਨਹੀਂ ਵਿਖਾ ਸਕੇ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਇਹ ਗੱਲ ਬਹੁਤ ਚੰਗੀ ਤਰਾਂ ਜਾਣਦੇ ਹਨ ਕਿ ਲੋਕਾਂ ਦੇ ਗੁੱਸੇ ਕਾਰਨ ਉਹ ਅਗਲੀ ਵਾਰ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕਦੇ। ਇੱਥੋਂ ਤੱਕ ਕਿ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਅੱਕੇ ਲੋਕ ਅਕਾਲੀਆਂ ਨੂੰ ਆਪਣੇ ਪਿੰਡਾਂ ਵਿੱਚ ਵੀ ਨਹੀਂ ਵੜਨ ਦੇਣਗੇ। ਇਸੇ ਕਰਕੇ ਸੁਖਬੀਰ ਅਤੇ ਕੈਪਟਨ ਨੇ ਇਹ ਵਿਚਾਰ ਬਣਾਇਆ ਹੈ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਆਪਸੀ ਸਹਿਮਤੀ ਨਾਲ ਉਮੀਦਵਾਰ ਖੜੇ ਕਰਕੇ ਹੀ ਲੜਨਗੇ।
ਕੇਜਰੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਕੈਪਟਨ ਵਿਚਲੇ ਗੁਪਤ ਸਮਝੌਤੇ ਦਾ ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਬਾਦਲ ਸਰਕਾਰ ਨੇ ਚੋਣਾਂ ਤੋਂ ਕੁੱਝ ਮਹੀਨਾਂ ਪਹਿਲਾਂ ਹੀ ਅਮਰਿੰਦਰ ਸਿੰਘ ਦੇ ਖਿਲਾਫ ਚੱਲ ਰਹੇ ਸਾਰੇ ਕੇਸ ਬੰਦ ਕਰ ਦਿੱਤੇ ਹਨ। ਕੇਜਰੀਵਾਲ ਨੇ ਲੋਕਾਂ ਤੋਂ ਪੁੱਛਿਆ ਕਿ ਸੁਖਬੀਰ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਕੌਣ ਰੋਕ ਰਿਹਾ ਹੈ, ਜਦੋਂ ਕਿ ਇਨਕਮ ਟੈਕਸ ਵਿਭਾਗ ਨੇ ਉਸ ਅਤੇ ਉਸਦੇ ਪਰਿਵਾਰ ਖਿਲਾਫ ਸਵਿੱਸ ਬੈਂਕ ਖਾਤਿਆਂ ਵਿੱਚ ਕਾਲਾ ਧਨ ਹੋਣ ਸਬੰਧੀ ਚਾਰਜਸ਼ੀਟ ਪੇਸ਼ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਇਸੇ ਤਰਾਂ ਹੀ ਜਦੋਂ ਕੇਂਦਰ ਵਿੱਚ 10 ਸਾਲਾਂ ਤੱਕ ਕਾਂਗਰਸ ਦੀ ਸਰਕਾਰ ਰਹੀ, ਤਾਂ ਉਨਾਂ ਨੇ ਕਦੇ ਵੀ ਕਰੋੜਾਂ ਰੁਪਏ ਦੀ ਨਸ਼ਾ ਤਸਕਰੀ ਦੇ ਕੇਸ ਵਿੱਚ ਬਿਕਰਮ ਸਿੰਘ ਮਜੀਠੀਆ ਖਿਲਾਫ ਕੋਈ ਕੇਸ ਦਰਜ ਨਾ ਕੀਤਾ ਅਤੇ ਇਸ ਦੌਰਾਨ ਅਮਰਿੰਦਰ ਸਿੰਘ ਨੇ ਮਜੀਠੀਆ ਖਿਲਾਫ ਸੀਬੀਆਈ ਜਾਂਚ ਦੀ ਮੰਗ ਨੂੰ ਨਕਾਰਦੇ ਹੋਏ ਉਸ ਦਾ ਬਚਾਅ ਕੀਤਾ ਸੀ। ਲੋਕਾਂ ਸਾਹਮਣੇ ਕਾਗਜ ਪੇਸ਼ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਸ ਕੋਲ ਅਮਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਦੇ ਸਵਿਸ ਬੈਂਕ ਖਾਤਿਆਂ ਦੇ ਨੰਬਰ ਹਨ, ਜਿਸ ਵਿੱਚ ਉਸਦੇ ਮੁੱਖ ਮੰਤਰੀ ਰਹਿੰਦਿਆਂ ਅਰਬਾਂ ਰੁਪਏ ਜਮਾਂ ਹੋਏ ਸਨ। ਕੇਜਰੀਵਾਲ ਨੇ ਪੁੱਛਿਆ ਕਿ ਜੇਕਰ ਉਸ ਦੁਆਰਾ ਨਸ਼ਰ ਕੀਤੇ ਬੈਂਕ ਖਾਤਿਆਂ ਦੇ ਨੰਬਰ ਗਲਤ ਹਨ ਤਾਂ ਹੁਣ ਤੱਕ ਕੈਪਟਨ ਨੇ ਉਨਾਂ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਿਓਂ ਨਹੀਂ ਕਰਵਾਇਆ? ਉਨਾਂ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਕਾਲੇ ਧਨ ਦੇ ਮਸਲੇ ਉਤੇ ਚੁੱਪ ਕਿਓਂ ਹਨ।
ਇਸ ਦੌਰਾਨ ਕੇਜਰੀਵਾਲ ਨੇ ਅਮਰਿੰਦਰ ਸਿੰਘ ਦੇ ਪਤਨੀ ਪ੍ਰਨੀਤ ਕੌਰ ਅਤੇ ਪੁੱਤਰ ਰਣਇੰਦਰ ਸਿੰਘ ਦੇ ਸਵਿਸ ਬੈਂਕ ਖਾਤਿਆਂ ਦੇ ਨੰਬਰ ਲੋਕਾਂ ਸਾਹਮਣੇ ਪੇਸ਼ ਕੀਤੇ। ਕੇਜਰੀਵਾਲ ਨੇ ਦੱਸਿਆ ਕਿ ਕੈਪਟਨ ਦੀ ਪਤਨੀ ਨੇ 26 ਜੁਲਾਈ 2005 ਨੂੰ ਸਵਿਸ ਬੈਂਕ ਵਿੱਚ ਖਾਤਾ ਖੁਲਵਾਇਆ ਸੀ, ਜਿਸਦਾ ਨੰਬਰ 509018445 ਹੈ। ਇਸੇ ਤਰਾਂ ਰਣਇੰਦਰ ਸਿੰਘ ਨੇ ਆਪਣਾ ਇੱਕ ਅਲਗ ਖਾਤਾ ਜਿਸਦਾ ਨੰਬਰ 5090184484 ਹੈ ਅਤੇ ਪਰਿਵਾਰ ਦੇ ਟਰਸਟ ਦੇ ਨਾਮ ਉਤੇ ਇੱਕ ਖਾਤਾ ਜਿਸ ਦਾ ਨੰਬਰ 5090284483 ਹੈ, ਵੀ ਖੋਲਿਆ ਗਿਆ।