ਨਵੀਂ ਦਿੱਲੀ, 4 ਜਨਵਰੀ, 2017 : ਕਈ ਬੈਂਕਾਂ ਨੇ ਭੁਗਤਾਨ ਲਈ ਡੈਬਿਟ ਕਾਰਡ ਦੀ ਵਰਤੋਂ 'ਤੇ ਲੈਣ-ਦੇਣ ਫੀਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਬੈਂਕਾਂ ਮੁਤਾਬਕ ਕੇਂਦਰ ਸਰਕਾਰ ਜਾਂ ਫਿਰ ਰਿਜ਼ਰਵ ਬੈਂਕ ਵੱਲੋਂ ਅਜੇ ਕੋਈ ਸਪੱਸ਼ਟ ਹਦਾਇਤਾਂ ਨਹੀਂ ਮਿਲੀਆਂ ਹਨ। ਹਾਲਾਂਕਿ ਸਿਟੀ ਬੈਂਕ ਵੱਲੋਂ ਹੁਣ ਵੀ ਛੋਟ ਦਿੱਤੀ ਜਾ ਰਹੀ ਹੈ। ਉਸ ਨੇ 7 ਜਨਵਰੀ ਤਕ ਇਸ ਛੋਟ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਰੇ ਬੈਂਕਾਂ ਨੂੰ 30 ਦਸੰਬਰ ਤਕ ਡੈਬਿਟ ਕਾਰਡ ਅਤੇ ਏ. ਟੀ. ਐੱਮ. ਟ੍ਰਾਂਜੈਕਸ਼ਨ (ਲੈਣ-ਦੇਣ) ਫੀਸ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸੀ।
ਸਿਟੀ ਬੈਂਕ ਦੇ ਬੁਲਾਰੇ ਨੇ ਕਿਹਾ, ''ਐੱਮ. ਡੀ. ਆਰ. ਚਾਰਜ 'ਚ ਛੋਟ ਨੂੰ 7 ਜਨਵਰੀ ਲਈ ਵਧਾ ਦਿੱਤਾ ਗਿਆ ਹੈ। ਇਸ ਦੇ ਬਾਅਦ ਫੈਸਲੇ ਦੀ ਸਮੀਖਿਆ ਕੀਤੀ ਜਾਵੇਗੀ।'' ਐੱਮ. ਡੀ. ਆਰ. ਫੀਸ ਉਹ ਚਾਰਜ ਹੁੰਦਾ ਹੈ, ਜਿਹੜਾ ਡੈਬਿਟ ਕਾਰਡ ਨਾਲ ਲੈਣ-ਦੇਣ 'ਤੇ ਕਾਰੋਬਾਰੀ ਵੱਲੋਂ ਸਰਕਾਰ ਨੂੰ ਦਿੱਤਾ ਜਾਂਦਾ ਹੈ। ਇਹੀ ਨਹੀਂ ਬੈਂਕਾਂ ਨੇ ਏ. ਟੀ. ਐੱਮ. 'ਚੋਂ ਤੈਅ ਨਿਕਾਸੀ ਦੀ ਹੱਦ ਖਤਮ ਹੋਣ ਦੇ ਬਾਅਦ ਲੈਣ-ਦੇਣ ਫੀਸ ਨੂੰ ਵੀ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕੁਝ ਸਰਕਾਰੀ ਬੈਂਕਾਂ ਜਿਵੇਂ ਕਿ ਬੈਂਕ ਆਫ ਇੰਡੀਆ ਨੇ ਇਸ ਏ. ਟੀ. ਐੱਮ. ਚਾਰਜ 'ਚ ਛੋਟ ਨੂੰ 31 ਮਾਰਚ 2017 ਤਕ ਲਈ ਵਧਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਦੀ ਹੱਦ ਨੂੰ 2,500 ਰੁਪਏ ਤੋਂ ਵਧਾ ਕੇ 4,500 ਰੁਪਏ ਕਰ ਦਿੱਤਾ ਹੈ ਪਰ ਏ. ਟੀ. ਐੱਮ. ਫੀਸ 'ਚ ਛੋਟ ਨੂੰ ਲੈ ਕੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।