ਨਵੀਂ ਦਿੱਲੀ, 22 ਨਵੰਬਰ, 2016 : ਸਰਕਾਰ ਨੂੰ ਟੈਕਸ ਤੋਂ ਸਿਰਫ 16 ਲੱਖ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਅਤੇ ਬਾਕੀ ਦੇ ਖਰਚਿਆਂ ਲਈ 4-5 ਲੱਖ ਕਰੋੜ ਰੁਪਏ ਉਧਾਰ ਲੈਣੇ ਪੈਂਦੇ ਹਨ। ਜੇਕਰ ਸਾਰੇ ਲੋਕ ਇਮਾਨਦਾਰੀ ਨਾਲ ਟੈਕਸ ਭਰਨ ਤਾਂ ਦੇਸ਼ ਨੂੰ ਚਲਾਉਣ ਲਈ 4-5 ਲੱਖ ਕਰੋੜ ਰੁਪਏ ਦਾ ਉਧਾਰ ਨਹੀਂ ਲੈਣਾ ਹੋਵੇਗਾ। ਨੋਟਬੰਦੀ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੋਲਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਨੋਟੰਬਦੀ ਕਾਰਨ ਆਮ ਆਦਮੀ ਨੂੰ ਪ੍ਰੇਸ਼ਾਨੀ ਵੀ ਹੋਈ ਹੈ। ਹਾਲਾਂਕਿ ਪੂਰਾ ਦੇਸ਼ ਇਸ ਕਦਮ ਦਾ ਸਵਾਗਤ ਕਰ ਰਿਹਾ ਹੈ। ਇਹ ਫੈਸਲਾ ਇਤਿਹਾਸਕ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਗਰੀਬਾਂ ਦੀ ਭਲਾਈ ਲਈ ਹੈ। 70 ਸਾਲਾਂ ਤੋਂ ਕਾਲੇਧਨ ਕਾਰਨ ਗਰੀਬ ਪ੍ਰੇਸ਼ਾਨ ਹਨ ਅਤੇ ਇਹ ਫੈਸਲਾ ਗਰੀਬ ਅਤੇ ਮੱਧ ਵਰਗ ਦੇ ਹਿੱਤ 'ਚ ਹੈ। ਨੋਟਬੰਦੀ ਨਾਲ ਗਰੀਬੀ ਖਤਮ ਕਰਨ 'ਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਪਹਿਲਾ ਫੈਸਲਾ ਹੀ ਕਾਲੇ ਧਨ ਖਿਲਾਫ ਸੀ। ਅਸੀਂ ਪਹਿਲਾਂ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਬਣਾਈ ਫਿਰ ਦੂਜੀ ਉਪਲੱਬਧੀ ਜਨਧਨ ਯੋਜਨਾ ਰਹੀ। ਇਸ ਤੋਂ ਬਾਅਦ ਅਸੀਂ ਕਾਲਾ ਧਨ ਵਾਲਿਆਂ ਨੂੰ ਮੌਕਾ ਦਿੱਤਾ ਕਿ ਆਪਣਾ ਕਾਲਾ ਧਨ ਜਨਤਕ ਕਰੋ। ਅਸੀਂ 45 ਫੀਸਦੀ ਟੈਕਸ 'ਚ ਜਮ੍ਹਾ ਕਰਾਉਣ ਦਾ ਮੌਕਾ ਦਿੱਤਾ। ਢਾਈ ਸਾਲਾਂ 'ਚ ਇਹ ਕਦਮ 70 ਸਾਲਾਂ ਦੇ ਕਾਲੇ ਧਨ ਨੂੰ ਖਤਮ ਕਰਨ ਵਾਲਾ ਸੀ, ਜੋ ਢਾਈ ਸਾਲਾਂ 'ਚ ਹੋਇਆ ਉਹ 70 ਸਾਲ 'ਚ ਨਹੀਂ ਹੋਇਆ। ਲੱਖਾਂ ਕਰੋੜਾਂ ਰੁਪਿਆ ਬਾਜ਼ਾਰ 'ਚ ਘੁੰਮਦਾ ਸੀ, ਹੁਣ ਇਹ ਬੈਂਕਾਂ 'ਚ ਆ ਗਿਆ ਹੈ। ਇਸ ਨਾਲ ਬੈਂਕਾਂ ਦੀ ਕਰਜ਼ਾ ਦੇਣ ਦੀ ਸਮਰਥਾ ਵਧ ਗਈ ਹੈ। ਬੈਂਕਾਂ ਨੇ ਕਰਜ਼ਾ ਘੱਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।