ਮੁੰਬਈ, 22 ਨਵੰਬਰ, 2016 : ਨੋਟਬੰਦੀ ਦੇ ਬਾਅਦ ਜਿਸ ਰਫਤਾਰ ਨਾਲ ਬਾਜ਼ਾਰ 'ਚ ਪੈਸੇ ਦੀ ਸਪਲਾਈ ਹੋ ਰਹੀ ਹੈ, ਉਸ ਕਾਰਨ ਸਥਿਤੀ ਨੂੰ ਆਮ ਹੋਣ 'ਚ ਘੱਟੋ-ਘੱਟ 7 ਹਫਤੇ ਹੋਰ ਲੱਗਣ ਦਾ ਅੰਦਾਜ਼ਾ ਹੈ। 8 ਨਵੰਬਰ ਨੂੰ ਸਰਕਾਰ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦਾ ਫੁਰਮਾਨ ਸੁਣਿਆ ਸੀ। ਇਸ ਦੇ ਬਾਅਦ ਹੁਣ ਤਕ ਤਕਰੀਬਨ 1.36 ਲੱਖ ਕਰੋੜ ਰੁਪਏ ਬਾਜ਼ਾਰ 'ਚ ਆਏ ਹਨ। ਇਹ ਪੈਸੇ ਪੁਰਾਣੇ ਨੋਟਾਂ ਨੂੰ ਬਦਲਣ ਅਤੇ ਨਕਦੀ ਕਢਵਾਉਣ ਨਾਲ ਆਏ ਹਨ। ਉੱਥੇ ਹੀ ਬਾਜ਼ਾਰ 'ਚ ਤਕਰੀਬਨ 14 ਲੱਖ ਕਰੋੜ ਰੁਪਏ ਦੇ ਵੱਡੇ ਕਰੰਸੀ ਨੋਟ ਹਨ। ਮਤਲਬ ਕਿ ਹੁਣ ਤਕ ਪੁਰਾਣੇ ਨੋਟਾਂ ਦੇ ਮੁੱਲ ਦਾ 10 ਫੀਸਦੀ ਤੋਂ ਵੀ ਘੱਟ ਬਦਲਿਆ ਜਾ ਸਕਿਆ ਹੈ। ਇਸ ਗੱਲ ਦਾ ਖੁਲਾਸਾ ਸੋਮਵਾਰ ਨੂੰ ਆਰ. ਬੀ. ਆਈ. ਵੱਲੋਂ ਜਾਰੀ ਕੀਤੇ ਗਏ ਵੇਰਵੇ ਤੋਂ ਹੋਇਆ ਹੈ।
8 ਤੋਂ 10 ਨਵੰਬਰ ਵਿਚਕਾਰ ਬੈਂਕਾਂ ਨੂੰ 5,44,517 ਕਰੋੜ ਰੁਪਏ ਦੇ ਪੁਰਾਣੇ ਨੋਟ ਜਮ੍ਹਾ ਦੇ ਰੂਪ 'ਚ ਪ੍ਰਾਪਤ ਹੋਏ ਹਨ। ਇਸ ਮਿਆਦ 'ਚ ਖਾਤਾ ਧਾਰਕਾਂ ਨੇ ਤਕਰੀਬਨ 1,03,316 ਕਰੋੜ ਰੁਪਏ ਬੈਂਕਾਂ ਦੀਆਂ ਸ਼ਾਖਾਵਾਂ ਅਤੇ ਏ. ਟੀ. ਐੱਮ. 'ਚੋਂ ਕਢਵਾਏ ਹਨ ਅਤੇ 33,006 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲੇ ਗਏ ਹਨ। ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਅਰਥਸ਼ਾਸਤਰੀ ਸੋਮਾਇਆ ਕਾਂਤੀ ਘੋਸ਼ ਮੁਤਾਬਕ, ਅਰਥਵਿਵਸਥਾ 'ਚ ਨਕਦੀ ਦੀ ਜ਼ਰੂਰਤ ਦਾ ਅੰਦਾਜ਼ਾ 2 ਮਹੀਨਿਆਂ ਦੀ ਵਰਤੋਂ ਦੀਆਂ ਜ਼ਰੂਰਤਾਂ ਤੋਂ ਲਾਇਆ ਜਾ ਸਕਦਾ ਹੈ ਅਤੇ ਜੇਕਰ ਇਸ ਨੂੰ ਪੈਮੇਨਾ ਮੰਨਿਆ ਜਾਂਦਾ ਹੈ ਤਾਂ ਅਜੇ 10 ਲੱਖ ਕਰੋੜ ਰੁਪਏ ਦੀ ਨਵੀਂ ਕਰੰਸੀ ਹੋਰ ਛਾਪਣੀ ਹੋਵੇਗੀ। ਜੇਕਰ ਬੈਂਕ ਮੌਜੂਦਾ ਰਫਤਾਰ ਨਾਲ ਨਵੇਂ ਨੋਟ ਬਾਜ਼ਾਰ 'ਚ ਵੰਡਦੇ ਰਹਿਣ ਤਾਂ 10 ਲੱਖ ਕਰੋੜ ਰੁਪਏ ਦੀ ਅੰਦਾਜ਼ਨ ਜ਼ਰੂਰਤ ਨੂੰ ਪੂਰਾ ਕਰਨ 'ਚ ਤਕਰੀਬਨ 7 ਹਫਤੇ ਹੋਰ ਲੱਗ ਜਾਣਗੇ।