ਸੂਬਾ ਪੱਧਰੀ ਤਿੰਨ ਬਿਹਤਰੀਨ ਐਂਟਰੀਆਂ ਨੂੰ ਮਿਲਣਗੇ ਨਗਦ ਇਨਾਮ , ਜਿਲ੍ਹਾ ਪੱਧਰ ਤੇ ਮਿਲਣਗੇ ਸਰਟੀਫਿਕੇਟ
31 ਅਗਸਤ ਤੱਕ ਤਿੰਨ ਵਿਸ਼ਿਆਂ ਤੇ 500 ਸ਼ਬਦਾਂ ਵਾਲੇ ਲੇਖ ਲੈਣ ਲਈ ਕਮੇਟੀ ਬਣਾਈ
ਐਸ.ਏ.ਐਸ.ਨਗਰ, 26 ਅਗਸਤ: 2020: ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣਾਂ ਦੌਰਾਨ ਟੀਚਿੰਗ ਸਟਾਫ ਵਲੋਂ ਦਿੱਤੀਆਂ ਸੇਵਾਵਾਂ ਨੂੰ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਸਨਮਾਨ ਦੇਣ ਲਈ ਟੀਚਿੰਗ ਸਟਾਫ ਦੇ ਲੇਖਣ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਤਹਿਤ ਸੂਬਾ ਪੱਧਰ ’ਤੇ ਪਹਿਲੀਆਂ ਤਿੰਨ ਬਿਹਤਰੀਨ ਐਂਟਰੀਆਂ ਨੂੰ ਸਨਮਾਨ ਵਜੋਂ 1500 ਰੁਪਏ, 1000 ਰੁਪਏ ਅਤੇ 500 ਰੁਪਏ ਕ੍ਰਮਵਾਰ ਨਗਦ ਇਨਾਮ ਵਜੋਂ ਦਿੱਤੇ ਜਾਣਗੇ ਜਦਕਿ ਜ਼ਿਲ੍ਹਾ ਪੱਧਰ ’ਤੇ ਪਹਿਲੇ ਸਥਾਨ ’ਤੇ ਆਏ ਅਧਿਆਪਕ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਧਿਆਪਕ 31 ਅਗਸਤ 2020 ਤੱਕ ਆਪਣੀ ਐਂਟਰੀ ਕਰਵਾ ਸਕਦੇ ਹਨ I
ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਲੇਖਣ ਮੁਕਾਬਲੇ ਚੋਣਾਂ ਦੌਰਾਨ ਤਜ਼ਰਬੇ, ਚੋਣ ਡਿਊਟੀ ਨੂੰ ਹੋਰ ਸੁਖਾਵਾਂ ਬਣਾਉਣ ਲਈ ਸੁਝਾਅ ਅਤੇ ਕੋਵਿਡ-19 ਦੌਰਾਨ ਚੋਣ ਡਿਊਟੀ ਨੂੰ ਦਰਪੇਸ਼ ਚੁਣੌਤੀਆਂ ਵਿਸ਼ਿਆਂ ’ਤੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲ, ਕਾਲਜ, ਆਈ.ਟੀ.ਆਈ., ਸਰਕਾਰੀ ਪੋਲੀਟੈਕਨਿਕ ਅਤੇ ਕਾਲਜਾਂ ਦੇ ਸਟਾਫ, ਜਿਨ੍ਹਾਂ ਵਲੋਂ ਚੋਣ ਡਿਊਟੀ ਦਿੱਤੀ ਗਈ ਹੈ, ਉਕਤ ਵਿਸ਼ਿਆਂ ’ਤੇ 500 ਸ਼ਬਦ ਅੰਗਰੇਜੀ ਜਾਂ ਪੰਜਾਬੀ ਭਾਸ਼ਾ ਵਿੱਚ ਲਿਖ ਕੇ ਜ਼ਿਲ੍ਹਾ ਨੋਡਲ ਅਧਿਕਾਰੀ ਨੂੰ 31 ਅਗਸਤ 2020 ਤੱਕ ਆਪਣੀ ਐਂਟਰੀ ਸ੍ਰੀਮਤੀ ਸੁਚਰੀਤ ਚੀਮਾ, ਜ਼ਿਲ੍ਹਾ ਨੋਡਲ ਅਫਸਰ (ਸਵੀਪ), ਐਸ.ਏ.ਐਸ ਨਗਰ ਦੀ ਈ-ਮੇਲ ਆਈਡੀ drmohali7@gmail.com ਜਾਂ ਕਮਰਾ ਨੰਬਰ 450, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ ਨਗਰ ਵਿਖੇ ਭੇਜੇ ਜਾ ਸਕਦੇ ਹਨ। ਪੂਰੇ ਪੰਜਾਬ ਵਿਚੋਂ ਪ੍ਰਾਪਤ ਐਂਟਰੀਆਂ ਵਿੱਚੋਂ ਬੈਸਟ ਐਂਟਰੀਆਂ ਨੂੰ ਨਕਦ ਇਨਾਮ 1500, 1000 ਤੇ 500 ਰੁਪਏ ਲਈ ਚੁਣਿਆ ਜਾਵੇਗਾ I ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਆਪਕਾਂ ਨੂੰ ਕਿਹਾ ਕਿ ਇਸ ਪ੍ਰਤੀਯੋਗਤਾ ਵਿੱਚ ਵੱਧ ਤੋਂ ਵੱਧ ਅਧਿਆਪਕ ਭਾਗ ਲੈਣ ਨੂੰ ਯਕੀਨੀ ਬਣਾਉਣ ਨੂੰ ਤਰਹੀਜ ਦੇਣ I