← ਪਿਛੇ ਪਰਤੋ
ਝਾਰਖੰਡ ਤੋਂ ਅਫ਼ੀਮ ਲਿਆ ਕੇ ਪਟਿਆਲਾ ਦੇ ਆਸ-ਪਾਸ ਦੇ ਖੇਤਰਾਂ 'ਚ ਕਰਦਾ ਸੀ ਸਪਲਾਈ: ਡੀ.ਐਸ.ਪੀ. ਪਟਿਆਲਾ, 26 ਅਗਸਤ 2020: ਪਟਿਆਲਾ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਤਿੰਨ ਕਿੱਲੋ ਅਫ਼ੀਮ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐਸ.ਪੀ. ਦਿਹਾਤੀ ਅਜੈ ਪਾਲ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਦੀ ਰਹਿਨੁਮਾਈ ਹੇਠ ਐਸ.ਪੀ. ਸਿਟੀ ਵਰੁਣ ਸ਼ਰਮਾ ਅਤੇ ਐਸ.ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਦੇ ਨਿਰਦੇਸ਼ਾਂ 'ਤੇ ਮੁੱਖ ਥਾਣਾ ਅਫ਼ਸਰ ਸਦਰ ਐਸ.ਆਈ. ਪ੍ਰਦੀਪ ਸਿੰਘ ਅਤੇ ਚੌਕੀ ਇੰਚਾਰਜ ਬਹਾਦਰਗੜ੍ਹ ਐਸ.ਆਈ. ਸੌਰਭ ਸਭਰਵਾਲ ਵੱਲੋਂ ਕੱਲ ਸ਼ਾਮ ਗਸ਼ਤ ਮੌਕੇ ਇਕ ਵਿਅਕਤੀ ਦੀ ਤਲਾਸ਼ੀ ਦੌਰਾਨ ਤਿੰਨ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਡੀ.ਐਸ.ਪੀ. ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਲਿੰਕ ਸੜਕ ਪਿੰਡ ਮਿੱਠੂ ਮਾਜਰਾ ਵਿਖੇ ਮੋਟਰਸਾਈਕਲ 'ਤੇ ਆ ਰਹੇ ਦੀਦਾਰ ਸਿੰਘ ਉਰਫ਼ ਦਾਰਾ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਚਮਾਰਹੇੜੀ ਨੂੰ ਰੋਕਕੇ ਜਦ ਤਲਾਸ਼ੀ ਲਈ ਗਈ ਤਾਂ ਉਸ ਨੇ ਆਪਣੇ ਲੱਕ ਨਾਲ ਕੁੱਝ ਲਪੇਟਿਆ ਹੋਇਆ ਸੀ ਸ਼ੱਕ ਪੈਣ 'ਤੇ ਜਦ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਤਾਂ ਦੀਦਾਰ ਸਿੰਘ ਪਾਸੋਂ ਤਿੰਨ ਕਿੱਲੋ ਅਫ਼ੀਮ ਬਰਾਮਦ ਕਰਕੇ ਉਸਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਮੁਕੱਦਮਾ ਨੰਬਰ 168 ਮਿਤੀ 25-08-2020 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੀਦਾਰ ਸਿੰਘ ਨੇ ਦੱਸਿਆ ਕਿ ਉਹ ਅਫ਼ੀਮ ਝਾਰਖੰਡ ਤੋਂ ਲਿਆਕੇ ਪਟਿਆਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ। ਉਨ੍ਹਾਂ ਗ੍ਰਿਫ਼ਤਾਰ ਕੀਤੇ ਵਿਅਕਤੀ ਦੇ ਪੁਰਾਣੇ ਰਿਕਾਰਡ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਦੀਦਾਰ ਸਿੰਘ 'ਤੇ ਅਫ਼ੀਮ ਦੀ ਤਸਕਰੀ ਦੇ ਦੋਸ਼ ਅਧੀਨ ਇਕ ਮੁਕੱਦਮਾ ਨੰਬਰ 453 ਮਿਤੀ 20-12-2009 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਅਧੀਨ ਦਰਜ ਕੀਤਾ ਗਿਆ ਸੀ, ਜਿਸ ਵਿੱਚ ਦੀਦਾਰ ਸਿੰਘ ਪਾਸੋਂ ਦੋ ਕਿੱਲੋ ਅਫ਼ੀਮ ਬਰਾਮਦ ਹੋਈ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੀਦਾਰ ਸਿੰਘ ਪਾਸੋਂ ਪੁੱਛਗਿੱਛ ਜਾਰੀ ਹੈ।
Total Responses : 267