ਅਸ਼ੋਕ ਵਰਮਾ
ਬਠਿੰਡਾ, 07 ਸਤੰਬਰ 2020 : ਪੰਜਾਬ ਖੇਤ ਮਜਦੂਰ ਯੂਨੀਅਨ ਦੇ ਮਰਹੂਮ ਜਿਲਾ ਪ੍ਰਧਾਨ ਨਾਨਕ ਸਿੰਘ ਸ਼ਰਧਾਂਜਲੀ ਭੇਂਟ ਕਰਕੇ ਮਜਦੂਰ ਆਗੂ ਵੱਲੋਂ ਜਬਰ ਜੁਲਮ ਤੇ ਜਗੀਰੂ ਵਿਚਾਰਾਂ ਖਿਲਾਫ ਲੜੇ ਸੰਘਰਸ਼ਾਂ ਨੂੰ ਚੇਤੇ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਇੱਕ ਪਿੰਡ ਦੀ ਦਲਿਤ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਤੇ ਮਜਦੂਰ ਕਾਕਾ ਰਾਮ ਦੇ ਕਾਤਲਾਂ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈਕੇ ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਲੰਬੀ ਥਾਣੇ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਪੁਲਿਸ ਪ੍ਰਸਾਸਨ ਕਾਨੂੰਨ ਨੂੰ ਛਿੱਕੇ ਟੰਗ ਕੇ ਇਲਾਕੇ ਦੇ ਕਾਂਗਰਸੀ ਤੇ ਅਕਾਲੀ ਆਗੂਆਂ ਦੀ ਕਥਿਤ ਕੱਠਪੁਤਲੀ ਵਾਂਗ ਕੰਮ ਕਰਦਿਆਂ ਕਸੂਰਵਾਰਾਂ ਨੂੰ ਬਚਾਉਣ ਵਾਲਾ ਬੇਹੱਦ ਘਟੀਆ ਕੰਮ ਕਰ ਰਿਹਾ ਹੈ।
ਉਹਨਾਂ ਆਖਿਆ ਕਿ ਬਲਾਤਕਾਰ ਦੇ ਮੁਲਜਮ ਮੋਟੀ ਜਾਇਦਾਦ ਤੇ ਸਿਆਸੀ ਪਹੁੰਚ ਦੇ ਕਾਰਨ ਉਹ ਸਵਾ ਮਹੀਨਾ ਬੀਤਣ ਦੇ ਬਾਵਜੂਦ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਫਿਰਦੇ ਹਨ ਅਤੇ ਪੀੜਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਆਖਿਆ ਕਿ ਪੁਲਿਸ ਦੋਸ਼ੀਆ ਨੂੰ ਫੜਨ ਦੀ ਥਾਂ ਮਜਦੂਰ ਆਗੂਆਂ ਤੇ ਕੇਸ ਦਰਜ ਕਰਕੇ ਸੰਘਰਸ਼ ਨੂੰ ਲੀਹੋਂ ਲਾਹੁਣਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਕਾਂਗਰਸ ਹਕੂਮਤ ਤੇ ਪੁਲਿਸ ਕਰੋਨਾ ਨੂੰ ਬਹਾਨਾ ਬਣਾ ਕੇ ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਮੌਕੇ ਹਾਜਰ ਵੱਡੀ ਗਿਣਤੀ ਔਰਤਾਂ ਨੇ ਪੁਲਿਸ ਦੇ ਵਤੀਰੇ ਖਿਲਾਫ ਜਬਰਦਸਤ ਰੋਹ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਪਿੱਟ ਸਿਆਪਾ ਕੀਤਾ ਤੇ ਸਰਕਾਰ ਵਿਰੋਧੀ ਨਾਅਰੇ ਲਾਏ।
ਉਹਨਾਂ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮੁਲਜਮਾਂ ਨੂੰ ਗਿਰਫਤਾਰ ਕਰਨ,ਪੀੜਤ ਪਰਿਵਾਰ ਨੂੰ ਮੁਕੱਦਮਾ ਵਾਪਸ ਲੈਣ ਲਈ ਧਮਕੀਆਂ ਦੇਣ ਤੇ ਜਾਤੀ ਸੂਚਕ ਗਾਲਾਂ ਕੱਢਣ ਵਾਲੇ ਇੱਕ ਮੁਲਜਮ ਦੇ ਚਾਚੇ ਖਿਲਾਫ ਕੇਸ ਦਰਜ ਕਰਕੇ ਗਿਰਫਤਾਰ ਕਰਨ , ਪੀੜਤ ਪਰਿਵਾਰ ਨੂੰ ਦਰਜ ਮੁਕੱਦਮੇ ਤਹਿਤ ਐਸ .ਸੀ .ਐਸ .ਟੀ . ਐਕਟ ਤਹਿਤ ਬਣਦਾ ਮੁਆਵਜਾ ਦੇਣ ਅਤੇ ਖਿਓਵਾਲੀ ‘ਚ ਮਜਦੂਰ ਕਾਕਾ ਰਾਮ ਦੇ ਕਾਤਲਾਂ ਨੂੰ ਗਿਰਫਤਾਰ ਕਰਨ ਦੀ ਮੰਗ ਕੀਤੀ। ਉਹਨਾਂ ਐਲਾਨ ਕੀਤਾ ਕਿ ਪੀੜਤਾਂ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਧਰਨੇ ਨੂੰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ, ਤਰਸੇਮ ਸਿੰਘ ਤੇ ਕਾਕਾ ਸਿੰਘ ਖੁੰਡੇ ਹਲਾਲ, ਗੁਰਮੇਲ ਕੌਰ, ਕਾਲਾ ਸਿੰਘ ਸਿੰਘੇ ਵਾਲਾ ਰਾਜਾ ਸਿੰਘ ਤੇ ਕਾਲਾ ਸਿੰਘ ਖੂਨਣ ਖੁਰਦ ਤੋਂ ਇਲਾਵਾ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜਿੰਦਰ ਸਿੰਘ ਸਰਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਦਲਜੀਤ ਸਿੰਘ ਮਿੱਠੜੀ ਨੇ ਸੰਬੋਧਨ ਕੀਤਾ।