← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 27 ਅਗਸਤ 2020: ਬਠਿੰੰਡਾ ਜਿਲੇ ’ਚ ਅੱਜ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਪਹਿਲੀ ਵਾਰ ਹੈ ਕਿ ਇੱਕ ਦਿਨ ’ਚ ਇਕੱਠੀਆਂ ਏਨੀਆਂ ਮੌਤਾਂ ਹੋਈਆਂ ਹਨ। ਹੁਣ ਤੱਕ ਬਠਿੰਡਾ ਜਿਲੇ ’ਚ 32 ਵਿਅਕਤੀ ਸਿਰਫ ਕਰੋਨਾ ਕਾਰਨ ਮਾਰੇ ਜਾ ਚੁੱਕੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਪੰਜ ਦਿਨਾਂ ਦੌਰਾਨ ਕਰੋਨਾ ਵੱਲੋਂ ਮਰੀਜਾਂ ਨੂੰ ਨਿਗਲਣ ਦਾ ਸਿਲਸਿਲਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਪਤਾ ਲੱਗਿਆ ਕਿ ਤਿੰਨਾਂ ਮਰੀਜਾਂ ਨੂੰ ਸਾਹ ਲੈਣ ’ਚ ਦਿੱਕਤ ਆ ਰਾਹ ਸੀ ਜਿਸ ਦੇ ਚੱਲਦਿਆਂ ਉਨਾਂ ਚੋ ਦੋ ਦਾ ਬਠਿੰਡਾ ਅਤੇ ਇੱਕ ਦਾ ਫਰੀਦਕੋਟ ’ਚ ਇਲਾਜ ਚੱਲ ਰਿਹਾ ਸੀ। ਵੇਰਵਿਆਂ ਅਨੁਸਾਰ ਪੁਰਾਣਾ ਥਾਣਾ ਰੋਡ ਬਠਿੰਡਾ ਦੀ ਰਹਿਣ ਵਾਲੀ ਸ਼ਿਮਲਾ ਦੇਵੀ ਪਤਨੀ ਵਿਜੇ ਕੁਮਾਰ ਨੂੰ ਉਸ ਦੇ ਪੀਵਾਰ ਨੇ ਲੰਘੀ 21 ਅਗਸਤ ਨੂੰ ਸਾਹ ਦੀ ਤਕਲੀਫ ਕਾਰਨ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਸੀ। ਕਰੋਨਾ ਦੇ ਸ਼ੱਕ ਕਾਰਨ ਉਸ ਦੇ ਸੈਂਪਲ ਲੈਕੇ ਭੇਜੇ ਸਨ ਜਿੰਨਾਂ ਦੀ 23 ਅਗਸਤ ਨੂੰ ਰਿਪੋਰਟ ਪਾਜ਼ਿਟਿਵ ਆਈ ਸੀ। ਇਸੇ ਦੌਰਾਨ ਇਲਾਜ ਦੇ ਬਾਵਜੂਦ ਉਸ ਦੀ ਹਾਲਤ ਨਾਂ ਸੁਧਰੀ ਅਤੇ ਅੱਜ ਉਸ ਦੀ ਮੌਤ ਹੋ ਗਈ। ਇਸੇ ਤਰਾਂ ਰੇਲਵੇ ਕਾਲੋਨੀ ਲਾਗੇ ਥਾਣਾ ਕੈਨਾਲ ਕਾਲੋਨੀ ਦੇ ਸਾਹਮਣੇ ਗਲੀ ਨੰਬਰ ਦੋ ਵਿਚ ਰਹਿਣ ਵਾਲੇ ਹਰਬੰਸ ਲਾਲ ਪੁੱਤਰ ਧਰਮਪਾਲ ਸਿੰਘ ਵੀ ਦੋ ਦਿਨ ਪਹਿਲਾਂ ਸਾਹ ਲੈਣ ਵਿੱਚ ਪੇ੍ਸ਼ਾਨੀ ਮਹਿਸੁਸ ਕਰ ਰਿਹਾ ਸੀ। ਮਰੀਜ ਦੇ ਆਕਸੀਜ਼ਨ ਲੈਵਲ ਘੱਟ ਹੋਣ ਦੀ ਸੂਰਤ ’ਚ ਉਸ ਨੂੰ ਵੀ 25 ਅਗਸਤ ਨੂੰਇੱਕ ਪਾਈਵੇਟ ਹਸਪਤਾਲ ਲਿਆਂਦਾ ਗਿਆ ਸੀ। ਉਸ ਦੀ ਵੀ ਰਿਪੋਰਟ ਕਰੋਨਾ ਪਾਜ਼ਿਟਿਵ ਆਈ ਸੀ ਜੋਕਿ ਅੰਤ ਨੂੰ ਉਸ ਲਈ ਜਾਨ ਲੇਵਾ ਸਾਬਤ ਹੋਈ ਹੈ। ਅੱਜ ਸਵੇਰੇ ਅਚਾਨਕ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਇੱਕ ਦੂਸਰੇ ਪ੍ਰਾਈਵੇਟ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ’ਚ ਹੀ ਉਸ ਨੇ ਦਮ ਤੋੜ ਦਿੱਤਾ। ਤੀਜੀ ਮੌਤ ਰਾਮਾ ਮੰਡੀ ਦੇ ਵਾਰਡ ਨੰਬਰ ਛੇ ਦੀ ਰਹਿਣ ਵਾਲੀ ਬਜ਼ੁਰਗ ਦਰਸ਼ਨਾ ਦੇਵੀ ਪਤਨੀ ਅਸ਼ੋਕ ਕੁਮਾਰ ਦੀ ਹੋਈ ਹੈ। ਪਤਾ ਲੱਗਿਆ ਹੈ ਕਿ ਕਰੀਬ 10 ਦਿਨ ਪਹਿਲਾਂ ਦਰਸ਼ਨਾ ਦੇਵੀ ਦੀ ਹਾਲਤ ਵਿਗੜ ਗਈ ਸੀ। ਪਰਿਵਾਰ ਨੇ ਉਸ ਦਾ ਕੋਰੋਨਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੇਟਿਵ ਨਿਕਲੀ ਤਾਂ ਪਰਿਵਾਰ ਨੇ ਇਲਾਜ ਲਈ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਦਾਖਲ ਕਰਵਾ ਦਿੱਤਾ ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦਰਸ਼ਨਾ ਦੇਵੀ ਸ਼ੂਗਰ ਆਦਿ ਕਈ ਬਿਮਾਰੀਆਂ ਦਾ ਸ਼ਿਕਾਰ ਸੀ । ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਸਸਕਾਰ ਬਠਿੰਡਾ ਦੀ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਬਕਾਇਦਾ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਅਧਿਕਾਰੀਆਂ ਤੇ ਪ੍ਰੀਵਾਰਾਂ ਦੀ ਹਾਜਰੀ ’ਚ ਮਿ੍ਰਤਕਾਂ ਦੇ ਅੰਤਮ ਸਸਕਾਰ ਕੀਤੇ ਗਏ ਹਨ। ਰਾਮਾ ਮੰਡੀ ’ਚ ਔਰਤ ਦੇ ਪ੍ਰੀਵਾਰਕ ਮੈਂਬਰ ਲਾਸ਼ ਨੂੰ ਸਿੱਧੇ ਘਰ ਲੈਗਏ ਸਨ ਜਿਸ ਬਾਰੇ ਸੁਸਾਇਟੀ ਨੇ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਦਿੱਤਾ। ਹੁਣ ਸਿਹਤ ਵਿਭਾਗ ਵੱਲੋਂ ਪ੍ਰੀਵਾਰ ਦੇ ਸੈਂਪਲ ਲੈਕੇ ਭੇਜੇ ਗਏ ਹਨ। ਹੁਣ ਤੱਕ 32 890 ਸੈਂਪਲ ਲਏ:ਡੀਸੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲੇ ਅੰਦਰ ਕੋਵਿਡ-19 ਤਹਿਤ 32890 ਸੈਂਪਲ ਲਏ ਗਏ, ਜਿਨਾਂ ਵਿਚੋਂ ਕੁੱਲ 2190 ਪਾਜੀਟਿਵ ਕੇਸ ਆਏ ਹਨ। ਇੰਨਾਂ ਵਿਚੋਂ 1214 ਕਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਉਨਾਂ ਇਹ ਵੀ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 663 ਕੇਸ ਐਕਟਿਵ ਹਨ ਤੇ 285 ਕੇਸ ਹੋਰ ਜ਼ਿਲਿਆਂ ਵਿੱਚ ਸ਼ਿਫਟ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਪਾਜੀਟਿਵ 70, ਨੈਗੇਟਿਵ 318 ਤੇ ਕਰੋਨਾ ਪ੍ਰਭਾਵਿਤ 70 ਮਰੀਜ਼ ਠੀਕ ਹੋਣ ਉਪਰੰਤ ਆਪੋ ਆਪਣੇ ਘਰ ਵਾਪਸ ਪਰਤੇ ਗਏ।
Total Responses : 267