ਅਸ਼ੋਕ ਵਰਮਾ
ਚੰਡੀਗੜ 27 ਅਗਸਤ 2020: ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਕਰੋਨਾ ਦੀ ਆੜ ਹੇਠ ਮੜਨ ‘ਤੇ ਤੁਲੀ ਹੋਈ ਕੇਂਦਰ ਸਰਕਾਰ ‘ਚ ਹਿੱਸੇਦਾਰ ਭਾਜਪਾ ਅਕਾਲੀ ਮੰਤਰੀ,ਐਮ ਪੀ, ਐਮ ਐਲ ਏ ਨੂੰ ਪਿੰਡਾਂ ‘ਚ ਵੜਨੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ਤੇ ਅੱਜ ਤੀਜੇ ਦਿਨ ਨੌਜਵਾਨਾਂ ਦੀ ਭਾਰੀ ਗਿਣਤੀ ਸ਼ਾਮਲ ਹੋਣ ਨਾਲ ਪੰਜ ਰੋਜ਼ਾ ਨਾਕਾਬੰਦੀ ਧਰਨੇ ਹੋਰ ਵੀ ਵਧੇਰੇ ਜੋਸ਼ ਖਰੋਸ਼ ਨਾਲ ਪਿੰਡ ਪਿੰਡ ਜਾਰੀ ਰਹੇ।ਧਰਨਿਆਂ ਦੀ ਵਰਚੂਅਲ ਅਗਵਾਈ ਕਰ ਰਹੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸ ਰਿਲੀਜ ਰਾਹੀਂ ਦੱਸਿਆ ਗਿਆ ਹੈ ਕਿ ਕਰੋਨਾ ਸਾਵਧਾਨੀਆਂ ਵਰਤਦਿਆਂ ਅੱਜ ਵੀ 13 ਜਿਲਿਆਂ ਦੇ 550 ਤੋਂ ਵੱਧ ਪਿੰਡਾਂ ਵਿੱਚ ਹਜਾਰਾਂ ਕਿਸਾਨ ਮਜਦੂਰ ਪਰਵਾਰਾਂ ਸਮੇਤ ਧਰਨਿਆਂ ‘ਚ ਸ਼ਾਮਲ ਹੋਏ। ਧਰਨਾਕਾਰੀਆਂ ਵੱਲੋਂ ਪਿੰਡਾਂ ਦੇ ਮੁੱਖ ਰਸਤਿਆਂ ਤੇ ਬੈਨਰ ਲਟਕਾਏ ਹੋਏ ਹਨ ਕਿ ਭਾਜਪਾ ਅਕਾਲੀ ਮੰਤਰੀ,ਐਮ ਪੀ,ਐਮ ਐਲ ਏ ਦਾ ਪਿੰਡ ਵਿੱਚ ਵੜਨਾ ਮਨਾਂ ਹੈ।
ਬੀਤੇ ਦਿਨ ਇੱਕ ਦੋ ਪਿੰਡਾਂ ਵਿੱਚ ਸਥਾਨਕ ਅਕਾਲੀ ਆਗੂਆਂ ਨੂੰ ਧਰਨਾਕਾਰੀਆਂ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਨਹੀਂ ਆਏ ਅਤੇ ਉਹਨੀਂ ਪੈਰੀਂ ਪਿੱਛੇ ਮੁੜਨਾ ਪਿਆ। ਬਹੁਤੇ ਥਾਂਈਂ ਆਗੂ ਸਫਾਂ ‘ਚ ਸ਼ਾਮਲ ਨੌਜਵਾਨਾਂ ਵਿੱਚ ਰੋਸ ਤੇ ਜੋਸ਼ ਰੋਹ ਭਰਪੂਰ ਨਾਹਰਿਆਂ ਰਾਹੀਂ ਜਾਹਰ ਹੋ ਰਿਹਾ ਸੀ। ਕੁੱਝ ਰਹਿੰਦੇ ਪਿੰਡਾਂ ਵਿੱਚ ਅੱਜ ਵੀ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਧਰਨਾਕਾਰੀਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ,ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ, ਅਮਰੀਕ ਸਿੰਘ ਗੰਢੂਆਂ ਤੇ ਰਾਜਵਿੰਦਰ ਸਿੰਘ ਰਾਮਨਗਰ ਤੋਂ ਇਲਾਵਾ ਵੱਖ ਵੱਖ ਜਿਲਿਆਂ/ਬਲਾਕਾਂ/ਪਿੰਡਾਂ ਦੇ ਆਗੂ ਸ਼ਾਮਲ ਸਨ। ਮੋਦੀ ਸਰਕਾਰ ਮੁਰਦਾਬਾਦ ਦੇ ਨਾਹਰੇ ਲਾਉਂਦੇ ਬੁਲਾਰੇ ਮੰਗ ਕਰ ਰਹੇ ਸਨ ਕਿ ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ ਰੱਦ ਕਰੋ। ਬਿਜਲੀ ਸੋਧ ਬਿੱਲ 2020 ਅਤੇ ਭੂਮੀ ਗ੍ਰਹਿਣ ਕਾਨੂੰਨ ‘ਚ ਕਿਸਾਨ ਮਾਰੂ ਸੋਧਾਂ ਦਾ ਖਰੜਾ ਰੱਦ ਕਰੋ। ਡੀਜਲ ਪੈਟਰੋਲ ਕਾਰੋਬਾਰ ਦਾ ਸਰਕਾਰੀਕਰਨ ਕਰੋ, ਟੈਕਸ ਖਤਮ ਕਰੋ ਤੇ ਖੇਤੀ ਲਈ ਡੀਜਲ ਅੱਧ ਮੁੱਲ ‘ਤੇ ਦਿਓ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਦੇ ਇਕੱਠਾਂ ਉੱਤੇ ਅਤੇ ਬੁੱਧੀਜੀਵੀਆਂ ਸਮਾਜਿਕ ਕਾਰਕੁੰਨਾਂ ਦੇ ਲਿਖਣ ਬੋਲਣ ‘ਤੇ ਪਾਬੰਦੀਆਂ ਖਤਮ ਕਰੋ ਅਤੇ ਦਰਜ ਕੀਤੇ ਕੇਸ ਰੱਦ ਕਰੋ। ਲੋਕ ਕਵੀ ਵਰਵਰਾ ਰਾਓ ਸਮੇਤ ਸਾਰੇ ਨਜ਼ਰਬੰਦਾਂ ਨੂੰ ਰਿਹਾਅ ਕਰੋ। ਕਿਸਾਨ ਮਾਰੂ ਸਿਫਾਰਸਾਂ ਕਰ ਰਹੀ ਮੌਂਟੇਕ ਆਹਲੂਵਾਲੀਆ ਕਮੇਟੀ ਨੂੰ ਭੰਗ ਕਰੋ। ਬੁਲਾਰਿਆਂ ਨੇ ਹੋਰ ਭਖਦੀਆਂ ਮੰਗਾਂ ਉੱਤੇ ਵੀ ਬਰਾਬਰ ਜੋਰ ਦਿੱਤਾ ਕਿ ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਕੀਤੇ ਜਾਣ। ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜਦੂਰ ਪੱਖੀ ਬਣਾਇਆ ਜਾਵੇ। ਸਵੈ ਰੁਜਗਾਰ ਦੀ ਆੜ ਹੇਠ ਔਰਤਾਂ ਦੀ ਅੰਨੀ ਸੂਦਖੋਰੀ ਲੁੱਟ ਕਰ ਰਹੀਆਂ ਫਾਈਨੈਂਸ ਕੰਪਨੀਆਂ ਦੇ ਸਾਰੇ ਕਰਜੇ ਖਤਮ ਕੀਤੇ ਜਾਣ। ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਸੀ2 ਫਾਰਮੂਲੇ ਮੁਤਾਬਕ ਮਿਥੇ ਜਾਣ ਤੇ ਪੂਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡੀ ਜਾਵੇ।
ਬਠਿੰਡਾ ਸਰਕਾਰੀ ਥਰਮਲ ਬੰਦ ਕਰਨ ਤੇ ਢਾਹੁਣ ਦਾ ਫੈਸਲਾ ਰੱਦ ਕੀਤਾ ਜਾਵੇ। ਧਰਨਾਕਾਰੀਆਂ ਵੱਲੋਂ ਥਾਂ ਥਾਂ ਮਤੇ ਪਾਸ ਕਰਕੇ ਬੀਤੇ ਦਿਨੀਂ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਕਰਜਾ ਮੁਆਫੀ ਨੂੰ ਲੈ ਕੇ ਕੀਤੇ ਗਏ ਸ਼ਾਂਤਮਈ ਧਰਨਿਆਂ ਬਦਲੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਮੇਤ ਸੈਂਕੜੇ ਖੇਤ ਮਜਦੂਰਾਂ ਸਿਰ ਝੂਠੇ ਮੁਕੱਦਮੇ ਮੜਨ ਦੀ ਜੋਰਦਾਰ ਨਿਖੇਧੀ ਕੀਤੀ ਗਈ ਅਤੇ ਮੁਕੱਦਮੇ ਵਾਪਸ ਲੈਣ ਦੀ ਮੰਗ ਕੀਤੀ ਗਈ। ਅੱਜ ਦੇ ਧਰਨਿਆਂ ਵਿੱਚ ਕੁੱਝ ਕੁ ਪਿੰਡਾਂ ਵਿੱਚ ਪੀ ਐਸ ਯੂ ਰੰਧਾਵਾ, ਨੌਜਵਾਨ ਭਾਰਤ ਸਭਾ ਅਤੇ ਠੇਕਾ ਮੁਲਾਜਮਾਂ ਵੱਲੋਂ ਕੀਤੀ ਗਈ ਹਿਮਾਇਤੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੇ ਐਲਾਨ ਕੀਤਾ ਕਿ ਨਾਕਾਬੰਦੀ ਧਰਨੇ 29 ਅਗਸਤ ਤੱਕ ਹਰ ਰੋਜ ਲਾਏ ਜਾਣਗੇ ਅਤੇ ਆਖਰੀ ਦਿਨ ‘ਤੇ ਪਿੰਡ ਵਾਸੀ ਹਰ ਪਰਿਵਾਰ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਤਾਣ ਜੁਟਾਇਆ ਜਾਵੇਗਾ। ਉਹਨਾਂ ਵਲੋਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਸ ‘ ਕਿਸਾਨੀ ਬਚਾਓ ‘ ਸੰਘਰਸ਼ ਵਿੱਚ ਵਧ ਚੜ ਕੇ ਪਰਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।