ਗੁਰਦਾਸਪੁਰ ਪੁਲਿਸ ਵੱਲੋਂ ਆਨਲਾਈਨ ਠੱਗੀਆਂ ਕਰਨ ਵਾਲਾ 8 ਮੈਂਬਰੀ ਗਿਰੋਹ ਬੇਨਕਾਬ, ਗਿਰੋਹ ਦੇ 4 ਮੈਂਬਰ ਨਵੀਂ ਦਿੱਲੀ ਤੋ ਕੀਤੇ ਕਾਬੂ
ਲੋਕੇਸ਼ ਰਿਸ਼ੀ
ਗੁਰਦਾਸਪੁਰ, 27 ਅਗਸਤ 2020: ਗੁਰਦਾਸਪੁਰ ਪੁਲਿਸ ਨੇ ਇੱਕ 5 ਲੱਖ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ 'ਚ ਆਨ ਲਾਈਨ ਫਰਾਇਡ ਕਰਨ ਵਾਲੇ 8 ਮੈਂਬਰੀ ਗਿਰੋਹ ਦਾ ਪੜਦਾ ਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਦਾਅਵੇ ਮੁਤਾਬਿਕ ਗਿਰੋਹ ਦੇ 4 ਮੈਂਬਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਪਰ ਫ਼ਿਲਹਾਲ ਇਸ ਗਰੁੱਪ ਦਾ ਮਾਸਟਰਮਾਈਂਡ ਅਤੇ ਬਾਕੀ 3 ਹੋਰ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਫ਼ਿਲਹਾਲ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜਿਸ ਦੌਰਾਨ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
ਜੇਕਰ ਗੁਰਦਾਸਪੁਰ ਪੁਲਿਸ ਦੀ ਮੰਨੀਏ ਤਾਂ ਇਸ ਗਿਰੋਹ ਵੱਲੋਂ ਪਹਿਲਾਂ ਤਾਂ ਇੰਟਰਨੈੱਟ ਤੇ ਲੋਕਾਂ ਨੂੰ ਮੋਟੀ ਤਨਖ਼ਾਹ ਤੇ ਨੌਕਰੀਆਂ ਦੀ ਆਫ਼ਰ ਕੀਤੀ ਜਾਂਦੀ ਸੀ ਅਤੇ ਫੇਰ ਆਪਣੇ ਸ਼ਿਕਾਰ ਕੋਲੋਂ ਇੱਕ ਐਪਲੀਕੇਸ਼ਨ ਫਾਰਮ ਭਰਵਾਉਣ ਦੇ ਬਹਾਨੇ ਬੈਂਕ ਆਦਿ ਦੀ ਸਾਰੀ ਡਿਟੇਲਜ਼ਜ਼ ਲੈ ਲਈ ਜਾਂਦੀ ਸੀ। ਅਖੀਰ ਇਸ ਗਿਰੋਹ ਵੱਲੋਂ ਸ਼ਿਕਾਰ ਦੀ ਬੈਂਕ ਡਿਟੇਲ ਪ੍ਰਾਪਤ ਹੁੰਦਿਆਂ ਹੀ ਅੱਖ ਦੇ ਫੋਰ ਨਾਲ ਉਸ ਦਾ ਖਾਤਾ ਖ਼ਾਲੀ ਕਰ ਦਿੱਤਾ ਜਾਂਦਾ ਸੀ।
ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਡਾ: ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ
ਮਿਤੀ 05.08.2020 ਨੂੰ ਰਣਜੀਤ ਬਾਗ਼ ਦੀ ਰਹਿਣ ਵਾਲੀ ਕਿਰਨ ਪ੍ਰੀਤ ਕੌਰ ਖੱਖ ਨੇ ਆਪਣੇ ਨਾਲ 5 ਲੱਖ ਰੁਪਏ ਦੀ ਆਨਲਾਈਨ ਠੱਗੀ ਦੀ ਬਾਂਗ ਦਰਜ ਕਰਵਾਈ ਸੀ। ਜਿਸ ਮੁਤਾਬਿਕ ਸ਼ਾਈਨ.ਕਾਮ ਨਾਂ ਦੀ ਕੰਪਨੀ ਨੇ ਉਸ ਨੂੰ ਆਨ ਲਾਈਨ ਨੌਕਰੀ ਦੇਣ ਦਾ ਝਾਂਸਾ ਦੇ ਕੇ ਇੱਕ ਫਾਰਮ ਰਾਹੀ ਉਸ ਦੀ ਸਾਰੀ ਡੀਟੇਲ ਲੈ ਲਈ। ਇਸ ਸਬੰਧ ਵਿੱਚ ਉਸ ਨੂੰ ਲਗਾਤਾਰ ਦੋ ਮੋਬਾਈਲ ਨੰਬਰਾਂ ਤੋਂ ਫ਼ੋਨ ਆਉਂਦੇ ਰਹੇ। ਬਾਦ ਵਿੱਚ ਜਿੱਦਾਂ ਹੀ ਉਸ ਨੇ ਸ਼ਾਈਨ ਡਾਟਕਾਮ ਨੂੰ ਫਾਰਮ ਭਰ ਕੇ ਭੇਜਿਆ। ਤਾਂ ਕੁੱਝ ਸਮੇਂ ਬਾਦ ਹੀ ਉਸ ਦੇ ਫ਼ੋਨ ਉੱਪਰ ਇੱਕ ਓ.ਟੀ.ਪੀ ( ਵੰਨ ਟਾਈਮ ਪਾਸਵਰਡ) ਆਇਆ। ਬਾਦ ਵਿੱਚ ਗਿਰੋਹ ਦੇ ਮੈਂਬਰਾਂ ਨੇ ਫਾਰਮ ਪ੍ਰੋਸੈਸਿੰਗ ਦਾ ਬਹਾਨਾ ਬਣਾ ਕੇ ਕਿਰਨ ਪ੍ਰੀਤ ਕੋਲੋਂ ਓ.ਟੀ.ਪੀ ਵੀ ਲੈ ਲਿਆ। ਉਸ ਤੋਂ ਬਾਦ ਕਿਰਨ ਪ੍ਰੀਤ ਨੂੰ ਸਾਰੀ ਠੱਗੀ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੇ ਫ਼ੋਨ ਉੱਪਰ ਉਸ ਦੇ ਬੈਂਕ ਖਾਤੇ ਵਿੱਚੋਂ 5 ਲੱਖ ਰੁਪਏ ਟਰਾਂਸਫ਼ਰ ਹੋ ਜਾਣ ਦਾ ਮੈਸੇਜ ਆਇਆ।
ਐੱਸ.ਐੱਸ.ਪੀ ਨੇ ਅੱਗੋਂ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ਤੇ ਥਾਣਾ ਦੀਨਾਨਗਰ ਥਾਣੇ ਵਿਖੇ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕੀਤੀ ਗਈ।
ਤਫ਼ਤੀਸ਼ ਦੌਰਾਨ ਤਫ਼ਤੀਸ਼ੀ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਦੀਨਾਨਗਰ ਨੇ ਜਦੋਂ ਪੈਸੇ ਟਰਾਂਸਫ਼ਰ ਹੋਣ ਵਾਲੇ ਬੈਂਕ ਖਾਤਿਆਂ ਦੀ ਡੀਟੇਲ ਹਾਸਲ ਕੀਤੀ। ਤਾਂ ਉਨ੍ਹਾਂ ਦੇ ਤਾਰ ਦਿੱਲੀ ਨਾਲ ਜੁੜਦੇ ਵਿਖਾਈ ਦਿੱਤੇ ਅਤੇ ਇਸੇ ਕਾਰਨ ਬਾਕਾਇਦਾ ਇੱਕ ਟੀਮ ਤਿਆਰ ਕਰ ਕੇ ਦਿੱਲੀ ਨੂੰ ਰਵਾਨਾ ਕੀਤੀ ਗਈ।
ਐੱਸ.ਐੱਸ.ਪੀ ਡਾ. ਸੋਹਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦਿੱਲੀ ਤੋ 4 ਦੋਸ਼ੀਆਂ ਪ੍ਰਦੀਪ ਕੁਮਾਰ ਯਾਦਵ ਪੁੱਤਰ ਮਹੰਤ ਪ੍ਰਸਾਦ ਯਾਦਵ, ਜੀਤੂ ਪੁੱਤਰ ਬਿੱਲੂ, ਨੀਰਜ ਸ਼ਰਮਾ ਪੁੱਤਰ ਰਾਜ ਕੁਮਾਰ ਅਤੇ ਜੈ ਪ੍ਰਕਾਸ਼ ਪੁੱਤਰ ਮੁੰਨਾ ਲਾਲ ਦਿਵਾਕਰ ਵਾਸੀ ਹਾਊਸ ਨੰਬਰ ਖ -20 ਮੋਹਨ ਗਾਰਡਨ ਪਿੱਪਲ ਚੌਂਕ ਉੱਤਮ ਨਗਰ ਨਵੀਂ ਦਿੱਲੀ ਥਾਣਾ ਮੋਹਨ ਗਾਰਡਨ ਨੂੰ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਦਾ ਮਾਸਟਰਮਾਈਂਡ ਅਸੀਸ ਮਿੱਤਲ ਅਤੇ ਮਨੀਸ਼ ਕੁਮਾਰ ਹਨ ਅਤੇ ਉਨ੍ਹਾਂ ਨੇ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਸੀ। ਤੇ ਇਸ ਗਿਰੋਹ ਦੇ 3 ਮੈਂਬਰਾਂਂ ਦੇ ਨਾਮ ਤੇ PRELIME INFOTECH PVT.LMT ਨਾਮ ਦੀ ਕੰਪਨੀ ਦਿੱਲੀ ਵਿਖੇ ਖੋਲ੍ਹੀ ਹੋਈ ਸੀ। ਜੋ ਮਨੀ ਟਰਾਂਸਫ਼ਰ ਦਾ ਕੰਮ ਕਰਦੀ ਸੀ ਜਿਸ ਦੀ ਆੜ ਵਿਚ ਇਹ ਲੋਕਾਂ ਨਾਲ ਠੱਗੀਆਂ ਮਾਰਨ ਦਾ ਗੋਰਖ ਧੰਦਾ ਚਲਾ ਰਹੇ ਸਨ।
ਉਨ੍ਹਾਂ ਅੱਗੋਂ ਦੱਸਿਆ ਕਿ ਇਹਨਾਂ ਵਿਚੋਂਂ ਮੁਨੀਸ਼ ਕੁਮਾਰ ਜਾਲੀ ਕਾਗ਼ਜ਼ਾਤ ਤਿਆਰ ਕਰਨ ਦਾ ਮਾਹਿਰ ਹੈ ਅਤੇ ਇਹ ਜਾਲੀ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਤਿਆਰ ਕਰਦਾ ਸੀ ਜਿਹਾ ਤੇ ਫ਼ੋਟੋ ਗਿਰੋਹ ਮੈਂਬਰਾਂ ਦੀਆਂ ਲਗਾਈਆਂ ਜਾਂਦੀਆਂ ਸੀ। ਜਿਨ੍ਹਾਂ ਦੇ ਆਧਾਰ ਤੇ ਇਹ ਜਾਲੀ ਨਾਵਾਂਂ ਹੇਠ ਬੈਂਕ ਵਿਚ ਖਾਤਾ ਖੋਲ੍ਹ ਲੈਂਦੇ ਸੀ। ਫਿਰ ਇਸ ਗਿਰੋਹ ਦਾ ਸਰਗਨਾ ਅਸੀਸ ਮਿੱਤਲ ਇੰਟਰਨੈੱਟ ਤੋ ਸਰਚ ਕਰਕੇ ਲੋਕਾਂ ਦੇ ਮੋਬਾਈਲ ਨੰਬਰ ਹਾਸਿਲ ਕਰਕੇ ਉਨ੍ਹਾਂ ਸਬੰਧੀ ਸਾਰੀ ਜਾਣਕਾਰੀ ਹਾਸਿਲ ਕਰ ਲੈਂਦਾ ਸੀ। ਤੇ ਉਹਦਾ ਨੂੰ ਵੱਟਸਐਪ ਰਾਹੀਂ ਲਿੰਕ ਭੇਜ ਕੇ ਕਲਿੱਕ ਕਰਨ ਲਈ ਕਿਹਾ ਜਾਂਦਾ ਸੀ ਜਦੋਂ ਹੀ ਕੋਈ ਵਿਅਕਤੀ ਇਹਨਾਂ ਦੀਆ ਗੱਲਾ ਵਿਚ ਆ ਕੇ ਲਿੰਕ ਕਲਿੱਕ ਕਰਦਾ ਸੀ ਤਾਂ ਫਿਰ ਬਹਾਨੇ ਨਾਲ ਉਹਦੀ ਸਾਰੀ ਜਾਣਕਾਰੀ ਹਾਸਿਲ ਕਰਕੇ ਉਸ ਪਾਸੋਂਂ ਓ.ਟੀ.ਪੀ ਨੰਬਰ ਲੈ ਲਿਆ ਜਾਂਦਾ ਸੀ ਤੇ ਉਸੇ ਬੈਂਕ ਖਾਤੇ ਵਿਚੋਂ ਨੈੱਟ ਬੈਂਕਿੰਗ ਰਾਹੀਂ ਰਕਮ ਜਾਲੀ ਨਾਵਾਂ ਹੇਠ ਖੋਲੇ ਖਾਤਿਆਂ ਵਿਚ ਟਾਂਰਸਫਰ ਕਰ ਲਈ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਮੁਲਜ਼ਮਾਂ ਨੂੰ ਗੁਰਦਾਸਪੁਰ ਦੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਉਪਰੰਤ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਠੱਗੀ ਦੌਰਾਨ ਹਾਸਿਲ ਕੀਤੀ ਗਈ ਰਕਮ ਵੀ ਇਹਨਾਂ ਪਾਸੋਂ ਬਰਾਮਦ ਕੀਤੀ ਜਾਵੇਗੀ।
ਐੱਸ.ਐੱਸ.ਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ੱਕੀ ਲਿੰਕ ਆਉਂਦਾ ਹੈ ਤਾਂ ਉਹਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਅਤੇ ਲਿੰਕ ਨੂੰ ਨਾ ਖੋਲ੍ਹਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਾਈਬਰ ਸੈੱਲ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਕਿ ਸਾਈਬਰ ਕ੍ਰਾਈਮ ਨੂੰ ਰੋਕਿਆ ਜਾ ਸਕੇ।