45 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਹਾਲ
ਫ਼ਤਹਿਗੜ੍ਹ ਸਾਹਿਬ, 01 ਸਤੰਬਰ 2020: ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਕੀਤੇ ਜਾ ਰਹੇ ਸਰਬਪੱਖੀ ਵਿਕਾਸ ਤਹਿਤ ਪਿੰਡ ਨਲੀਨਾ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਉਂਦਿਆਂ ਸ੍ਰੀਮਤੀ ਮਨਦੀਪ ਕੌਰ ਨਾਗਰਾ ਨੇ ਕਿਹਾ ਕਿ ਇਸ ਹਾਲ ਦੇ ਬਣਨ ਨਾਲ ਇਸ ਪਿੰਡ ਦੇ ਹੀ ਨਹੀਂ ਸਗੋਂ ਸਮੁੱਚੇ ਇਲਾਕੇ ਨੂੰ ਲਾਭ ਹੋਵੇਗਾ। ਇਸ ਨਾਲ ਲੋਕ ਆਪਣੇ ਵੱਖ ਵੱਖ ਸਮਾਗਮ ਬਹੁਤ ਹੀ ਘੱਟ ਖਰਚੇ ਉਤੇ ਕਰ ਕੇ ਕਰਜ਼ੇ ਦੇ ਜਾਲ ਵਿੱਚ ਫ਼ਸਣ ਤੋਂ ਬਚ ਸਕਦੇ ਹਨ।
ਸ੍ਰੀਮਤੀ ਨਾਗਰਾ ਨੇ ਕਿਹਾ ਕਿ ਇਸ ਹਾਲ ਸਦਕਾ ਸਭ ਤੋਂ ਵੱਧ ਲਾਭ ਲੋੜਵੰਦਾਂ ਨੂੰ ਹੋਵੇਗਾ ਕਿਉਂਕਿ ਉਹ ਵੱਧ ਪੈਸੇ ਖਰਚ ਕਰ ਕੇ ਮਹਿੰਗੇ ਪੈਲੇਸ ਨਹੀਂ ਬੁੱਕ ਕਰ ਸਕਦੇ ਸਨ ਤੇ ਮਜਬੂਰੀ ਕਾਰਨ ਉਨ੍ਹਾਂ ਨੂੰ ਕਰਜ਼ੇ ਲੈਣੇ ਪੈ ਜਾਂਦੇ ਸਨ। ਉਨ੍ਹਾਂ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਅਜਿਹੇ ਹਾਲ ਬਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਮਾਗਮ ਕਰਨ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਵਾਅਦੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਗਏ ਸਨ, ਉਹ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਗਲੀਆਂ ਨਾਲੀਆਂ ਪੱਕੀਆਂ ਕਰਨ, ਲਾਈਟਾਂ ਲਗਵਾਉਣ ਤੇ ਸੀਵਰੇਜ ਪਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਸਮੇਂ-ਸਮੇਂ 'ਤੇ ਨਰੀਖਣ ਵੀ ਕੀਤਾ ਜਾਂਦਾ ਹੈ ਤਾਂ ਜੋ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕੋਈ ਖੜੋਤ ਨਾ ਆਵੇ।
ਉਨ੍ਹਾਂ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਰਹਿਨੁਮਾਈ ਹੇਠ ਹਲਕੇ ਨੂੰ ਪੰਜਾਬ ਦਾ ਅੱਵਲ ਹਲਕਾ ਬਨਾਉਣ ਲਈ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਵਿਕਾਸ ਕਾਰਜਾਂ ਦੌਰਾਨ ਕੋਰੋਨਾ ਤੋਂ ਬਚਾਅ ਸਬੰਧੀ ਸਾਵਧਾਨੀਆਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।ਇਸ ਮੌਕੇ ਪੰਚਾਇਤੀ ਰਾਜ ਦੇ ਐਕਸੀਅਨ ਜਸਵੀਰ ਸਿੰਘ,ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਸਰਪੰਚ ਅਮਰੀਕ ਸਿੰਘ ਨਲੀਨਾ,ਗੁਰਜਿੰਦਰ ਸਿੰਘ,ਪਵਿੱਤਰ ਸਿੰਘ ਕਾਲਾ,ਅਮਨਪ੍ਰੀਤ ਸਿੰਘ,ਰਾਜਵੰਤ ਕੌਰ,ਜਸਵਿੰਦਰ ਕੌਰ,ਜਰਨੈਲ ਸਿੰਘ ਸਾਰੇ ਪੰਚ,ਅਸਲਮ ਖਾਨ,ਜਸਪਾਲ ਸਿੰਘ ਸਾਬਕਾ ਸਰਪੰਚ,ਮਾਸਟਰ ਪ੍ਰੇਮ ਸਿੰਘ ਆਦਿ ਹਾਜ਼ਰ ਸਨ।