ਅਸ਼ੋਕ ਵਰਮਾ
ਬਠਿੰਡਾ, 27 ਅਗਸਤ 2020: ਪੰਜਾਬ ਖੇਤ ਮਜ਼ਦੂਰ ਯੂਨੀਅਨ ਮਰਹੂਮ ਜ਼ਿਲਾ ਪ੍ਰਧਾਨ ਨਾਨਕ ਸਿੰਘ ਦੀ ਬਰਸੀ ਇਸ ਵਾਰ 7 ਸਤੰਬਰ ਤੋ ਇਲਂਾਕੇ ਦੇ ਇੱਕ ਪਿੰਡ ਦੇ ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮੁਲਜਮ ਜਗੀਰਦਾਰਾਂ ਅਤੇ ਖਿਓਵਾਲੀ ’ਚ ਕਤਲ ਕੀਤੇ ਮਜ਼ਦੂਰ ਦੇ ਕਾਤਲਾਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਲੰਬੀ ਥਾਣੇ ਅੱਗੇ ਅਣਮਥੇ ਸਮਂੇ ਦਾ ਜਿਲਾ ਪੱਧਰੀ ਧਰਨਾ ਦੇ ਕੇ ਮਨਾਈ ਜਾਵੇਗੀ। ਇਹ ਫੈਸਲਾ ਪਿੰਡ ਸਿੰਘੇਵਾਲਾ ਵਿਖੇ ਜ਼ਿਲਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਦੀ ਪ੍ਰਧਾਨਗੀ ਹੇਠ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਜੁੜੇ ਮਜ਼ਦੂਰ ਵਰਕਰਾਂ ਦੀ ਹੋਈ ਭਰਵੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਜ਼ਿਲਾ ਕਮੇਟੀ ਮੈਂਬਰ ਕਾਲਾ ਸਿੰਘ ਖੂਨਣ ਖੁਰਦ ਰਾਜਾ ਸਿੰਘ, ਕਾਕਾ ਸਿੰਘ ਖੁੰਡੇ ਹਲਾਲ, ਗੁਰਮੇਲ ਕੌਰ ਤੇ ਤਾਰਾਵੰਤੀ ਨੇ ਸੰਬੋਧਨ ਕੀਤਾ।
ਬੁਲਾਰਿਆ ਨੇ ਆਖਿਆ ਕਿ ਮਰਹੂਮ ਨਾਨਕ ਸਿੰਘ ਉਮਰ ਭਰ ਪੁਲਸ ਤੇ ਜਗੀਰਦਾਰਾਂ ਦੇ ਜਬਰ ਖਿਲਾਫ਼ ਆਖਰੀ ਸਾਹਾਂ ਤੱਕ ਲੜਦਾ ਰਿਹਾ ਅੱਜ ਪੁਲਸ, ਜਗੀਰੂ ਜਬਰ ਖਿਲਾਫ਼ ਘੋਲ ਤੇਜ਼ ਕਰਨਾ ਹੀ ਨਾਨਕ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਉਹਨਾਂ ਆਖਿਆ ਕਿ ਲੰਬੀ ਹਲਕੇ, ਮਜ਼ਦੂਰ ਪਰਿਵਾਰ ਦੀ ਨਬਾਲਗ ਲੜਕੀ ਨਾਲ ਬਲਾਤਕਾਰ ਕਰਨ ਉਪਰੰਤ ੳਸਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਧਨਾਢ ਲਗਭੱਗ 1 ਮਹੀਨਾ ਬੀਤਣ ਦੀ ਬਾਵਜੂਦ ਪੈਸੇ ਅਤੇ ਸਿਆਸੀ ਜੋਰ ਦੇ ਕਾਰਨ ਪੁਲਸ ਦੀ ਗਿਰਫਤ ਤੋਂ ਬਾਹਰ ਫਿਰਦੇ ਹਨ ਅਤੇ ਪੀੜਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੋਸ਼ ਲਾਇਆ ਕਿ ਪੀੜਤ ਵੱਲੋਂ 3 ਅਗਸਤ ਨੂੰ ਪੁਲਸ ਥਾਣਾ ਲੰਬੀ ਵਿਖੇ ਹਾਜਰ ਹੋ ਕੇ ਸਮੂਹਿਕ ਬਲਾਤਕਾਰ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਅਤੇ ਡਾਕਟਰ ਵੱਲੋਂ ਕਥਿਤ ਮਿਲੀ ਭੁਗਤ ਸਦਕਾ ਉਸਦਾ ਮੈਡੀਕਲ ਕਰਵਾ ਕੇ ਬਲਾਤਕਾਰ ਤੇ ਐਸ.ਸੀ.ਐਕਟ ਦੀ ਧਾਰਾ ਨਹੀਂ ਲਾਈ ਬਲਕਿਂ ਖਾਨਾ ਪੂਰਤੀ ਹੀ ਕਰ ਦਿੱਤੀ ਗਈ।
ਉਹਨਾਂ ਆਖਿਆ ਕਿ ਅਦਾਲਤੀ ਹੁਕਮਾਂ ਦੇ ਬਾਅਦ 13 ਅਗਸਤ ਨੂੰ ਯੂਨੀਅਨ ਆਗੂਆਂ ਦੇ ਸਹਿਯੋਗ ਨਾਲ ਪੁਲਸ ਤੇ ਡਾਕਟਰ ਨੇ ਪੀੜਤ ਲੜਕੀ ਦਾ ਮੈਡੀਕਲ ਕਰਨ ਲਈ ਮਜ਼ਬੂਰ ਹੋ ਕੇ ਤਿੰੰਨ ਜਣਿਆਂ ਖਿਲਾਫ਼ ਬਲਾਤਕਾਰ ਤੋਂ ਇਲਾਵਾ ਐਸ.ਸੀ.ਐਸ. ਟੀ ਐਕਟ ਦੀਆਂ ਧਰਾਵਾਂ ਤਹਿਤ ਕੇਸ ਤਾਂ ਦਰਜ ਕਰ ਦਿੱਤਾ ਪ੍ੰਤੂ ਦੋ ਹੋਰ ਮੁਲਜਮਾਂ ਜੋ ਇਲਾਕੇ ਦੇ ਸਿਆਸੀ ਆਗੂਆਂ ਦੇ ਨਜ਼ਦੀਕੀ ਹਨ ਨੂੰ ਪੁਲਸ ਗਿ੍ਰਫਤਾਰ ਨਹੀਂ ਕਰ ਰਹੀ। ਉਹਨਾਂ ਲੰਬੀ ਥਾਣੇ ਦੀ ਪੁਲਸ ਉੱਤੇ ਇਲਾਕੇ ਦੇ ਪਿੰਡ ਖਿਓਵਾਲੀ ਵਿਖੇ 6 ਮਈ ਨੂੰ ਕਤਲ ਕੀਤੇ ਗਏ, ਮਜ਼ਦੂਰ ਕਾਕਾ ਸਿੰਘ ਦੇ ਕਾਤਲਾਂ ਨੂੰ ਵੀ ਅਜੇ ਤੱਕ ਗਿ੍ਰਫਤਾਰ ਨਾ ਕਰਨ ਦੇ ਦੋਸ਼ ਲਾਉਦਿਆਂ ਕਿਹਾ ਕਿ ਪੁਲਸ ਅਧਿਕਾਰੀ ਕਾਨੂੰਨ ਲਾਗੂ ਕਰਨ ਦੀ ਥਾਂ ਸਿਆਸੀ ਚੌਧਰੀਆਂ ਦੇ ਹੁਕਮ ਲਾਗੂ ਕਰ ਰਹੇ ਹਨ।
ਇਸ ਮੌਕੇ 7 ਸਤੰਬਰ ਤੋਂ ਲੰਬੀ ਥਾਣੇ ਅੱਗੇ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਲਈ ਇਲਾਕੇ ਦੇ ਪਿੰਡਾਂ ਵਿੱਚ ਜੋਰਦਾਰ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਕਰਜ਼ਾ ਮੁਕਤੀ ਲਈ ਤੇ ਬਲਾਤਕਾਰ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਗਏ ਪ੍ਰਦਰਸ਼ਨਾਂ ਸਮੇਂ ਖੇਤ ਮਜ਼ਦੂਰਾਂ, ਕਿਸਾਨਾਂ, ਆਰ.ਐਮ.ਪੀ. ਡਾਕਟਰਾਂ ਤੇ ਬਿਜਲੀ ਮੁਲਾਜ਼ਮਾਂ ਦੇ ਆਗੂਆਂ ਉੱਪਰ ਲੰਬੀ ਥਾਣੇ ਵਿੱਚ ਕੇਸ ਦਰਜ ਕਰਨ ਦੀ ਨਿਖੇਧੀ ਦਾ ਮਤਾ ਵੀ ਪਾਸ ਕੀਤਾ ਗਿਆ।