ਸਰਕਾਰੀ ਟੈਸਟਿੰਗ ਸੈਂਟਰਾਂ 'ਤੇ ਕੋਵਿਡ ਟੈਸਟ ਮੁਫ਼ਤ ਕੀਤੇ ਜਾਂਦੇ ਹਨ
ਹੁਣ ਰੋਜ਼ਾਨਾ 4 ਹਜ਼ਾਰ ਦੇ ਕਰੀਬ ਕੋਵਿਡ ਟੈਸਟ ਕੀਤੇ ਜਾਂਦੇ ਹਨ - ਡਿਪਟੀ ਕਮਿਸ਼ਨਰ
ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਬੇ-ਬੁਨਿਆਦ ਅਤੇ ਝੂੱਠੀਆਂ ਅਫਵਾਹਾਂ ਤੋਂ ਗੁਰੇਜ਼ ਕੀਤਾ ਜਾਵੇ
ਮਾਰਕੀਟ ਐਸ਼ੋਸੀਏਸ਼ਨਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ
ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ
ਲੁਧਿਆਣਾ, 26 ਅਗਸਤ 2020: ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਵਿਡ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਤੁਰੰਤ ਬਿਨ੍ਹਾਂ ਕਿਸੇ ਦੇਰੀ ਦੇ ਨੇੜਲੇ ਕੋਵਿਡ ਟੈਸਟਿੰਗ ਸੈਂਟਰ 'ਤੇ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ ਅਤੇ ਇਹ ਟੈਸਟ ਸਰਕਾਰੀ ਟੈਸਟਿੰਗ ਸੈਂਟਰਾਂ 'ਤੇ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿਮਾਰੀ ਦੀ ਸ਼ੁਰੁਆਤ ਵਿੱਚ ਹੀ ਪਤਾ ਲੱਗ ਜਾਂਦਾ ਹੈ ਤਾਂ ਕਾਫੀ ਹੱਦ ਤੱਕ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ। ਕੋਵਿਡ ਪੋਜ਼ਟਿਵ ਹੋਣ ਦੀ ਸੂਰਤ ਵਿਚ ਕਈ ਵਾਰ ਆਕਸੀਜ਼ਨ ਦਾ ਲੈਵਲ ਕਾਫੀ ਘੱਟ ਜਾਂਦਾ ਹੈ ਜਿਸ ਕਾਰਨ ਕਈ ਵਾਰ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਵੱਲੋਂ ਆਡ-ਈਵਨ ਸਬੰਧੀ ਸਪੱਸ਼ਟ ਕੀਤਾ ਕਿ ਸਤੰਬਰ ਮਹੀਨੇ ਦੇ 4 ਹਫ਼ਤੇ ਕੋਵਿਡ ਮਹਾਂਮਾਰੀ ਦੇ (Peak) ਚਰਮ ਸੀਮਾ 'ਤੇ ਜਾਣ ਦੀ ਸੰਭਾਵਨਾ ਹੈ ਜਿਸ ਲਈ ਇਹ ਫਾਰਮੂਲਾ ਲਾਗੂ ਕੀਤਾ ਗਿਆ ਹੈ ਤਾਂ ਜੋ ਬਜ਼ਾਰਾਂ ਵਿੱਚ ਭੀੜ ਇਕੱਠੀ ਨਾ ਹੋ ਸਕੇ ਅਤੇ ਕੋਵਿਡ ਦੀ ਲੜੀ ਨੂੰ ਤੋੜਿਆ ਜਾ ਸਕੇ।
ਡਿਪਟੀ ਕਮਿਸ਼ਨਰ ਵੱਲੋਂ ਸਤੰਬਰ ਮਹੀਨੇ ਵਿੱਚ ਪੂਰਾ ਲਾਕਡਾਊਨ ਕਰਨ ਸਬੰਧੀ ਇੱਕ ਪ੍ਰਸ਼ਨ ਦੇ ਜੁਆਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਜਿਹੀ ਕੋਈ ਵੀ ਸੂਚਨਾ ਪ੍ਰਾਪਤ ਨਹੀਂ ਹੋਈ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਬੇ-ਬੁਨਿਆਦ ਅਤੇ ਝੂੱਠੀਆਂ ਅਫਵਾਹਾਂ ਤੋਂ ਗੁਰੇਜ਼ ਕੀਤਾ ਜਾਵੇ।
ਸ੍ਰੀ ਸਰਮਾ ਨੇ ਸ਼ਾਮ 7 ਵਜੇ ਦੇ ਲਾਕਡਾਊਨ ਲਗਾਉਣ ਸਬੰਧੀ ਪੁੱਛੇ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕਾਫੀ ਲੋਕਾਂ ਵੱਲੋਂ ਆਪਣੇ ਕੰਮ-ਕਾਜ ਤੋਂ ਵਿਹਲੇ ਹੋ ਕੇ ਸ਼ਾਮ ਸਮੇਂ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਨਾਲ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਜੋ ਕਿ ਸਾਡੇ ਸਾਰਿਆਂ ਦੇ ਹਿੱਤ 'ਚ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਸਾਰੀਆਂ ਦੁਕਾਨਾਂ ਖੁੱਲੀਆਂ ਹੋਣ ਸਬੰਧੀ ਪੁੱਛੇ ਗਏ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਅੱਜ ਸ਼ਹਿਰ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਅਜਿਹਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ। ਜਿਸ ਇਲਾਕੇ ਦਾ ਉਨ੍ਹਾਂ ਵੱਲੋਂ ਦੌਰਾ ਕੀਤਾ ਗਿਆ ਉੱਥੇ ਅੱਧੀਆਂ ਦੁਕਾਨਾਂ ਬੰਦ ਸੀ ਅਤੇ ਅੱਧੀਆਂ ਖੁੱਲੀਆਂ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਵੀ ਧਿਆਨ ਵਿਚ ਵੀ ਲਿਆਉਣਗੇ ਤਾਂ ਜੋ ਉਹ ਸਬੰਧਤ ਐਸ.ਐਚ.ਓ. ਦੀ ਡਿਊਟੀ ਲਗਾ ਕੇ ਸਰਕਾਰ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ। ਉਨ੍ਹਾਂ ਨੇ ਮਾਰਕੀਟ ਐਸ਼ੋਸੀਏਸ਼ਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰ ਕੇ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ ਤਾਂ ਜੋ ਆਉਣ ਵਾਲੇ ਤਿਉਂਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਸ ਮਹਾਂਮਾਰੀ ਦਾ ਅੰਤ ਹੋ ਸਕੇ।
ਟੈਸਟ ਦੀ ਰਿਪੋਰਟ ਤੁਰੰਤ ਜਾਂ ਆਨਲਾਈਨ ਰਿਜ਼ਲਟ ਸਬੰਧੀ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਇਸ ਨਾਲ ਕਾਫੀ ਗੰਭੀਰ ਸਥਿਤੀ ਪੈਦਾ ਹੋ ਜਾਂਦੀ ਹੈ, ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਦੀ ਪੋਜ਼ਟਿਵ ਰਿਪੋਰਟ ਸਰਵਜਨਿਕ ਹੋਣ ਨਾਲ ਉਸ ਦੇ ਆਸ-ਪਾਸ ਦੇ ਲੋਕਾਂ ਵੱਲੋ ਹੀਣ ਭਾਵਨਾ ਨਾਲ ਦੇਖਿਆ ਜਾਂਦਾ ਹੈ ਅਤੇ ਉਸਦੇ ਮਿੱਤਰਾਂ/ਰਿਸ਼ਤੇਦਾਰਾਂ ਵੱਲੋਂ ਵਾਰ-ਵਾਰ ਫੋਨ ਕੀਤੇ ਜਾਂਦੇ ਹਨ ਜਿਸ ਨਾਲ ਮਰੀਜ਼ ਦੀ ਸਿਹਤ ਹੋਰ ਜ਼ਿਆਦਾ ਵਿਗੜ ਜਾਂਦੀ ਹੈ।
ਸ੍ਰੀ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਆਉਣ ਵਾਲੇ ਸਤੰਬਰ ਮਹੀਨੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮਾਜਿਕ ਗਤੀਵਿਧੀ ਵਿਚ ਸ਼ਾਮਲ ਨਾ ਹੋਣ, ਜਿਵੇਂ ਕਿ ਕੋਈ ਜਨਮ ਦਿਨ, ਵਿਆਹ ਆਦਿ ਸਮਾਗਮਾਂ ਵਿੱਚ ਜਾਣ ਤੋਂ ਗੁਰੇਜ਼ ਹੀ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਉਹ ਆਪ ਵੀ ਸੁਰੱਖਿਅਤ ਰਹਿਣਗੇ ਅਤੇ ਆਪਣਿਆਂ ਨੂੰ ਵੀ ਸੁਰੱਖਿਅਤ ਰੱਖਣ ਵਿੱਚ ਸਹਾਈ ਸਿੱਧ ਹੋਣਗੇ।