ਅਸ਼ੋਕ ਵਰਮਾ
ਬਠਿੰਡਾ, 31 ਅਗਸਤ 2020: ਸਮਾਜਸੇਵਾ ਨੂੰ ਪਰਮੋਧਰਮ ਮੰਨਦਿਆਂ ਇਸ ਲਹਿਰ ਨੂੰ ਇਨਕਲਾਬ ਬਣਾਉਣ ਲਈ ਯਤਨਸ਼ੀਲ ਬਠਿੰਡਾ ਸ਼ਹਿਰ ਦੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਹੁਣ ਲੋਕਾਂ ਲਈ ਕਿਸੇ ਪਛਾਣ ਦੀ ਮੁਥਾਜ ਨਹੀਂ ਰਹੀ ਹੈ। ਖਾਸ ਤੌਰ ਤੇ ਕਰੋਨਾ ਸੰਕਟ ਸ਼ੁਰੂ ਹੋਣ ਤੋਂ ਬਾਅਦ ਤਾਂ ਸੰਸਥਾ ਦੇ ਵਲੰਟੀਅਰਾਂ ਨੂੰ ਕਦੇ ਚੈਨ ਨਾਲ ਅਰਾਮ ਕਰਦਿਆਂ ਨਹੀਂ ਦੇਖਿਆ ਹੈ। ਅੱਜ ਜਦ ਪੂਰੀ ਦੁਨੀਆਂ ਵਿਚ ਕਰੋਨਾ ਦਾ ਕਹਿਰ ਹੈ ਅਤੇ ਆਪਣੇ ਵੀ ਸਾਥ ਛੱਡਦੇ ਜਾਂਦੇ ਹਨ ਤਾਂ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਅੱਗੇ ਆ ਕੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਦੀ ਮਿਸ਼ਾਲ ਪੇਸ਼ ਕੀਤੀ ਹੈ। ਸੁਸਾਇਟੀ ਦੇ ਵਲੰਟੀਅਰ ਵੀ ਕਰੋਨਾ ਪ੍ਰਤੀ ਬਣੀਆਂ ਸਮਾਜਿਕ ਮਿੱਥਾਂ ਤੋੜਨ ਲਈ ਅੱਗੇ ਆਏ ਅਤੇ ਪ੍ਰਸ਼ਾਸ਼ਨ ਨਾਲ ਹਰ ਤਰਾਂ ਦਾ ਸਹਿਯੋਗ ਕਰ ਰਹੇ ਹਨ। ਖਾਸ ਤੌਰ ਤੇ ਸੰਸਥਾ ਹੁਣ ਤੱਕ ਕਰੋਨਾ ਕਾਰਨ ਮੌਤ ਦੇ ਮੂੰਹ ਜਾ ਪਏ ਕਰੀਬ ਤਿੰਨ ਦਰਜਨ ਵਿਅਕਤੀਆਂ ਦੀਆਂ ਲਾਸ਼ਾਂ ਦੇ ਪੂਰੇ ਵਿਧੀ ਵਿਧਾਨ ਅਤੇ ਸਾਵਧਾਨੀਆਂ ਸਾਹਿਤ ਅੰਤਮ ਸਸਕਾਰ ਕਰ ਚੁੱਕੀ ਹੈ ਤੇ ਸਿਲਸਿਲਾ ਜਾਰੀ ਹੈ।
ਇੰਨੀਂ ਦਿਨੀਂ ਸੰਸਥਾ ਦੇ ਵਲੰਟੀਅਰ ਕਦੇ ਮਰੀਜ ਨੂੰ ਹਸਪਤਾਲਾਂ ’ਚ ਛੱਡ ਕੇ ਆਉਂਦੇ ਦਿਖਾਈ ਦਿੰਦੇ ਹਨ ਤਾਂ ਕਦੀ ਅਰਾਮ ਆਉਣ ਤੇ ਮਰੀਜਾਂ ਘਰ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਕਰੀਬ 15 ਵਰਿਆਂ ਤੋਂ ਵੀ ਜਿਆਦਾ ਅਰਸੇ ਤੋਂ ਹਾਦਸਾ ਪੀੜਤ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ ’ਚ ਦਾਖਲ ਕਰਵਾਉਣ ਲਈ ਸਰਗਰਮ ਇਸ ਸੰਸਥਾ ਨੇ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ’ਚ ਅਹਿਮ ਰੋਲ ਨਿਭਾਇਆ ਹੈ। ਇਸ ਤੋਂ ਬਿਨਾਂ ਸੰਸਥਾ ਦੇ ਵਲੰਟੀਅਰ ਅਤੇ ਸਾਥ ਦੇਣ ਵਾਲੇ ਲੋਕ ਲਗਾਤਾਰ ਖੂਨਦਾਨ ਕਰ ਰਹੇ ਹਨ। ਸੁਸਾਇਟੀ ਨੇ ਇਸ ਨੇਕ ਕਾਰਜ ਲਈ ਅਜਿਹੀ ਜਾਗਰੂਕਤਾ ਪੈਦਾ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਕਿ ਵੱਡੀ ਗਿਣਤੀ ਵਲੰਟੀਅਰ ਸੇਵਾ ਕਰਨ ਲਈ ਅੱਗੇ ਆ ਰਹੇ ਹਨ। ਸੁਸਾਇਟੀ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦਾ ਹੀ ਸਿੱਟਾ ਹੈ ਕਿ ਬਠਿੰਡਾ ਪ੍ਰਸ਼ਾਸ਼ਨ ਨੂੰ ਹੁਣ ਕਰੋਨਾ ਮਰੀਜਾਂ ਪ੍ਰਤੀ ਬਹੁਤੀ ਚਿੰਤਾ ਨਹੀਂ ਰਹੀ ਹੈ। ਪੀਪੀ ਕਿੱਟਾਂ ਪਾਕੇ ਵਲੰਟੀਅਰ ਕਿਸੇ ਵੀ ਸੰਕਟ ਦੀ ਘੜੀ ’ਚ ਪ੍ਰਸ਼ਾਸ਼ਨ ਦੇ ਬਰਾਬਰ ਖੜਦੇ ਹਨ।
ਅਫਸਰਾਂ ਨਾਲ ਮਿਲਕੇ ਤੋੜੀ ਕਰੋਨਾ ਪ੍ਰਤੀ ਮਿੱਥ
ਭਾਵੇਂ ਨੌਜਵਾਨ ਵੈਲਫੇਅਰ ਸੁਸਾਇਟੀ ਲੰਮੇ ਸਮੇਂ ਤੋਂ ਸਮਾਜਸੇਵਾ ਦੇ ਖੇਤਰ ‘ਚ ਨਿੱਤਰੀ ਹੋਈ ਹੈ ਪਰ ਵੱਡੀ ਮਿਸਾਲ ਮੈਰੀਟੋਰੀਅਸ ਸਕੂਲ ਵਿਚ ਬਣੇ ਆਇਸੋਲੇਸ਼ਨ ਵਾਰਡ ਤੋਂ ਮਿਲਦੀ ਹੈ ਜਿੱਥੇ ਲੰਘੀ ਅਪਰੈਲ ’ਚ ਚਾਦਰਾਂ, ਸਿਰਹਾਣਿਆਂ ਦੇ ਕਵਰ ਅਤੇ ਹੋਰ ਕਪੜੇ ਧੋਣ ਦੀ ਸਮੱਸਿਆ ਪੈਦਾ ਹੋ ਗਈ ਸੀ। ਲੋਕਾਂ ਵਿਚ ਡਰ ਸੀ ਕਿ ਇੱਥੇ ਰਹਿ ਕੇ ਗਏ ਲੋਕਾਂ ਕਾਰਨ ਕਪੜਿਆਂ ਨੂੰ ਧੋਣ ਸਮੇਂ ਉਨਾਂ ਤੇ ਹੀ ਵਾਇਰਸ ਦਾ ਹਮਲਾ ਨਾ ਹੋ ਜਾਵੇ ਪਰ ਵਲੰਟੀਅਰਾਂ ਨੇ ਆਇਸੋਲੇਸ਼ਨ ਵਾਰਡ ਦੀ ਸਫਾਈ ਅਤੇ ਚਾਦਰਾਂ ਧੋਣ ’ਚ ਸੰਸਥਾ ਨੇ ਵੀ ਸਹਿਯੋਗ ਕੀਤਾ ਸੀ। ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਜਦੋਂ ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਅੱਗੇ ਆਏ ਤਾਂ ਸਭ ਹੌਂਸਲਾ ਫੜ ਗਏ। ਇਸ
ਸਮਾਜਸੇਵਾ ਦਾ ਕਾਰਵਾਂ ਬਣੀ ਸੁਸਾਇਟੀ
ਦਰਅਸਲ ਬਠਿੰਡਾ ਦੇ ਨੌਜਵਾਨ ਸੋਨੂੰ ਮਹੇਸ਼ਵਰੀ ਨੇ ਜਦੋਂ ਦੂਸਰਿਆਂ ਦੀ ਪੀੜ ਨੂੰ ਆਪਣੀ ਸਮਝ ਲਿਆ ਤਾਂ ਛੋਟੀ ਉਮਰ ‘ਚ ਸੇਵਾ ਦਾ ਜੋ ਰਸਤਾ ਚੁਣਿਆ ਉਹ ਹੁਣ ਕਾਰਵਾਂ ਬਣ ਗਿਆ ਹੈ। ਹਾਦਸਾ ਪੀੜਤਾਂ ਨੂੰ ਹਸਪਤਾਲ ਲਿਜਾਣਾ, ਲੋੜਵੰਦਾਂ ਲਈ ਖੂਨਦਾਨ ਕਰਨਾ ਤੇ ਆਮ ਲੋਕਾਂ ਨੂੰ ਅੱਖਾਂ ਦਾਨ ਵਾਸਤੇ ਪ੍ਰੇਰਿਤ ਕਰਨਾ ਤਾਂ ਆਮ ਗੱਲ ਬਣ ਗਈ ਸੀ ਪਰ ਹੁਣ ਕਰੋਨਾ ਸੰਕਟ ਦੌਰਾਨ ਤਾਂ ਸੰਸਥਾ ਨੇ ਲੋਕਾਈ ਦਾ ਦਰਦ ਵੰਡਾਇਆ ਹੈ। ਸੋਨੂੰ ਮਹੇਸ਼ਵਰੀ ਸਿਰਫ 19 ਕੁ ਸਾਲ ਦੀ ਉਮਰ ਵਿਚ ਸਮਾਜ ਸੇਵਾ ਦੇ ਖੇਤਰ ‘ਚ ਕੁੱਦ ਪਿਆ ਅਤੇ ਸਾਥੀਆਂ ਦੇ ਸਹਿਯੋਗ ਨਾਲ ਨੌਜਵਾਨ ਵੈਲਫੇਅਰ ਸੁਸਾਇਟੀ ਨਾਮ ਦੀ ਸੰਸਥਾ ਦਾ ਗਠਨ ਕੀਤਾ। ਲੋਕ ਸੇਵਾ ਕਰਦਿਆਂ ਔਕੜਾਂ ਵੀ ਆਈਆਂ ਫਿਰ ਵੀ ਇਹ ਸਫਰ ਬਿਨਾਂ ਰੁਕੇ ਜਾਰੀ ਹੈ।
ਲੋਕ ਨਿਯਮਾਂ ਦੀ ਪਾਲਣਾ ਕਰਨ:ਸੋਨੂੰ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਵਲੰਟੀਅਰ ਤੇ ਸੰਸਥਾ ਕਿਸੇ ਤੇ ਅਹਿਸਾਨ ਨਹੀਂ ਕਰ ਰਹੇ ਬਲਕਿ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕੀਤਾ ਜਾ ਰਿਹਾ ਹੈਾ ਉਨਾਂ ਆਖਿਆ ਕਿ ਲੋਕ ਸਿਹਤ ਵਿਭਾਗ ਦੇ ਨਿਯਮਾਂ ਪ੍ਰਤੀ ਚੇਤਨ ਹੋਣ ਤਾਂ ਕਰੋਨਾ ਫੈਲਣ ਦੀ ਦਰ ਘਟਾਈ ਜਾ ਸਕਦੀ ਹੈ ।ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ।
ਲੋਕ ਪੱਖੀ ਕਾਰਜ ਸ਼ਲਾਘਾਯੋਗ:ਐਸਡੀਐਮ
ਐਸਡੀਐਮ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਜਾ ਰਹੇ ਲੋਕ ਪੱਖੀ ਕਾਰਜਾਂ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ। ਉਨਾਂ ਦੱਸਿਆ ਕਿ ਕਰੋਨਾ ਦੇ ਖਤਰੇ ਦੌਰਾਨ ਤਾਂ ਖੁਦ ਸੋਨੂੰ ਨੇ ਅੱਗੇ ਹੋਕੇ ਆਪਣੇ ਵਲੰਟੀਅਰਾਂ ਨਾਲ ਜਿਸ ਤਰਾਂ ਦੀ ਭੂਮਿਕਾ ਅਦਾ ਕੀਤੀ ਹੇ ਜਿਸ ਤੋਂ ਉਹ ਬਹੁਤ ਕਾਇਲ ਹੋਏ ਹਨ।
ਕਰੋਨਾ ਖਿਲਾਫ ਲੜਾਈ ਸੁਸਾਇਟੀ ਦਾ ਸਿਰਨਾਵਾਂ
ਸਮਾਜਿਕ ਆਗੂ ਤੇ ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਹੁਣ ਕਰੋਨਾ ਖਿਲਾਫ ਲੜਾਈ ਹੀ ਸੁਸਾਇਟੀ ਦਾ ਸਿਰਨਾਵਾਂ ਬਣ ਗਈ ਹੈ। ਉਨਾਂ ਕਿਹਾ ਕਿ ਸ਼ਾਇਦ ਇਹ ਉਨਾਂ ਮਰੀਜਾਂ ਦੀਆਂ ਦੁਆਵਾਂ ਦਾ ਹੀ ਅਸਰ ਹੈ ਜਿੰਨਾਂ ਦੀ ਜਿੰਦਗੀ ਬਚਾਉਣ ਲਈ ਸੰਸਥਾ ਨੇ ਲੜਾਈ ਲੜੀ ਹੈ।