← ਪਿਛੇ ਪਰਤੋ
ਮਨਿੰਦਰਜੀਤ ਸਿੱਧੂ ਜੈਤੋ, 07 ਸਤੰਬਰ 2020 : ਬੀਤੇ ਕੁੱਝ ਦਿਨ ਪਹਿਲਾਂ ਸ਼ੋਸਲ ਮੀਡੀਆ ਉੱਪਰ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਆਸ਼ਾ ਵਰਕਰਾਂ ਨੂੰ ਵੱਧ-ਵੱਧ ਲੋਕਾਂ ਦੀ ਕੋਰੋਨਾ ਸੈਂਪਲਿੰਗ ਕਰਵਾਉਣ ਲਈ ਆਦੇਸ਼ ਦਿੱਤੇ ਜਾ ਰਹੇ ਸਨ ਅਤੇ ਹਰੇਕ ਆਸ਼ਾ ਵਰਕਰ ਨੂੰ ਟਾਰਗੇਟ ਦਿੱਤਾ ਗਿਆ ਸੀ ਕਿ ਉਸਨੇ ਦੋ ਵਿਅਕਤੀ ਸੈਂਪਲ ਕਰਵਾਉਣ ਲਈ ਹਰ ਹਾਲਤ ਵਿੱਚ ਸਿਵਲ ਹਸਪਤਾਲ ਜੈਤੋ ਵਿਖੇ ਲੈਕੇ ਆਉਣੇ ਹਨ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਿਹਤ ਸਹੂਲਤਾਂ ਨੂੰ ਲੈਕੇ ਅਤੇ ਕੋਰੋਨਾ ਟੈਸਟਿੰਗ ਨੂੰ ਲੈਕੇ ਕਾਫੀ ਡਰ ਅਤੇ ਸੰਕਾਵਾਂ ਉਤਪੰਨ ਹੋ ਗਈਆਂ ਸਨ। ਪਿੰਡਾਂ ਵਿੱਚ ਆਸ਼ਾ ਵਰਕਰਾਂ ਦਾ ਵਿਰੋਧ ਵੀ ਕੀਤਾ ਜਾਣ ਲੱਗਾ ਸੀ। ਇੱਕ ਨਿੱਜੀ ਚੈਨਲ ਵੱਲੋਂ ਬਿਨ੍ਹਾਂ ਪੁਸ਼ਟੀ ਕੀਤਿਆਂ ਆਡੀਓ ਨੂੰ ਇੱਕ ਆਸ਼ਾ ਵਰਕਰ ਵੱਲੋਂ ਦੂਜੀਆਂ ਆਸ਼ਾ ਵਰਕਰਾਂ ਨੂੰ ਦਿੱਤੇ ਗਏ ਆਦੇਸ਼ ਵਜੋਂ ਪੇਸ਼ ਕੀਤਾ ਗਿਆ ਜਦਕਿ ਅਸਲੀਅਤ ਵਿੱਚ ਇਹ ਸੰਦੇਸ਼ ਜੈਤੋ ਸਿਵਲ ਹਸਪਤਾਲ ਵਿਖੇ ਤੈਨਾਤ ਇੱਕ ਏ.ਐਨ.ਐਮ. ਵੱਲੋਂ ਆਸ਼ਾ ਵਰਕਰਾਂ ਦੇ ਨਾਮ ਦਿੱਤਾ ਗਿਆ ਸੀ। ਆਸ਼ਾ ਵਰਕਰਾਂ ਖਿਲਾਫ ਉੱਡ ਰਹੀਆਂ ਗਲਤ ਅਫ਼ਵਾਹਾਂ ਅਤੇ ਆਪਣੀ ਖਾਹਮਖਾਹ ਦੀ ਬਦਨਾਮੀ ਨੂੰ ਲੈਕੇ ਆਸ਼ਾ ਵਰਕਰਾਂ ਵਿੱਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਸੀ। ਜਿਸਦੇ ਚਲਦਿਆਂ ਉਹਨਾਂ ਪਿਛਲ਼ੇ ਦਿਨੀਂ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਦੀ ਅਗਵਾਈ ਵਿੱਚ 10 ਸਿਤੰਬਰ ਨੂੰ ਉਕਤ ਏ.ਐਨ.ਐਮ. ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਖਿਲਾਫ਼ ਧਰਨੇ ਦਾ ਐਲਾਨ ਕੀਤਾ ਗਿਆ ਸੀ।ਧਰਨੇ ਦੇ ਐਲਾਨ ਤੋਂ ਤੁਰੰਤ ਬਾਅਦ ਹੀ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਅੱਜ ਸਥਾਨਕ ਸਬ-ਡਵੀਜ਼ਨ ਦਫ਼ਤਰ ਵਿਖੇ ਐਸ.ਡੀ.ਐਮ. ਮਨਦੀਪ ਕੌਰ ਨੇ ਐਸ.ਐਮ.ਓ. ਡਾ. ਕੀਮਤੀ ਲਾਲ ਅਨੰਦ, ਏ.ਐਨ.ਐਮ. ਸਿੰਬਲ ਕਾਂਤ ਅਤੇ ਆਸ਼ਾ ਵਰਕਰਾਂ ਵਿਚਕਾਰ ਚੱਲ ਰਹੇ ਮੱਤਭੇਦਾਂ ਨੂੰ ਦੂਰ ਕਰਨ ਲਈ ਸਾਂਝੀ ਮੀਟਿੰਗ ਸੱਦੀ। ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ. ਡਾ. ਮਨਦੀਪ ਕੌਰ ਨੇ ਕਿਹਾ ਕਿ ਜੋ ਆਡੀਓ ਵਾਇਰਲ ਹੋਈ ਹੈ ਉਸ ਵਿੱਚ ਜੋ ਵੀ ਪ੍ਰਸ਼ਾਸਨ ਦੀਆਂ ਹਦਾਇਤਾਂ ਹਨ ਉਹਨਾਂ ਬਾਰੇ ਹੀ ਆਸ਼ਾ ਵਰਕਰਾਂ ਨੂੰ ਦੱਸਿਆ ਗਿਆ ਸੀ। ਇਹ ਆਡੀਓ ਏ.ਐਨ.ਐਮ. ਸਿੰਬਲ ਕਾਂਤ ਦੀ ਹੈ ਨਾਂ ਕਿ ਕਿਸੇ ਆਸ਼ਾ ਵਰਕਰ ਦੀ ਹੈ। ਐਸ.ਐਮ.ਓ. ਕੀਮਤੀ ਲਾਲ ਨੇ ਕਿਹਾ ਕਿ ਅਸੀਂ ਆਡੀਓ ਲੀਕ ਕਰਨ ਵਾਲੇ ਦਾ ਪਤਾ ਲਗਾਉਣ ਲਈ ਪੁਲਿਸ ਸਟੇਸ਼ਨ ਜੈਤੋ ਵਿਖੇ ਦਰਖਾਸਤ ਦੇ ਦਿੱਤੀ ਹੈ। ਜਾਂਚ ਵਿੱਚ ਜਿਸ ਦਾ ਵੀ ਨਾਮ ਆਏਗਾ ਉਸ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਏ.ਐਨ.ਐਮ ਸਿੰਬਲ ਕਾਂਤ ਵੱਲੋਂ ਮੀਡੀਆ ਸਾਹਮਣੇ ਮੰਨਿਆ ਗਿਆ ਕਿ ਇਹ ਆਡੀਓ ਉਸਦੀ ਹੈ ਨਾਂ ਕਿ ਕਿਸੇ ਆਸ਼ਾ ਵਰਕਰ ਦੀ। ਸਿੰਬਲ ਕਾਂਤ ਵੱਲੋਂ ਆਪਣੀ ਆਡੀਓ ਕਬੂਲਣ ਤੋਂ ਬਾਅਦ ਆਸ਼ਾ ਵਰਕਰਾਂ ਦਾ ਗੁੱਸਾ ਸ਼ਾਂਤ ਹੋ ਗਿਆ ਅਤੇ ਉਹਨਾਂ ਨੇ ਸਮਝੌਤਾ ਮੰਨ ਕੇ ਧਰਨਾ ਲਾਉਣਾ ਵਾਪਿਸ ਲੈ ਲਿਆ।
Total Responses : 267