ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੀ ਮੌਤ ਦੇ ਮੱਦੇਨਜ਼ਰ ਬਹੁਤ ਹੀ ਸਾਦਾ ਸਮਾਗਮ ਕਰ ਕੇ ਰੱਖਿਆ ਨੀਂਹ ਪੱਥਰ
ਪੰਜ ਕਰੋੜ ਰੁਪਏ ਦੀ ਲਾਗਤ ਨਾਲ ਡੇਢ ਸਾਲ 'ਚ ਬਣੇਗਾ ਆਲੀਸ਼ਾਨ ਕਮਿਊਨਿਟੀ ਸੈਂਟਰ
ਲੋਕਾਂ ਨੂੰ ਵੱਡੇ ਹੋਟਲਾਂ ਜਿਹੀਆਂ ਮਿਲਣਗੀਆਂ ਸਹੂਲਤਾਂ, ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਅਤੇ ਸਾਊਂਡ ਪਰੂਫ਼ ਹੋਵੇਗਾ
ਇਲਾਕਾ ਵਾਸੀਆਂ ਨਾਲ ਕੀਤਾ ਗਿਆ ਇਕ ਹੋਰ ਵਾਅਦਾ ਪੂਰਾ ਕੀਤਾ : ਬਲਬੀਰ ਸਿੰਘ ਸਿੱਧੂ
ਐਸ.ਏ.ਐਸ ਨਗਰ , 01 ਸਤੰਬਰ 2020: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਥਾਨਕ ਫ਼ੇਜ਼ 3ਬੀ1 ਵਿਖੇ ਆਧੁਨਿਕ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰਖਿਆ। ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੀ ਮੌਤ ਦੇ ਮੱਦੇਨਜ਼ਰ ਬਹੁਤ ਹੀ ਸਾਦਾ ਸਮਾਗਮ ਕਰ ਕੇ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸ. ਸਿੱਧੂ ਨੇ ਦਸਿਆ ਕਿ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਕਮਿਊਨਿਟੀ ਸੈਂਟਰ 'ਤੇ ਲਗਭਗ ਪੰਜ ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਦੇ ਨਿਰਮਾਣ ਵਾਸਤੇ ਪੰਜਾਬ ਅਰਬਨ ਇਨਵਾਇਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ ਤਹਿਤ ਫ਼ੰਡ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਆਲੀਸ਼ਾਨ ਹੋਟਲਾਂ ਦੀ ਤਰਜ਼ 'ਤੇ ਬਣਾਇਆ ਜਾ ਰਿਹਾ ਇਹ ਕਮਿਊਨਿਟੀ ਸੈਂਟਰ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਅਤੇ ਸਾਊਂਡ ਪਰੂਫ਼ ਹੋਵੇਗਾ ਜਿਸ ਵਿਚ ਲਿਫ਼ਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਬੇਸਮੈਂਟ ਅਤੇ ਗਰਾਊਂਡ ਫ਼ਲੋਰ 'ਤੇ ਫ਼ੰਕਸ਼ਨ ਹਾਲ ਬਣਾਏ ਜਾਣਗੇ ਅਤੇ ਹਰਿਆ-ਭਰਿਆ ਲਾਅਨ ਵੀ ਹੋਵੇਗਾ। ਉਨ੍ਹਾਂ ਦਸਿਆ ਕਿ ਇਸ ਸੈਂਟਰ ਵਿਚ ਗੱਡੀਆਂ ਆਦਿ ਵਾਸਤੇ ਖੁਲ੍ਹਾ-ਡੁੱਲਾ ਪਾਰਕਿੰਗ ਏਰੀਆ ਬਣਾਇਆ ਜਾ ਰਿਹਾ ਹੈ ਅਤੇ ਅਪਾਹਜ ਵਿਅਕਤੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਵੱਖਰਾ ਰੈਂਪ ਵੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਨਿਰਮਾਣ ਵਿਚ ਵਰਤੀ ਜਾਣ ਵਾਲੀ ਸਮੁੱਚੀ ਸਮੱਗਰੀ ਦਾ ਉੱਚ ਮਿਆਰ ਯਕੀਨੀ ਬਣਾਉਣ ਅਤੇ ਨਿਰਮਾਣ ਦਾ ਕੰਮ ਤੈਅ ਕੀਤੇ ਗਏ ਡੇਢ ਸਾਲ ਦੇ ਸਮੇਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਸ. ਸਿੱਧੂ ਨੇ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਸਥਾਨਕ ਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਲੋਕ ਵਿਆਹ-ਸ਼ਾਦੀਆਂ, ਭੋਗ ਤੇ ਹੋਰ ਸਮਾਗਮ ਇਸ ਸੈਂਟਰ ਵਿਚ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਇਸ ਕਮਿਊਨਿਟੀ ਸੈਂਟਰ ਨੂੰ ਨਵੇਂ ਸਿਰਿਉਂ ਬਣਾਇਆ ਜਾਵੇ ਜਿਸ 'ਤੇ ਅਮਲ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ।
ਇਸ ਕਮਿਊਨਿਟੀ ਸੈਂਟਰ ਦੇ ਨਿਰਮਾਣ ਦੀ ਸ਼ੁਰੂਆਤ ਦਾ ਸਿਹਰਾ ਲੈਣ ਦੀ ਦੌੜ ਵਿਚ ਲੱਗੇ ਹੋਏ ਅਕਾਲੀ ਆਗੂਆਂ ਨੂੰ ਲੰਮੇ ਹੱਥੀਂ ਲੈਂਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਲਾਕਾ ਵਾਸੀ ਲੰਮੇ ਸਮੇਂ ਤੋਂ ਨਵੇਂ ਕਮਿਊਨਿਟੀ ਸੈਂਟਰ ਦੀ ਮੰਗ ਕਰ ਰਹੇ ਸਨ ਪਰ ਪਿਛਲੀ ਅਕਾਲੀ ਸਰਕਾਰ ਸਮੇਂ ਲੋਕਾਂ ਦੀ ਇਸ ਜਾਇਜ਼ ਮੰਗ ਵੱਲ ਉੱਕਾ ਹੀ ਧਿਆਨ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ, 'ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਇਲਾਕਾ ਵਾਸੀਆਂ ਨਾਲ ਨਵੇਂ ਕਮਿਊਨਿਟੀ ਸੈਂਟਰ ਦੇ ਨਿਰਮਾਣ ਦਾ ਵਾਅਦਾ ਕੀਤਾ ਸੀ ਜਿਹੜਾ ਅੱਜ ਪੂਰਾ ਕਰ ਦਿਤਾ ਗਿਆ ਹੈ ਅਤੇ ਇਸ ਦੇ ਨਿਰਮਾਣ ਵਾਸਤੇ ਉਨ੍ਹਾਂ ਦੇ ਯਤਨਾਂ ਸਦਕਾ ਨਗਰ ਨਿਗਮ ਵਿਚ 29 ਜੂਨ 2020 ਨੂੰ ਮਤਾ (ਆਰਡਰ ਨੰ. 25) ਪਾਸ ਹੋਇਆ ਸੀ ਅਤੇ ਫ਼ੰਡ ਮਨਜ਼ੂਰ ਕਰਵਾਏ ਗਏ ਸਨ।' ਉਨ੍ਹਾਂ ਅਕਾਲੀ ਆਗੂਆਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਲੋਕਾਂ ਦੀ ਮੰਗ ਨਾਲ ਮਾੜਾ-ਮੋਟਾ ਵੀ ਸਰੋਕਾਰ ਹੁੰਦਾ ਤਾਂ ਇਹ ਸੈਂਟਰ ਪਿਛਲੀ ਸਰਕਾਰ ਸਮੇਂ ਹੀ ਬਣ ਜਾਣਾ ਚਾਹੀਦਾ ਸੀ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਅਤੇ ਗਤੀਸ਼ੀਲ ਅਗਵਾਈ ਹੇਠ ਸ਼ਹਿਰ ਦੀਆਂ ਮਾਰਕੀਟਾਂ ਦਾ ਮੂੰਹ-ਮੁਹਾਂਦਰਾ ਬਦਲਣ ਦਾ ਕੰਮ ਪਹਿਲਾਂ ਹੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹਲਕੇ ਵਿਚ ਹੋਰ ਵੱਖ-ਵੱਖ ਵਿਕਾਸ ਜਾਂ ਤਾਂ ਮੁਕੰਮਲ ਹੋ ਚੁਕੇ ਹਨ ਜਾਂ ਮੁਕੰਮਲ ਹੋਣ ਕੰਢੇ ਹਨ। ਸ. ਸਿੱਧੂ ਨੇ ਕਿਹਾ ਕਿ ਸਮੁੱਚੇ ਹਲਕੇ ਦਾ ਕਾਇਆਕਲਪ ਉਨ੍ਹਾਂ ਦੀਆਂ ਸਿਖਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ ਜਿਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁਕੀਆਂ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਐਸ.ਸੀ. ਮੁਕੇਸ਼ ਗਰਗ, ਕੁਲਜੀਤ ਸਿੰਘ ਬੇਦੀ, ਤਰਮਨਜੀਤ ਕੌਰ ਗਿੱਲ ਅਤੇ ਜਸਵੀਰ ਸਿੰਘ ਮਣੂਕ (ਸਾਰੇ ਸਾਬਕਾ ਕੌਂਸਲਰ), ਦਲਬੀਰ ਸਿੰਘ ਸਾਬਕਾ ਕਾਨੂੰਨਗੋ, ਜੀ ਐਸ ਰਿਆੜ, ਜਸਪਾਲ ਸਿੰਘ ਟਿਵਾਣਾ, ਨਵਨੀਤ ਸਿੰਘ ਤੋਖੀ, ਗੁਰਵੀਰ ਸਿੰਘ ਗਿੱਲ, ਜਤਿੰਦਰ ਸਿੰਘ ਭੱਟੀ, ਬਲਜੀਤ ਕੌਰ ਮੋਹਾਲੀ, ਰੁਪਿੰਦਰ ਕੌਰ ਰੀਨਾ, ਆਈ ਡੀ ਸਿੰਘ, ਪਰਮਜੀਤ ਸਿੰਘ ਮਾਵੀ, ਆਸ਼ੂ ਵੈਦ, ਕਮਲਪ੍ਰੀਤ ਸਿੰਘ ਬਨੀ, ਸਤੀਸ਼ ਸ਼ਾਰਦਾ, ਹਰਪ੍ਰੀਤ ਸਿੰਘ ਐਕਸੀਅਨ, ਰਾਜਵੀਰ ਸਿੰਘ ਐਕਸੀਅਨ, ਸਤੀਸ਼ ਸੈਣੀ, ਸੁਖਵਿੰਦਰ ਸਿੰਘ ਐਸਡੀਓ ਤੋਂ ਇਲਾਵਾ ਇਲਾਕਾ ਨਿਵਾਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।