ਸਰਕਾਰੀ ਸਕੂਲਾਂ ਦੇ ਨੌਜਵਾਨ ਅਧਿਆਪਕਾਂ, ਮੁਖੀਆਂ ਅਤੇ ਅਧਿਕਾਰੀਆਂ ਨੂੰ ਮਿਲਣਗੇ ਪੁਰਸਕਾਰ
10 ਯੁਵਾ ਅਧਿਆਪਕ ਤੇ 10 ਪ੍ਰਬੰਧਕ ਪੁਰਸਕਾਰ ਦੇਣ ਦਾ ਐਲਾਨ
ਐੱਸ.ਏ.ਐੱਸ. ਨਗਰ 27 ਅਗਸਤ 2020: ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਣਯੋਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੀ ਦੇਖ-ਰੇਖ ਹੇਠ ‘ਅਧਿਆਪਕ ਦਿਵਸ’ ਮੌਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਾਰਜਸ਼ੀਲ ਨੌਜਵਾਨ ਅਧਿਆਪਕਾਂ/ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਵਿਭਾਗ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਪੁਰਸਕਾਰ ਵਿਭਾਗ ਲਈ ਨਿਵੇਕਲੇ ਕਾਰਜਾਂ ਤੇ ਮਲਟੀਮੀਡੀਆ ਤਕਨੀਕਾਂ ਦੀ ਵਰਤੋਂ ਕਰਕੇ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਉਪਯੋਗੀ ਬਣਾਉਣ, ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਨੂੰ ਉਚੇਰਾ ਬਣਾਉਣ ਲਈ ਕੀਤੇ ਉਪਰਾਲਿਆਂ, ਸਕੂਲਾਂ ਨੂੰ ਸਮਾਰਟ ਬਣਾਉਣ ਲਈ ਕੀਤੇ ਸੁਹਿਰਦ ਯਤਨਾਂ ਅਤੇ ਹੋਰ ਨਿਰਧਾਰਿਤ ਮਾਪਦੰਡਾਂ ਦੇ ਆਧਾਰ ‘ਤੇ ਬਿਹਤਰੀਨ ਕਾਰਗੁਜ਼ਾਰੀ ਵਾਲੇ ਅਧਿਆਪਕਾਂ, ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਦਿੱਤੇ ਜਾਣਗੇ। ਇਨ੍ਹਾਂ ਪੁਰਸਕਾਰਾਂ ਲਈ ਉਮੀਦਵਾਰਾਂ ਦੀ ਚੋਣ ਵਿਭਾਗ ਵੱਲੋਂ ਗਠਿਤ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀਤੀ ਜਾਵੇਗੀ।
ਵਿਭਾਗ ਦੇ ਬੁਲਾਰੇ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਨੌਜਵਾਨ ਅਧਿਆਪਕ ਅਤੇ ਸਕੂਲ ਮੁਖੀ, ਜਿੰਨ੍ਹਾਂ ਨੇ ਰੈਗੂਲਰ, ਸਮੱਗਰਾ ਜਾਂ ਪਿਕਟਸ ਸੁਸਾਇਟੀਆਂ ਵਿੱਚ ਪੁਰਸਕਾਰ ਲਈ ਨਾਮਜ਼ਦਗੀ ਦੀ ਨਿਰਧਾਰਤ ਤਾਰੀਕ ਤੱਕ ਤਿੰਨ ਸਾਲ ਤੋਂ ਵੱਧ ਅਤੇ ਦਸ ਸਾਲ ਤੋਂ ਘੱਟ ਦੀ ਸੇਵਾ ਸਰਕਾਰੀ ਸਕੂਲਾਂ ਵਿੱਚ ਕੀਤੀ ਹੋਵੇ ਨੂੰ ਮੈਰਿਟ ਅਨੁਸਾਰ ‘ਯੁਵਾ ਅਧਿਆਪਕ ਪੁਰਸਕਾਰ’ ਮਿਲੇਗਾ। ਇਸ ਵਰਗ ‘ਚ 10 ਅਧਿਆਪਕਾਂ ਨੂੰ ‘ਯੁਵਾ ਅਧਿਆਪਕ ਪੁਰਸਕਾਰ’ ਪ੍ਰਦਾਨ ਕੀਤੇ ਜਾਣਗੇ। ਜਿਸ ਤਹਿਤ 4 ਪ੍ਰਾਇਮਰੀ ਅਤੇ 6 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ ਯੁਵਾ ਅਧਿਆਪਕਾਂ ਦੀ ਕਾਰਗੁਜ਼ਾਰੀ ਦੇ ਅਧਾਰ ‘ਤੇ ਮੈਰਿਟ ਅਨੁਸਾਰ ਪੁਰਸਕਾਰ ਲਈ ਚੋਣ ਕੀਤੀ ਜਾਵੇਗੀ।
ਸਿੱਖਿਆ ਵਿਭਾਗ ਵੱਲੋਂ ਇਸ ਸਾਲ ਪਹਿਲੀ ਵਾਰ ‘ਪ੍ਰਬੰਧਕ ਪੁਰਸਕਾਰ’ ਨਾਲ 10 ਅਧਿਕਾਰੀਆਂ ਨੂੰ ਨਿਵਾਜਿਆ ਜਾਵੇਗਾ। ਇਹਨਾਂ ਵਿੱਚ ਇੱਕ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਇੱਕ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਇੱਕ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਇੱਕ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਪੰਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਇੱਕ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ਾਮਿਲ ਹੋਵੇਗਾ। ‘ਯੁਵਾ ਅਧਿਆਪਕ ਪੁਰਸਕਾਰ’ ਅਤੇ ‘ਪ੍ਰਬੰਧਕ ਪੁਰਸਕਾਰ’ ਦੀ ਮੈਰਿਟ ਬਣਾਉਣ ਲਈ 100 ਅੰਕਾਂ ਦੇ ਮੁਲਾਂਕਣ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ।
‘ਯੁਵਾ ਅਧਿਆਪਕ ਪੁਰਸਕਾਰ’ ਅਤੇ ‘ਪ੍ਰਬੰਧਕ ਪੁਰਸਕਾਰ’ ਲਈ ਵਿਭਾਗੀ ਵੈਬਸਾਇਟ ਰਾਹੀਂ 26 ਤੋਂ 28 ਅਗਸਤ ਤੱਕ ਆਨ-ਲਾਈਨ ਜਾਰੀ ਹਦਾਇਤਾਂ ਅਨੁਸਾਰ ਯੁਵਾ ਅਧਿਆਪਕ, ਸਕੂਲ ਮੁਖੀ ਜਾਂ ਅਧਿਕਾਰੀ ਦਾ ਨਾਮੀਨੇਸ਼ਨ ਕੀਤਾ ਜਾ ਸਕਦਾ ਹੈ।