ਅਜਿਹੇ ਬੱਚੇ ਸੂਬੇ ਦੇ ਸੱਚੇ ਮਿਸ਼ਨ ਫ਼ਤਿਹ ਯੋਧਾ ਹਨ- ਆਸ਼ਿਕਾ ਜੈਨ ਏਡੀਸੀ ਮੋਹਾਲੀ
ਐਸ.ਏ.ਐਸ. ਨਗਰ, 27 ਅਗਸਤ 2020: 'ਅਬੀਰ ਨੇ ਬਹੁਤ ਹੀ ਛੋਟੀ ਉਮਰ ਵਿਚ ਲੋਕ ਭਲਾਈ ਲਈ ਪਹਿਲ ਕੀਤੀ ਹੈ। ਹੋਰਨਾਂ ਬੱਚਿਆਂ ਨੂੰ ਵੀ ਉਸ ਤੋਂ ਸੇਧ ਲੈਣੀ ਚਾਹੀਦੀ ਹੈ। ਅਜਿਹੇ ਬੱਚੇ ਸੂਬੇ ਦੇ ਸੱਚੇ ਮਿਸ਼ਨ ਫ਼ਤਿਹ ਯੋਧਾ ਹਨ। ਸਾਨੂੰ ਅਬੀਰ ਵਰਗੇ ਬੱਚਿਆਂ 'ਤੇ ਮਾਣ ਹੈ।' ਇਹ ਪ੍ਰਗਟਾਵਾ ਸ੍ਰੀਮਤੀ ਆਸ਼ਿਕਾ ਜੈਨ ਏਡੀਸੀ ਮੋਹਾਲੀ ਨੇ ਮੋਹਾਲੀ ਨਿਵਾਸੀ ਛੇਵੀਂ ਜਮਾਤ ਦੇ ਬੱਚੇ ਵਲੋਂ ਆਪਣੀ ਕਮਾਈ ਨਾਲ ਤਿਆਰ ਕੀਤੇ ਮਾਸਕ ਦੇਣ ਮੌਕੇ ਕੀਤਾ।
ਇਸ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਸ੍ਰੀ ਅਬੀਰ ਗਰਗ ਜੋ ਕਿ ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ, ਚੰਡੀਗੜ੍ਹ ਵਿੱਚ 6 ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਦੇ ਲਾਈਫ ਮੈਂਬਰ ਵੀ ਹਨ, ਉਨ੍ਹਾਂ ਵਲੋਂ 30,000/- ਰੁਪਏ ਇਕੱਠੇ ਕਰਕੇ ਕੋਵਿਡ-19 ਵਿੱਚ ਕੰਮ ਕਰ ਰਹੇ ਲੋਕਾਂ ਦੀ ਸਹਾਇਤਾ ਕੀਤੀ ਗਈ, ਜੋ ਕਿ ਕੋਰੋਨਾ ਦੀ ਸਥਿਤੀ ਨਾਲ ਜੂਝ ਰਹੇ ਹਨ। ਅਬੀਰ ਨੇ ਆਪਣੀ ਕਲਾ ਦੇ ਨਾਲ ਕੁੱਝ ਵਿਲੱਖਣ ਬੁੱਕਮਾਰਕਸ ਤਿਆਰ ਕੀਤੇ, ਜਿਸ ਦੀ ਉਸਦੇ ਪਰਿਵਾਰ ਅਤੇ ਦੋਸਤਾਂ ਵਲੋਂ ਭਰਪੂਰ ਪ੍ਰਸ਼ੰਸਾ ਕਰਦਿਆਂ, ਉਸਨੂੰ ਇਹ ਬੁੱਕਮਾਰਕਸ ਆਨਲਾਈਨ ਵੇਚਣ ਲਈ ਪ੍ਰੇਰਿਤ ਕੀਤਾ, ਜਿਸ ਤੋਂ ਕਿ ਅਬੀਰ ਨੇ 30,000/- ਰੁਪਏ ਇਕੱਠੇ ਕੀਤੇ। ਇਕੱਠੀ ਕੀਤੀ ਗਈ ਰਕਮ ਨਾਲ ਅਬੀਰ ਵਲੋਂ ਇਲਾਕੇ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਕਿੱਟਾਂ ਦਾਨ ਕੀਤੀਆਂ ਅਤੇ ਬਕਾਇਆਂ ਰਕਮ ਨਾਲ ਰੈਡ ਕਰਾਸ ਸ਼ਾਖਾ ਨੂੰ ਧੋ ਕੇ ਦੁਬਾਰਾ ਵਰਤੋਂ ਵਿੱਚ ਆਉਣ ਵਾਲੇ 2000 ਮਾਸਕ ਵੀ ਮੁਹੱਈਆਂ ਕਰਵਾਏ ਗਏ।
ਇਸ ਮੌਕੇ 'ਤੇ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ ਨੇ ਇਸ ਬੱਚੇ ਅਤੇ ਉਸਦੇ ਪਿਤਾ ਸ੍ਰੀ ਸ਼ਿਧਾਰਥ ਗਰਗ ਅਤੇ ਮਾਤਾ ਸ੍ਰੀਮਤੀ ਚੇਰਿਤਾ ਗਰਗ ਦਾ ਧੰਨਵਾਦ ਵੀ ਕੀਤਾ ਅਤੇ ਬੱਚੇ ਨੂੰ ਨੇਕ ਕੰਮ ਲਈ ਉਤਸ਼ਾਹਤ ਕਰਨ ਲਈ ਉਹਨਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਆਮ ਜਨਤਾ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਰੈਡ ਕਰਾਸ ਵਲੋਂ ਇਸ ਸਮੇਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਚਾਹੀਦਾ ਹੈ ਤਾਂ ਜੋ ਲੋੜਵੰਦਾ ਦੀ ਸਹਾਇਤਾ ਜਾਰੀ ਰੱਖੀ ਜਾ ਸਕੇ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਮਿਸ਼ਨ ਫਤਿਹ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਵੱਖ-ਵੱਖ ਥਾਵਾਂ 'ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।