ਪੰਜਾਬ ਦੇ ਬੇਅਦਬੀ ਕੇਸਾਂ ਤੇ ਮਿੱਥ ਕੇ ਕੀਤੇ ਕਤਲਾਂ ਨੂੰ ਸੁਲਝਾਉਣ ਵਿੱਚ ਸੀ.ਬੀ.ਆਈ. ਦੇ ਮਾੜੇ ਟਰੈਕ ਰਿਕਾਰਡ ਦਾ ਦਿੱਤਾ ਹਵਾਲਾ
ਕਿਹਾ, ਜੇ ਕੇਂਦਰੀ ਮੰਤਰੀ ਨੂੰ ਸੱਚਮੁੱਚ ਚਿੰਤਾ ਹੈ ਤਾਂ ਉਹ ਪੋਸਟ ਮੈਟ੍ਰਿਕ ਐਸ.ਸੀ. ਸਕਾਲਰਸ਼ਿਪ ਸਕੀਮ ਨੂੰ ਬਹਾਲ ਕਰਨ ਲਈ ਕੇਂਦਰ 'ਤੇ ਦਬਾਅ ਪਾਵੇ
ਚੰਡੀਗੜ, 30 ਅਗਸਤ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਥਿਤ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਵਿੱਚ ਕੀਤੀਆਂ ਟਿੱਪਣੀਆਂ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਬੇਤੁਕੇ ਬਿਆਨ ਤੋਂ ਵੱਧ ਕੁਝ ਨਹੀਂ। ਉਨ•ਾਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਹਰੇਕ ਮਾਮਲੇ ਵਿੱਚ ਸੀ.ਬੀ.ਆਈ. ਤੋਂ ਜਾਂਚ ਦੀ ਮੰਗ ਕਰਨ ਦੀ ਆਦਤ ਪੈ ਗਈ ਹੈ ਜਿਸ ਨਾਲ ਇਸ ਏਜੰਸੀ ਦੇ ਵਿਸ਼ੇਸ਼ ਰੁਤਬੇ ਨੂੰ ਹੋਰ ਕਮਜ਼ੋਰ ਕੀਤਾ ਜਾਂਦਾ ਹੈ ਜਿਸ ਦੀ ਸ਼ਾਖ ਪਹਿਲਾਂ ਹੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵਿੱਚ ਡਿੱਗ ਚੁੱਕੀ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਦੀ ਕਰੜੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਵਜੋਂ ਆਪਣੇ ਅਹੁਦੇ ਦਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਸਤੇਮਾਲ ਕਰਨ ਦੀ ਬਜਾਏ ਹਰਸਿਮਰਤ ਆਪਣਾ ਸਾਰਾ ਸਮਾਂ ਸੂਬੇ ਦੀ ਲੋਕਾਂ ਦੀ ਭਲਾਈ ਦੀ ਕੀਮਤ 'ਤੇ ਆਪਣੇ ਐਨ.ਡੀ.ਏ. ਭਾਈਵਾਲ ਦੇ ਰਾਜਸੀ ਆਕਾਵਾਂ ਨੂੰ ਖੁਸ਼ ਕਰਨ ਵਿੱਚ ਲਾਉਂਦੀ ਰਹਿੰਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਥਿਤ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਵਿੱਚ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕਰ ਕੇ ਉਸ ਨੇ ਨਾ ਸਿਰਫ ਆਪਣੇ ਹੀ ਸੂਬੇ ਦੀ ਅਤਿ ਸਮਰੱਥ ਤੇ ਪੇਸ਼ੇਵਾਰ ਪੁਲਿਸ ਫੋਰਸ ਅਤੇ ਪ੍ਰਸ਼ਾਸਨ ਉਤੇ ਬੇਭਰੋਸਾ ਦਿਖਾਇਆ ਹੈ ਸਗੋਂ ਇਹ ਭਾਰਤ ਦੇ ਕਾਨੂੰਨੀ ਤੇ ਨਿਆਂਇਕ ਸਿਧਾਂਤਾਂ ਦੇ ਵੀ ਵਿਰੁੱਧ ਹੈ ਜੋ ਸਿਰਫ ਸੂਬਾ ਸਰਕਾਰ ਨੂੰ ਹੀ ਲੋੜ ਪੈਣ 'ਤੇ ਸੀ.ਬੀ.ਆਈ. ਦੀ ਜਾਂਚ ਕਰਵਾਉਣ ਲਈ ਅਧਿਕਾਰਤ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਨੂੰ ਇਸ ਮਾਮਲੇ ਵਿੱਚ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਅਤੇ ਉਹ ਸਿਰਫ ਰਾਜਸੀ ਸਟੰਟ ਅਤੇ ਪ੍ਰੇਰਿਤ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਵਿੱਚ ਅਹਿਮ ਮਾਮਲਿਆਂ ਨੂੰ ਨਜਿੱਠਣ ਵਿੱਚ ਸੀ.ਬੀ.ਆਈ. ਦੇ ਮਾੜੇ ਟਰੈਕ ਰਿਕਾਰਡ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਏਜੰਸੀ ਆਰ.ਐਸ.ਐਸ. ਆਗੂ ਬ੍ਰਿਗੇਡੀਅਰ (ਸੇਵਾ ਮੁਕਤ) ਜਗਦੀਸ਼ ਕੁਮਾਰ ਗਗਨੇਜਾ ਦੇ ਕਤਲ ਸਣੇ ਚਾਰ ਮਿੱਥ ਕੇ ਕੀਤੇ ਕਤਲਾਂ ਦੇ ਮਾਮਲੇ ਵਿੱਚੋਂ ਇਕ ਨੂੰ ਵੀ ਹੱਲ ਕਰਨ ਵਿੱਚ ਅਸਫਲ ਰਹੀ ਸੀ ਜਿਹੜੇ ਉਨ•ਾਂ ਨੂੰ ਅਕਾਲੀ ਸਰਕਾਰ ਦੌਰਾਨ ਸੌਂਪੇ ਗਏ ਸਨ।
ਕੈਪਟਨ ਅਮਰਿੰਦਰ ਨੇ ਬੇਅਦਬੀ ਦੇ ਮਾਮਲਿਆਂ ਵਿੱਚ ਪਹਿਲਾਂ ਕੇਸਾਂ ਦੀ ਜਾਂਚ ਕੇਂਦਰੀ ਏਜੰਸੀ ਹਵਾਲੇ ਕਰਨ ਅਤੇ ਆਪਣੇ ਫਿਰ ਆਪਣੇ ਹਿੱਤਾਂ ਅਨੁਸਾਰ ਮਾਮਲਿਆਂ ਦੇ ਹੱਲ ਕੀਤੇ ਬਿਨਾਂ ਕਲੋਜ਼ਰ ਰਿਪੋਰਟ ਦਾਖਲ ਕਰਕੇ ਸਿੱਖ ਕੌਮ ਨੂੰ ਨਿਰਾਸ਼ ਕਰਨ ਲਈ ਹਰਸਿਮਰਤ ਦੀ ਆਲੋਚਨਾ ਕੀਤੀ। ਉਨ•ਾਂ ਕਿਹਾ ਕਿ ਇਨ•ਾਂ ਕੇਸਾਂ ਨੂੰ ਸੁਲਝਾਉਣ ਲਈ ਆਖਰਕਾਰ ਪੰਜਾਬ ਪੁਲਿਸ 'ਤੇ ਛੱਡ ਦਿੱਤਾ ਗਿਆ ਹੈ ਅਤੇ ਪਿਲਸ ਫੋਰਸ ਇਸ ਸਬੰਧੀ ਵਧੀਆ ਕੰਮ ਕਰ ਰਹੀ ਹੈ, ਇੱਥੋਂ ਤੱਕ ਕਿ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਨ•ਾਂ ਮਾਮਲਿਆਂ ਵਿੱਚ ਸ਼ਮੂਲੀਅਤ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੀ ਸੀ.ਬੀ.ਆਈ. ਸਪੱਸ਼ਟ ਤੌਰ 'ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਇਨ•ਾਂ ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਅੜਿੱਕਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ “ਜੇ ਹਰਸਿਮਰਤ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਇੰਨੀ ਉਤਸੁਕ ਹੈ, ਜਿਵੇਂ ਕਿ ਉਹ ਦਾਅਵਾ ਕਰਦੀ ਹੈ, ਤਾਂ ਉਹ ਪੰਜਾਬ ਪੁਲਿਸ ਨੂੰ ਇਸ ਸਬੰਧੀ ਦਸਤਾਵੇਜ਼ ਸੌਂਪਣ ਲਈ ਸੀ.ਬੀ.ਆਈ. 'ਤੇ ਦਬਾਅ ਪਾਉਣ ਵਾਸਤੇ ਕੇਂਦਰ ਸਰਕਾਰ ਵਿਚ ਆਪਣੇ ਅਹੁਦੇ ਦਾ ਲਾਹਾ ਕਿਉਂ ਨਹੀਂ ਚੁੱਕ ਰਹੀ ਤਾਂ ਜੋ ਬੇਅਦਬੀ ਮਾਮਲਿਆਂ ਵਿੱਚ ਜਾਂਚ ਵਿੱਚ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ•ਾਂ ਦੀ ਸਰਕਾਰ ਕਥਿਤ ਸਕਾਲਰਸ਼ਿਪ ਘੁਟਾਲੇ ਦੀ ਪੂਰਨ ਅਤੇ ਨਿਰਪੱਖ ਜਾਂਚ ਲਈ ਵਚਨਬੱਧ ਹੈ ਅਤੇ ਦੋਸ਼ੀ ਪਾਏ ਗਏ ਵਿਅਕਤੀਆਂ ਖਿਲਾਫ਼ ਅਹੁਦੇ ਦਾ ਲਿਹਾਜ ਕੀਤੇ ਬਿਨਾਂ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਐਸ.ਸੀ. ਸਕਾਲਰਸ਼ਿਪ ਦੇ ਮਾਮਲੇ ਵਿਚ ਵੀ ਨਾ ਤਾਂ ਹਰਸਿਮਰਤ ਅਤੇ ਨਾ ਹੀ ਉਨ•ਾਂ ਦੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਇਸ ਯੋਜਨਾ ਨੂੰ ਵਾਪਸ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਲੱਖਾਂ ਐਸ.ਸੀ. ਵਿਦਿਆਰਥੀ ਉਚੇਰੀ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਹੋ ਜਾਣਗੇ। ਉਨ•ਾਂ ਕਿਹਾ “ਉਸ ਵੇਲੇ ਹਰਸਿਮਰਤ ਕਿਥੇ ਸੀ? ਉਸ ਸਮੇਂ ਉਸ ਨੇ ਕੋਈ ਟਿੱਪਣੀ ਕਿਉਂ ਨਹੀਂ ਕੀਤੀ? ਉਨ•ਾਂ ਕਿਹਾ ਕਿ ਹਰਸਿਮਰਤ ਨੂੰ ਬੇਵਜਹਾ ਬਿਆਨਬਾਜ਼ੀ ਕਰਨ ਅਤੇ ਨਿਰਆਧਾਰ ਦੋਸ਼ ਲਾਉਣ ਦੀ ਬਜਾਏ ਇਸ ਯੋਜਨਾ ਨੂੰ ਮੁੜ ਬਹਾਲ ਕਰਨ ਲਈ ਕੇਂਦਰ ਵਿੱਚ ਆਵਾਜ਼ ਉਠਾਉਣੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਨੇ ਕੇਂਦਰ ਦੇ ਤਾਜ਼ਾ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਹਰਸਿਮਰਤ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੇ ਭਲੇ ਖਾਤਰ ਸੋਚਣ ਦੀ ਖੇਚਲ ਨਹੀਂ ਕੀਤੀ। ਉਨ•ਾਂ ਕਿਹਾ ਕਿ ਅਕਾਲੀ ਸਰਗਰਮੀ ਨਾਲ ਭਾਜਪਾ ਦੀ ਹਮਾਇਤ ਕਰਦੇ ਆਏ ਹਨ ਜੋ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਸੂਬੇ ਵੱਲੋਂ ਪਾਸ ਕੀਤੇ ਗਏ ਮਤੇ ਦੀ ਹਮਾਇਤ ਕਰਨ ਲਈ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਸ਼ਾਮਲ ਨਹੀਂ ਹੋਏ।
ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਹਕੀਕਤ ਇਹ ਹੈ ਕਿ ਹਰਸਿਮਰਤ ਅਤੇ ਉਸ ਦੀ ਪਾਰਟੀ ਅਕਾਲੀ ਦਲ ਨੂੰ ਸਿਰਫ ਆਪਣੇ ਰਾਜਨੀਤਿਕ ਹਿੱਤਾਂ ਨੂੰ ਉਤਸ਼ਾਹਤ ਕਰਨ ਦੀ ਚਿੰਤਾ ਹੈ। ਸੀ.ਏ.ਏ. ਤੋਂ ਲੈ ਕੇ ਖੇਤੀਬਾੜੀ ਆਰਡੀਨੈਂਸਾਂ ਤੱਕ ਉਸ ਨੇ ਅਤੇ ਉਸ ਦੀ ਪਾਰਟੀ ਨੇ ਦੋਹਰੇ ਮਾਪਦੰਡ ਅਪਣਾਏ ਹਨ ਅਤੇ ਵਾਰ-ਵਾਰ ਸਿਧਾਂਤਾਂ ਦੀ ਘਾਟ ਜ਼ਾਹਰ ਕੀਤੀ ਹੈ।