ਡਾਕਟਰਾਂ ਤੇ ਕੋਰੋਨਾ ਯੋਧਿਆਂ ਬਾਰੇ ਲੋਕਾਂ ‘ਚ ਭਰਮ ਪੈਦਾ ਕਰਨ ਲਈ ਸੋਸ਼ਲ ਮੀਡੀਆ ‘ਤੇ ਪੋਸਟਾਂ ਕੀਤੀਆਂ ਸਨ ਅਪਲੋਡ
ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ- SSP ਪਟਿਆਲਾ
ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇ- SSP ਪਟਿਆਲਾ
ਪਟਿਆਲਾ ਪੁਲਿਸ ਨੇ ਆਮ ਲੋਕਾਂ ਦੇ ਮਨਾਂ ‘ਚ ਕੋਰੋਨਾ ਮਹਾਂਮਾਰੀ ਅਤੇ ਕੋਰੋਨਾ ਯੋਧਿਆਂ ਬਾਰੇ ਭਰਮ ਪੈਦਾ ਕਰਨ ਅਤੇ ਅਫ਼ਵਾਹਾਂ ਫੈਲਾਉਣ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਅਜਿਹੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫਾਰਮਾਂ ‘ਤੇ ਵੀਡੀਓ ਅਤੇ ਪੋਸਟਾਂ ਅਪਲੋਡ ਕਰਕੇ ਗ਼ਲਤ ਪ੍ਰਚਾਰ ਕੀਤਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਵਿਕਰਮਜੀਤ ਦੁੱਗਲ SSP ਪਟਿਆਲਾ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਕੋਰੋਨਾ ਮਹਾਂਮਾਰੀ ਸਬੰਧੀਂ ਭਰਮ ਭੁਲੇਖੇ ਪੈਦਾ ਕਰਨ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਤ੍ਰਿਪੜੀ ਵਿਖੇ IPC ਦੀ ਧਾਰਾ 188 ਅਤੇ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਦਰਜ ਕੀਤੇ ਗਏ ਪਹਿਲੇ ਮਾਮਲੇ ‘ਚ ਗਰੀਸ਼ ਭੱਟ ਪੁੱਤਰ ਪਰਮਾਨੰਦ ਭੱਟ ਵਾਸੀ ਰਣਜੀਤ ਨਗਰ ਨੂੰ ਨਾਮਜਦ ਕੀਤਾ ਗਿਆ ਹੈ। ਇਸ ਵਿਅਕਤੀ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਅਪਲੋਡ ਕਰਕੇ ਕੋਰੋਨਾ ਮਹਾਂਮਾਰੀ ਅਤੇ ਡਾਕਟਰਾਂ ਅਤੇ ਕੋਰੋਨਾ ਯੋਧਿਆਂ ਬਾਰੇ ਝੂਠੇ ਦੋਸ਼ ਲਗਾਉਂਦਿਆਂ ਕਾਫ਼ੀ ਭਰਮ ਭੁਲੇਖੇ ਪੈਦਾ ਕਰਦੇ ਹੋਏ ਅਫ਼ਵਾਹਾਂ ਫੈਲਾਈਆਂ ਸਨ। ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕਰਕੇ ਇਸਦਾ ਫੋਨ ਆਦਿ ਜਬਤ ਕਰ ਲਿਆ ਹੈ।
ਸ੍ਰੀ ਦੁੱਗਲ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸਿਵਲ ਲਾਈਨਜ ਵਿਖੇ ਆਈ.ਪੀ.ਸੀ. ਦੀ ਧਾਰਾ 188 ਅਤੇ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਦਰਜ ਕੀਤੇ ਗਏ ਪਹਿਲੇ ਮਾਮਲੇ ‘ਚ ਸਰਬਜੋਤ ਸਿੰਘ ਸੋਨੂ ਪੁੱਤਰ ਘੁਲਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਨੂੰ ਨਾਮਜਦ ਕਰਦੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨੇ ਪਟਿਆਲਾ ਦੇ ਇਕ ਫੇਸਬੁਕ ਗਰੁੱਪ ਵਿੱਚ ਪੋਸਟ ਪਾ ਕੇ ਪਿੰਡਾਂ ਵਿੱਚ ਕੋਵਿਡ-19 ਦੇ ਟੈਸਟ ਕਰਨ ਲਈ ਸੈਂਪਲ ਲੈਣ ਅਤੇ ਕੋਵਿਡ ਬਾਰੇ ਪ੍ਰਚਾਰ ਜਾਂਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਕੋਰੋਨਾ ਯੋਧਿਆਂ ਬਾਰੇ ਭਰਮ ਭੁਲੇਖੇ ਪੈਦਾ ਕਰਕੇ ਅਫ਼ਵਾਹਾਂ ਫੈਲਾਈਆਂ ਸਨ। ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ ਡੀ.ਐਸ.ਪੀ. ਸਿਟੀ-2 ਸ੍ਰੀ ਸੌਰਵ ਜਿੰਦਲ ਕਰ ਰਹੇ ਹਨ।
ਸ੍ਰੀ ਵਿਕਰਮ ਜੀਤ ਦੁੱਗਲ SSP ਪਟਿਆਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੋਵਿਡ-19 ਖ਼ਿਲਾਫ਼ ਲੜੀ ਜਾ ਰਹੀ ਜੰਗ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਦਿਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਸਖ਼ਤੀ ਨਾਲ ਕੀਤਾ ਜਾਵੇ।