ਅਸ਼ੋਕ ਵਰਮਾ
ਬਠਿੰਡਾ, 07 ਸਤੰਬਰ 2020: ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 2 ਨੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਨਪ੍ਰੀਤ ਸਿੰਘ ਸੰਧੂ ਉਰਫ ਸੁਖਨ ਪੁੱਤਰ ਗੁਰਵਿੰਦਰ ਸਿੰਘ ਵਾਸੀ ਲਾਲ ਸਿੰਘ ਬਸਤੀ ਨੂੰ ਸ਼ਨੀਵਾਰ ਦੇਰ ਸ਼ਾਮ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਕਤਲ ਦੇ ਸਬੰਧ ’ਚ ਸੰਜੇ ਠਾਕੁਰ ਉਰਫ ਸ਼ੰਮੀ ਪੁੱਤਰ ਉਮੇਸ਼ ਕੁਮਾਰ ਵਾਸੀ ਪ੍ਰਤਾਪ ਨਗਰ ਬਠਿੰਡਾ ਨੂੰ ਗਿ੍ਰਫਤਾਰ ਕਰ ਲਿਆ ਹੈ। ਸੀਨੀਅਰ ਕਪਤਾਨ ਪੁਲਿਸ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਖੁਲਾਸਾ ਕੀਤਾ ਹੈ। ਉਨਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਕੈਨਾਲ ਕਲੋਨੀ ’ਚ ਮਿ੍ਰਤਕ ਦੇ ਪਿਤਾ ਗੁਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਦੇ ਬਿਆਨ ਤੇ ਧਾਰਾ 302, 382 ਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ।
ਉਨਾਂ ਦੱਸਿਆ ਕਿ ਐਸਪੀ ਗੁਰਬਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਕਤਲ ਦੀ ਗੁੱਥੀ ਸੁਲਝਾਉਣ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਟੀਮਾਂ ’ਚ ਡੀਐਸਪੀ ਜਸਪਾਲ ਸਿੰਘ, ਡੀਐਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ, ਸਬ ਇੰਸਪੈਕਟਰ ਚਮਕੌਰ ਸਿੰਘ , ਮੱੁਖ ਅਫਸਰ ਥਾਣਾ ਕੈਨਾਲ ਕਲੋਨੀ ਅਤੇ ਸਬ ਇੰਸਪੈਕਟਰ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ-2 ਸ਼ਾਮਲ ਕੀਤੇ ਗਏ ਸਨ। ਉਨਾਂ ਦੱਸਿਆ ਕਿ ਤਫਤੀਸ਼ ਦੌਰਾਨ ਅੱਜ ਤਕਨੀਕੀ ਪਹਿਲੂਆਂ ਤਹਿਤ ਜਾਂਚ ਦੌਰਾਨ ਸੰਜੇ ਕਮਾਰ ਨੂੰ ਪਿੰਡ ਜੈ ਸਿੰਘ ਵਾਲਾ ਤੋ ਗਿ੍ਰਫਤਾਰ ਕਰ ਲਿਆ ਗਿਆ । ਪੁਲਿਸ ਵਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸੰਜੇ ਕੁਮਾਰ ਫਾਇਨਾਂਸ ਦਾ ਕੰਮ ਕਰਦਾ ਸੀ ਜਿਸ ਦਾ ਮਿ੍ਰਤਕ ਸੁਖਨਪ੍ਰੀਤ ਨਾਲ ਪੈਸੇ ਦਾ ਲੈਣ ਦੇਣ ਚੱਲਦਾ ਸੀ। ਉਨਾਂ ਦੱਸਿਆ ਕਿ ਸੁਖਨਪ੍ਰੀਤ ਨੇ ਕਰੀਬ ਤਿੰਨ ਸਾਲ ਪਹਿਲਾਂ ਸੰਜੇ ਕੁਮਾਰ ਤੋਂ 3 ਲੱਖ ਰੁਪਏ ਕਰਜਾ ਲਿਆ ਸੀ ਜਿਸ ਵਿੱਚੋ ਹੁਣ ਇੱਕ ਲੱਖ ਰੁਪਏ ਦੀ ਅਦਾਇਗੀ ਕਰਨ ਲਈ ਗੱਲ ਹੋਈ ਸੀ।
ਐਸਐਸਪੀ ਨੇ ਦੱਸਿਆ ਕਿ ਮਿ੍ਰਤਕ ਸਿਰਫ 40 ਹਜਾਰ ਰੁਪਏ ਘਰੋ ਲੈ ਕੇ ਸੰਜੇ ਠਾਕੁਰ ਨੂੰ ਦੇਣ ਲਈ ਆਇਆ ਸੀ ਜਿਸ ਨੂੰ ਲੈਕੇ ਦੋਵਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ। ਇਸ ਮੌਕੇ ਸੰਜੇ ਠਾਕੁਰ ਨੇ ਸੁਖਨਪ੍ਰੀਤ ਦਾ ਹੀ ਪਿਸਤੌਲ ਖੋਹ ਕੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਮੌਕੇ ਤੋ ਪਿਸਤੌਲ ਅਤੇ 40 ਹਜਾਰ ਰੁਪਏ ਲੈਕੇ ਫਰਾਰ ਹੋ ਗਿਆ। ਉਨਾਂ ਦੱਸਿਆ ਕਿ ਸੰਜੇ ਠਾਕੁਰ ਅੱਜ ਆਪਣੀ ਘਰਵਾਲੀ ਨੂੰ ਦਿੱਲੀ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ। ਉਨਾਂ ਦੱਸਿਆ ਕਿ ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਗਿਆ 32 ਬੋਰ ਦਾ ਪਿਸਤੌਲ ਅਤੇ ਪੈਸੇ ਬਰਾਮਦ ਕਰ ਲਏ ਹਨ। ਉਨਾਂ ਇਹ ਵੀ ਦੱਸਿਆ ਕਿ ਸੰਜੇ ਠਾਕੁਰ ਨੂੰ ਮੰਗਲਵਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਹੋਰ ਅਹਿਮ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ।