ਪ੍ਰਾਰਥੀ www.pgrkam.com ’ਤੇ ਕਰ ਸਕਦੇ ਹਨ ਅਪਲਾਈ
24 ਤੋਂ 30 ਸਤੰਬਰ ਤੱਕ ਲਗਾਇਆ ਜਾਵੇਗਾ ਮੈਗਾ ਰੋਜ਼ਗਾਰ ਮੇਲਾ
ਜ਼ਿਲ੍ਹੇ ’ਚ 6500 ਖਾਲੀ ਅਸਾਮੀਆਂ ਲਈ ਵੱਖ-ਵੱਖ ਕੰਪਨੀਆਂ ਵਲੋਂ ਲਿਆ ਜਾਵੇਗਾ ਇੰਟਰਵਿਊ
ਐਸ.ਏ.ਐਸ. ਨਗਰ, 29 ਅਗਸਤ 2020: ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਘਰ-ਘਰ ਰੋਜ਼ਗਾਰ ਤਹਿਤ ਛੇਵਾਂ ਸੂਬਾ ਪੱਧਰੀ ਰੋਜ਼ਗਾਰ ਮੇਲਾ 24 ਤੋਂ 30 ਸਤੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਸੂਬੇ ਪੱਧਰ ’ਤੇ ਲਗਭਗ 90 ਹਜ਼ਾਰ ਅਸਾਮੀਆਂ ਲਈ ਵੱਖ-ਵੱਖ ਕੰਪਨੀਆਂ ਵਲੋਂ ਇੰਟਰਵਿਊ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਦੀ ਵੈਬਸਾਈਟ www.pgrkam.com ’ਤੇ ਅਪਲੋਡ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਉਮੀਦਵਾਰ ਨੂੰ ਨਿਯੋਜਕਾਂ ਅਤੇ ਆਸਾਮੀਆਂ ਬਾਰੇ ਸੂਚਨਾ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਇਸ ਮੇਲੇ ਵਿੱਚ ਭਾਗ ਲੈਣਾ ਚਾਹੁੰਦਾ ਹੈ, ਉਹ ਉਪਰੋਕਤ ਵੈਬਸਾਈਟ ’ਤੇ ਆਪਣੀ ਯੋਗਤਾ ਅਨੁਸਾਰ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਇਸ ਵੈਬਸਾਈਟ ’ਤੇ ਜਿਸ ਦਿਨ ਇੰਟਰਵਿਊ ਦੀ ਤਰੀਕ ਦੱਸੀ ਗਈ ਹੈ, ਉਸ ਦਿਨ ਉਹ ਆਪਣੀ ਇੰਟਰਵਿਊ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਛੇਵਾਂ ਸੂਬਾ ਪੱਧਰੀ ਰੋਜ਼ਗਾਰ ਮੇਲਾ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ ਵਿੱਚ ਲਗਾਇਆ ਜਾ ਰਿਹਾ ਹੈ ਅਤੇ ਇਸੇ ਲੜੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿੱਚ ਉਪਰੋਕਤ ਵੈਬਸਾਈਟ ਵਿੱਚ ਦੱਸੀਆਂ ਗਈਆਂ ਮਿਤੀਆਂ ਅਤੇ ਸਥਾਨ ਅਨੁਸਾਰ ਲਗਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 6500 ਅਸਾਮੀਆਂ ਲਈ ਇਹ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ ਅਤੇ ਇਸ ਰੋਜ਼ਗਾਰ ਮੇਲੇ ਵਿੱਚ ਪ੍ਰਾਈਵੇਟ ਕੰਪਨੀਆਂ ਵਲੋਂ ਵੱਖ-ਵੱਚ ਮਿਤੀਆਂ ਨੂੰ ਇੰਟਰਵਿਊ ਲਈ ਜਾਵੇਗੀ।
ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਰੋਜ਼ਗਾਰ ਮੇਲੇ ਵਰਚੁਅਲ ਪਲੈਟਫਾਰਮ ਰਾਹੀਂ ਹੀ ਕਰਵਾਏ ਜਾਣਗੇ।
ਨਿਯੋਜਕਾਂ ਵੱਲੋਂ ਇੰਟਰਵਿਊ ਵੀ ਆਨਲਾਈਨ ਮਾਧਿਅਮ ਰਾਹੀਂ ਹੀ ਕਰਵਾਈ ਜਾਵੇਗੀ। ਜੇਕਰ ਕੋਈ ਨਿਯੋਜਕ ਫਿਜ਼ੀਕਲ ਮੇਲਾ ਕਰਵਾਉਣ ਦਾ ਇਛੁੱਕ ਹੋਵੇਗਾ, ਉੱਥੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਮੇਲਾ ਫਿਜ਼ੀਕਲ ਕਰਵਾਇਆ ਜਾ ਸਕਦਾ ਹੈ।