ਢਿੱਲੋਂ ਤੇ ਮਜੀਠੀਆ ਨੇ ਕਿਹਾ ਕਿ ਜੇਕਰ ਸਪੀਕਰ ਨੇ ਅਜਿਹਾ ਨਾ ਕੀਤਾ ਤਾਂ ਫਿਰ ਅਕਾਲੀ ਦਲ ਉਹਨਾਂ ਨੂੰ ਹਟਾਉਣ ਲਈ ਮਤਾ ਲਿਆਵੇਗਾ
ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹਨਾਂ ਨੇ ਝੂਠ ਕਿਉਂ ਬੋਲਿਆ ਕਿ ਅਕਾਲੀ ਵਿਧਾਇਕ ਇਜਲਾਸ ਵਿਚ ਸ਼ਾਮਲ ਨਹੀਂ ਹੋਏ ਜਦਕਿ ਉਹ ਵੀ ਤਾਂ ਉਸੇ ਪ੍ਰੋਟੋਕਲ ਦੀ ਪਾਲਣਾ ਕਰ ਰਹੇ ਸਨ ਜਿਸਦੀ ਅਕਾਲੀ ਵਿਧਾਇਕਾਂ ਨੇ ਕੀਤੀ
ਚੰਡੀਗੜ੍ਹ, 29 ਅਗਸਤ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਆਖਿਆ ਕਿ ਉਹ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਰੀ ਵਿਧਾਨ ਸਭਾ ਨੂੰ ਖ਼ਤਰੇ ਵਿਚ ਪਾਉਣ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਉਸਦਾ ਵਿਧਾਨ ਸਭਾ ਵਿਚ ਗੈਰ ਕਾਨੂੰਨੀ ਦਾਖਲਾ ਕਰਵਾਉਣ ਦਾ ਗੰਭੀਰ ਨੋਟਿਸ ਲੈਣ ਅਤੇ ਦੋਹਾਂ ਖਿਲਾਫ ਤੁਰੰਤ ਫੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਸਿਫਾਰਸ਼ ਕਰਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੂੰ ਆਸ ਹੈ ਕਿ ਸਪੀਕਰ ਵਿਧਾਨ ਸਭਾ ਦੀਆਂ ਪਰੰਪਰਾਵਾਂ ਨੂੰ ਧਿਆਨ ਵਿਚ ਰੱਖਦਿਆਂ ਬਿਨਾਂ ਪੱਖਪਾਤ ਦੇ ਕਾਰਵਾਈ ਕਰਨਗੇ । ਪਰ ਜੇਕਰ ਉਹਨਾਂ ਨੇ ਅਜਿਹਾ ਨਾ ਕੀਤਾ ਤਾਂ ਅਤੇ ਜ਼ੀਰਾ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਨੂੰ ਸਹੀ ਠਹਿਰਾਉਣ ਅਤੇ ਸਿਹਤ ਮੰਤਰੀ ਜਿਹਨਾਂ ’ਤੇ ਕੋਰੋਨਾ ਨਿਯਮਾਂ ਦੀ ਰਾਖੀ ਦੀ ਜ਼ਿੰਮੇਵਾਰੀ ਹੈ, ਦੇ ਗਲਤ ਰਵੱਈਏ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਸਪੀਕਰ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦਾ ਮਤਾ ਲਿਆਉਣ ਲਈ ਮਜਬੂਰ ਹੋਵੇਗਾ।
ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸ੍ਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੁਲਬੀਰ ਜ਼ੀਰਾ ਦਾ 26 ਅਗਸਤ ਨੂੰ ਫਿਰੋਜ਼ਪੁਰ ਵਿਖੇ ਕੋਰੋਨਾ ਟੈਸਟ ਹੋਇਆ ਸੀ ਤੇ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਉਹਨਾਂ ਕਿਹਾ ਕਿ ਬਜਾਏ ਕਿ 28 ਅਗਸਤ ਨੂੰ ਵਿਧਾਨ ਸਭਾ ਇਜਲਾਸ ਵਿਚ ਗੈਰ ਹਾਜ਼ਰ ਰਹਿਣ ਦੇ ਜ਼ੀਰਾ ਨੇ ਦਾਅਵਾ ਕੀਤਾ ਕਿ ਬਲਬੀਰ ਸਿੱਧੁ ਨੇ 28 ਅਗਸਤ ਦੀ ਸਵੇਰ ਨੂੰ ਉਹਨਾਂ ਦੀ ਰਿਪੋਰਟ ਨੈਗੇਟਿਵ ਦੱਸੀ ਸੀ ਜਿਸਦੇ ਆਧਾਰ ’ਤੇ ਵਿਧਾਇਕ ਇਜਲਾਸ ਵਿਚ ਆਏ। ਉਹਨਾਂ ਕਿਹਾ ਕਿ ਇਥੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਸਿਹਤ ਮੰਤਰੀ ਨੂੰ 27 ਅਗਸਤ ਨੂੰ ਹੀ ਦੱਸ ਦਿੱਤਾ ਸੀ ਕਿ ਜ਼ੀਰਾ ਦੀ ਰਿਪੋਰਟ ਪਾਜ਼ੀਟਿਵ ਹੈ। ਸਿਹਤ ਮੰਤਰੀ ਨੇ ਆਪਣੇ ਹੀ ਵਿਭਾਗ ਦੇ ਨਿਯਮਾਂ ਨੂੰ ਅਣਡਿੱਠ ਕੀਤਾ ਤੇ ਉਹਨਾਂ ਨੂੰ ਤੁਰੰਤ ਬਰਖ਼ਾਸਤ ਕਰ ਕੇ ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ।
ਇਸ ਸਾਰੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਦੀ ਗੱਲ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਇਹ ਬਿਆਨ ਦਿੱਤਾ ਕਿ ਜਿਹੜੇ ਅਕਾਲੀ ਵਿਧਾਇਕ ਆਪਣੇ ਸਾਥੀ ਗੁਰਪ੍ਰਤਾਪ ਸਿੰਘ ਵਡਾਲਾ ਜੋ ਕਿ ਕੋਰੋਨਾ ਪਾਜ਼ੀਟਿਵ ਆਏ ਸਨ, ਦੇ ਸੰਪਰਕ ਵਿਚ ਆਏ ਹਨ, ਉਹ ਵਿਧਾਨ ਸਭਾ ਇਜਲਾਸ ਵਿਚ ਨਾ ਆਉਣ। ਉਹਨਾਂ ਕਿਹਾ ਕਿ ਜਿਸ ਦਿਨ ਇਜਲਾਸ ਸੀ ਉਸ ਦਿਨ ਮੁੱਖ ਮੰਤਰੀ ਨੇ ਕੋਰਾ ਝੂਠ ਬੋਲਿਆ ਕਿ ਅਕਾਲੀ ਦਲ ਦੇ ਵਿਧਾਇਕ ਜਾਣ ਬੁੱਝ ਕੇ ਇਜਲਾਸ ਵਿਚ ਨਹੀਂ ਆਏ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਹ ਕੁਲਬੀਰ ਜ਼ੀਰਾ ਦੇ ਨਾਲ ਸੰਪਰਕ ਵਿਚ ਆਉਣ ਮਗਰੋਂ 7 ਦਿਨ ਵਾਸਤੇ ਇਕਾਂਤਵਾਸ ਵਿਚ ਕਿਉਂ ਜਾ ਰਹੇ ਹਨ ? ਉਹਨਾਂ ਕਿਹਾ ਕਿ ਕੀ ਉਹ ਉਹਨਾਂ ਹੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਜਿਹਨਾਂ ਦੀ ਅਕਾਲੀ ਵਿਧਾਇਕਾਂ ਨੇ ਕੀਤੀ ਹੈ ? ਉਹਨਾਂ ਕਿਹਾ ਕਿ ਜੇਕਰ ਇਹ ਸੱਚਾਈ ਹੈ ਤਾਂ ਫਿਰ ਉਹ ਆਪਣੇ ਝੂਠਾਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਿਉਂ ਕਰ ਰਹੇ ਹਨ ?
ਸ੍ਰੀ ਢਿੱਲੋਂ ਤੇ ਸ੍ਰੀ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸਪੀਕਰ ਅਤੇ ਮੁੱਖ ਮੰਤਰੀ ਨਹੀਂ ਚਾਹੁੰਦੇ ਸਨ ਕਿ ਮਿਸ਼ਨ ਫਤਿਹ ਜਿਸ ਮਕਸਦ ਵਾਸਤੇ ਸੀ ਯਾਨੀ ਮਿਸ਼ਨ ਝੂਠ ਅਤੇ ਮਿਸ਼ਨ ਲੂਟ ਬੇਨਕਾਬ ਨਾ ਹੋਵੇ। ਉਹਨਾਂ ਕਿਹਾ ਕਿ ਇਸੇ ਵਾਸਤੇ ਸਪੀਕਰ ਅਤੇ ਮੁੱਖ ਮੰਤਰੀ ਨੇ ਦੋਗਲੇ ਮਿਆਰ ਅਪਣਾਏ ਤੇ ਉਹਨਾਂ ਨੇ ਕਾਂਗਰਸ ਦੇ ਉਹਨਾਂ ਵਿਧਾਇਕਾਂ ਨੂੰ ਇਜਲਾਸ ਵਿਚ ਆਉਣ ਤੋਂ ਨਹੀਂ ਰੋਕਿਆ ਜੋ ਪਾਜ਼ੀਟਿਵ ਸਾਥੀਆਂ ਦੇ ਸੰਪਰਕ ਵਿਚ ਆਏ ਸਨ। ਉਹਨਾਂ ਕਿਹਾ ਕਿ ਇਹ ਨੀਤੀ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ 80 ਸਾਲਾ ਮੁੱਖ ਮੰਤਰੀ, ਜਿਹਨਾਂ ਨੂੰ ਹੋਰ ਕਈ ਬਿਮਾਰੀਆਂ ਹਨ, ਦੀ ਸਿਹਤ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਤਾਂ ਕੌਣ ਜ਼ਿੰਮੇਵਾਰ ਹੋਵੇਗਾ ? ਉਹਨਾਂ ਕਿਹਾ ਕਿ ਸਪੀਕਰ ਨੂੰ ਸਿਹਤ ਤੇ ਸੁਰੱਖਿਆ ਤੇ ਦਿਸ਼ਾ ਨਿਰਦੇਸ਼ਾਂ ਦੀ ਖਤਰਨਾਕ ਉਲੰਘਣਾ ਕਰਨ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਫਿਰ ਬੇਵਿਸਾਹੀ ਮਤੇ ਨਾਲ ਖੁਦ ਬੇਨਕਾਬ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਅਕਾਲੀ ਆਗੂਆਂ ਨੇ ਮੁੱਖ ਮੰਤਰੀ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਤੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਜ਼ਿੰਮੇਵਾਰੀ ਨਾਲ ਕੰਮ ਲਿਆ ਤੇ ਕੋਰੋਨਾ ਟੈਸਟਾਂ ਦੀ ਪਹਿਲਾਂ ਪਾਜ਼ੀਟਿਵ ਤੇ ਫਿਰ ਨੈਗੇਟਿਵ ਰਿਪੋਰਟ ਦੇ ਬਾਵਜੂਦ ਵਿਧਾਨ ਸਭਾ ਇਜਲਾਸ ਵਿਚ ਭਾਗ ਨਹੀਂ ਲਿਆ।