ਵਿਦਿਆਰਥੀਆਂ ਨੇ ਵਰਚੁਅਲ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਅਧਿਆਪਕਾਂ ਨੂੰ ਭੇਂਟ ਕੀਤੀਆਂ ਸ਼ੁਭਕਾਮਨਾਵਾਂ
ਡਾ. ਸਰਵਪਲੀ ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ ਅੱਜ ਅਧਿਆਪਕ ਦਿਵਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਰਚੁਅਲ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਵਰਚੁਅਲ ਪ੍ਰੋਗਰਾਮ ਰਾਹੀਂ ਸਮਾਗਮ ਦਾ ਹਿੱਸਾ ਬਣਦਿਆਂ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।ਜ਼ਿਕਰਯੋਗ ਹੈ ਕਿ ਸਮਾਗਮ ਦੌਰਾਨ 'ਵਰਸਿਟੀ ਦੇ ਪ੍ਰਤੀਭਾਸ਼ਾਲੀ ਅਧਿਆਪਕਾਂ ਦਾ ਸਿੱਖਿਆ ਦੇ ਖੇਤਰ 'ਚ ਬੇਮਿਸਾਲ ਯਤਨਾਂ ਅਤੇ ਬਿਹਤਰੀਨ ਕਾਰਗੁਜ਼ਾਰੀ ਲਈ ਵੱਖ-ਵੱਖ ਐਵਾਰਡਾਂ ਦੇ ਰੂਪ 'ਚ ਸਨਮਾਨ ਭੇਂਟ ਕੀਤਾ ਗਿਆ। ਇਸ ਮੌਕੇ ਐਵਾਰਡਾਂ ਦੀ ਵੰਡ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਪ੍ਰੋ-ਚਾਂਸਲਰ ਡਾ. ਆਰ.ਐਸ. ਬਾਵਾ ਅਤੇ ਵਾਈਸ ਚਾਂਸਲਰ ਡਾ. ਪਰਾਗ ਦੀਵਾਨ ਵੱਲੋਂ ਉਚੇਚੇ ਤੌਰ 'ਤੇ ਕੀਤੀ ਗਈ।
ਇਸ ਮੌਕੇ ਅਕਾਦਮਿਕ ਗੁਣਵੱਤਾ, ਖੋਜ ਕਾਰਜਾਂ ਵਿੱਚ ਸ਼ਾਲਾਘਾਯੋਗ ਕਾਰਜ ਕਰਨ ਵਾਲੇ 'ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦਾ ਸੰਬੰਧਿਤ 83 ਅਧਿਆਪਕਾਂ ਦਾ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ 'ਬੈਸਟ ਟੀਚਰ ਐਵਾਰਡ', ਕਲੱਸਟਰ ਕੋਲੈਬਰੇਟਿਵ ਸਟਾਰ ਐਵਾਰਡ, ਓਵਰਆਲ ਸਟੂਡੈਂਟ ਬੈਸਟ ਟੀਚਰ ਐਵਾਰਡ, ਰੋਲ ਇੰਨ ਇੰਸਟੀਚਿਊਸ਼ਨਲ ਐਵਾਰਡ ਅਤੇ ਬੈਸਟ ਲੀਡਰਸ਼ਿਪ ਐਵਾਰਡ ਸ਼ਾਮਲ ਹਨ। ਇਸ ਮੌਕੇ ਅਕਾਦਮਿਕ ਪੱਧਰ 'ਤੇ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਆਪਕਾਂ ਨੂੰ 'ਬੈਸਟ ਟੀਚਰ' ਐਵਾਰਡ ਨਾਲ ਨਿਵਾਜਿਆ ਗਿਆ, ਜਿਨ੍ਹਾਂ ਵਿੱਚ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ 18 ਅਧਿਆਪਕਾਂ ਅਤੇ ਮਨੈਜਮੈਂਟ ਅਤੇ ਹੋਟਲ ਮੈਨੇਜਮਂੈਟ ਵਿਭਾਗਾਂ ਦੇ 6, ਸਾਇੰਸ ਅਤੇ ਫ਼ਾਰਮੇਸ਼ੀ ਵਿਭਾਗ ਦੇ 8 ਅਤੇ ਲਿਬਰਲ ਆਰਟਸ ਅਤੇ ਡੀ.ਸੀ.ਪੀਡੀ ਦੇ ਕੁੱਲ 12 ਅਧਿਆਪਕਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਆ ਗਿਆ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ 16 ਅਧਿਆਪਕਾਂ ਨੂੰ 'ਕਲੱਸਟਰ ਕੋਲੈਬਰੇਟਿਵ ਸਟਾਰ ਐਵਾਰਡ' ਭੇਂਟ ਕੀਤੇ ਗਏ ਅਤੇ ਇਸ ਮੌਕੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਦੀ ਅਧਿਆਪਕਾ ਪ੍ਰੀਆ ਸਰੋਜ਼, ਅਧਿਆਪਕ ਸੁਮੀਤ ਸ਼ਰਮਾ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਸਾਇੰਸ ਦੇ ਨਵੀਨ ਕੁਮਾਰ ਨੂੰ 'ਓਵਰਆਲ ਸਟੂਡੈਂਟ ਬੈਸਟ ਟੀਚਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਚੰਗੇ ਇੰਸਟੀਚਿਊਟਨਲ ਨਿਰਮਾਣ 'ਚ ਅਹਿਮ ਰੋਲ ਨਿਭਾਉਣ ਵਾਲੇ 18 ਅਧਿਆਪਕਾਂ ਨੂੰ 'ਰੋਲ ਇੰਨ ਇੰਸਟੀਚਿਊਟਨਲ ਬਿਲਡਿੰਗ' ਐਵਾਰਡ ਨਾਲ ਨਿਵਾਜਿਆ ਗਿਆ।ਇਸ ਦੌਰਾਨ ਅਕਾਦਮਿਕ ਪੱਧਰ 'ਤੇ ਯੋਗ ਟੀਮ ਇੰਚਾਰਜ ਵਜੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਲਈ ਮੈਕਾਟ੍ਰਾਨਿਕਸ ਇੰਜੀਨੀਅਰਿੰਗ ਵਿਭਾਗ ਤੋਂ ਹਰਜੋਤ ਸਿੰਘ ਗਿੱਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਤੋਂ ਸੰਦੀਪ ਸਲਹੋਤਰਾ ਨੂੰ 'ਲੀਡਰਸ਼ਿਪ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਨਲਾਈਨ ਸਿੱਖਿਆ ਪ੍ਰਣਾਲੀ ਬਲੈਕਬੋਰਡ ਰਾਹੀਂ ਸਿੱਖਿਆ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ 'ਚ ਸਹਿਯੋਗ ਦੇਣ ਵਾਲੀ ਸਮੁੱਚੀ ਟੀਮ ਨੂੰ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਾਗ ਦੀਵਾਨ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ, ਜੋ ਬਤੌਰ ਮਾਰਗ ਦਰਸ਼ਕ ਜਿਥੇ ਵਿਦਿਆਰਥੀਆਂ ਦੀ ਸਖ਼ਸ਼ੀਅਤ ਨਿਰਮਾਣ ਦੇ ਨਾਲ-ਨਾਲ ਭਵਿੱਖ ਦੀਆਂ ਜੜ੍ਹਾਂ ਮਜ਼ਬੂਤ ਕਰਦੇ ਹਨ ਉਥੇ ਹੀ ਚੰਗੇ ਰਾਸ਼ਟਰੀ ਨਿਰਮਾਣ ਵਿੱਚ ਅਹਿਮ ਰੋਲ ਨਿਭਾਉਂਦੇ ਹਨ।ਉਨ੍ਹਾਂ ਕਿਹਾ ਕਿ ਅਧਿਆਪਕ ਦੀ ਭੂਮਿਕਾ ਸਿਰਫ਼ ਸਾਜਰਤਾ ਦਰ ਵਧਾਉਣਾ ਜਾਂ ਕਿਤਾਬੀ ਗਿਆਨ ਦੇਣਾ ਹੀ ਨਹੀਂ ਬਲਕਿ ਦੋਸਤ, ਦਾਰਸ਼ਨਿਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਵਿਦਿਆਰਥੀ ਦਾ ਸਰੀਰਕ, ਮਾਨਸਿਕ, ਬੌਧਿਕ, ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਕਰਕੇ ਉਸ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ 'ਚ ਸਹਾਇਤਾ ਕਰਨਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀ ਦੇ ਚਰਿੱਤਰ ਨਿਰਮਾਣ ਵਿੱਚ, ਚੰਗਾ ਇਨਸਾਨ ਬਣਾਉਣ ਅਤੇ ਉਸ ਦੇ ਭਵਿੱਖ ਨੂੰ ਸੁਨਿਹਰਾ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰੰਘ ਸੰਧੂ ਨੇ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਵੱਡੀ ਤਬਦੀਲੀ ਜਾਂ ਚੇਤੰਨਤਾ ਲਿਆਉਣ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਅਧਿਆਪਕ ਹੀ ਆਪਣੇ ਆਉਣ ਵਾਲੇ ਭਵਿੱਖ ਦਾ ਨਿਰਮਾਣ ਕਰਦੇ ਹਨ।ਉਨ੍ਹਾਂ ਕੋਵਿਡ ਮਹਾਂਮਾਰੀ ਦੌਰਾਨ ਅਧਿਆਪਕਾਂ ਵੱਲੋਂ ਸਿੱਖਿਆ ਦੇ ਖੇਤਰ 'ਚ ਪਾਏ ਯੋਗਦਾਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਨੇ ਮਹਾਂਮਾਰੀ ਕਾਰਨ ਉਪਜੇ ਹਾਲਾਤਾਂ ਦੌਰਾਨ ਨਿਰਸਵਾਰਥ ਭਾਵਨਾ ਨਾਲ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਵਿਦਿਆਰਥੀਆਂ ਦੀ ਨਿਰਵਿਘਨ ਸਿੱਖਿਆ ਨੂੰ ਯਕੀਨੀ ਬਣਾਇਆ।
ਫ਼ੋਟੋ ਕੈਪਸ਼ਨ: ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ ਨਾਲ ਸਨਮਾਨਤ ਕਰਦੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ ਡਾ. ਪਰਾਗ ਦੀਵਾਨ ਅਤੇ ਪ੍ਰੋ. ਵਾਈਸ ਚਾਂਸਲਰ ਡਾ. ਬੀ.ਐਸ ਸੋਹੀ।
ਬਾਕਸ 'ਚ ਪ੍ਰਕਾਸ਼ਿਤ ਕਰਨ ਸਬੰਧੀ:
ਪੁਰਸਕਾਰ ਜੇਤੂ ਅਧਿਆਪਕਾਂ ਦੇ ਆਨਲਾਈਨ ਸਿੱਖਿਆ ਅਤੇ ਚਣੌਤੀਆਂ ਅਤੇ ਹੱਲਾਂ ਸਬੰਧੀ ਵਿਚਾਰ
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਕਰੀਅਰ ਪਲੈਨਿੰਗ ਐਂਡ ਡਿਵੈਲਪਮੈਂਟ ਵਿਭਾਗ ਤੋਂ ਬੈਸਟ ਟੀਚਰ ਐਵਾਰਡ ਜੇਤੂ ਇੰਦਰਪ੍ਰੀਤ ਸਿੰਘ ਨੇ ਕੋਵਿਡ ਹਾਲਾਤਾਂ 'ਚ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਪਣਾਏ ਵਿਦਿਅਕ ਢਾਂਚੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ 'ਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਨਿਰਵਿਘਨ ਸਿੱਖਿਆ ਲਈ 'ਬਲੈਕਬੋਰਡ' ਆਨਲਾਈਨ ਅਧਾਰਿਤ ਸਿੱਖਿਆ ਪ੍ਰਣਾਲੀ ਅਪਣਾਈ ਗਈ ਹੈ, ਜੋ ਵਿਦਿਆਰਥੀ ਅਤੇ ਫੈਕਲਟੀ ਦੇ ਆਪਸੀ ਤਾਲਮੇਲ ਲਈ ਇੱਕ ਵਧੀਆ ਪਲੇਟਫ਼ਾਰਮ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਕੋਵਿਡ ਸਥਿਤੀ ਕਾਰਨ ਸਿੱਖਿਆ ਸੰਸਥਾਵਾਂ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਰਚੁਅਲ ਕਲਾਸਰੂਪ ਦੀ ਸ਼ੁਰੂਆਤ ਕਰਦਿਆਂ ਇੱਕ ਕਦਮ ਅੱਗੇ ਵਧਾਇਆ ਹੈ, ਜਿਥੇ ਵਿਦਿਆਰਥੀ ਗਿਆਨ ਪ੍ਰਾਪਤ ਕਰਕੇ ਅਨੇਕਾ ਮੌਕਿਆਂ ਦੀ ਸਿਰਜਣਾ ਕਰ ਸਕਦੇ ਹਨ।
ਇਸ ਮੌਕੇ ਕੈਰੀਅਰ ਪਲਾਲਿੰਗ ਅਤੇ ਡਿਵੈਲਪਮੈਂਟ ਵਿਭਾਗ ਦੀ ਪ੍ਰੋ. ਕ੍ਰਿਤੀ ਸਿੰਘ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਵਿਦਿਅਕ ਖੇਤਰ ਵਿੱਚ ਬਹੁਤ ਤਬਦੀਲੀ ਆਈ ਹੈ, ਪਰ ਨਵੇਂ ਲਰਨਿੰਗ ਮੈਨੇਜਮੈਂਟ ਸਿਸਟਮ ਬਲੈਕਬੋਰਡ ਦੇ ਕਾਰਨ ਸਿੱਖਿਆ ਉਤੇ ਕੋਈ ਨਕਰਾਤਮਕ ਅਤੇ ਮਾੜਾ ਪ੍ਰਭਾਵ ਨਹੀਂ ਪਿਆ ਹੈ।ਉਨ੍ਹਾਂ ਕਿਹਾ ਕਿ ਯਕੀਨਨ ਵਿਦਿਆਰਥੀਆਂ ਲਈ ਪਰਿਵਾਰ ਦੇ ਬਹੁਤ ਹੀ ਅਰਾਮਦਾਇਕ ਅਤੇ ਸੁਵਿਧਾਜਨਕ ਮਹੌਲ 'ਚ ਪੜ੍ਹਨਾ ਥੋੜਾ ਮੁਸ਼ਕਲ ਹੋ ਸਕਦਾ ਹੈ, ਪਰ ਅੱਜ ਦੀ ਨੌਜਵਾਨ ਪੀੜੀ ਇੱਕ ਸਫ਼ਲ ਕਰੀਅਰ ਲਈ ਸਖਤ ਮਿਹਨਤ ਕਰ ਰਹੀ ਹੈ, ਇਸ ਲਈ ਉਹ ਆਪਣੇ ਟੀਚਿਆਂ ਨੂੰ ਸਾਹਮਣੇ ਰੱਖ ਕੇ ਸਿੱਖਿਆ ਗ੍ਰਹਿਣ ਕਰ ਰਹੇ ਹਨ।
ਸਾਇੰਸ ਐਂਡ ਫਾਰਮੇਸੀ ਵਿਭਾਗ ਤੋਂ ਜੈਸ਼੍ਰੀ ਕਰਨਵਾਲ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਸਕਰਾਤਮਕ ਅਤੇ ਪ੍ਰੇਰਿਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਆਨਲਾਈਨ ਸਿੱਖਿਆ ਪ੍ਰਣਾਲੀ ਦੇ ਨਤੀਜੇ ਵਜੋਂ ਇੱਕ ਢੁਕਵਾਂ ਵਾਤਾਵਰਣ ਬਣਾਇਆ ਗਿਆ ਹੈ, ਜਿਸ ਵਿੱਚ ਵਿਦਿਆਰਥੀ ਵੀਡਿਓ ਅਤੇ ਵਰਚੁਅਲ ਕਲਾਸਾਂ ਦੁਆਰਾ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਲਰਨਿੰਗ ਮੈਨੇਜਮੈਂਟ ਪ੍ਰਣਾਲੀ ਬਲੈਕਬੋਰਡ ਦੀ ਵਰਤੋਂ ਕਰਨਾ ਬਿਲਕੁਲ ਵੀ ਅਸੁਖਾਵਾਂ ਨਹੀਂ ਹੈ ਅਤੇ ਮੇਰੇ ਖਿਆਲ ਵਿੱਚ ਅਧਿਆਪਕ ਅਤੇ ਵਿਦਿਆਰਥੀ ਉਸੇ ਕਲਾ ਅਤੇ ਰੁਚੀ ਨਾਲ ਆਨਲਾਈਨ ਕਲਾਸਾਂ ਵਿੱਚ ਪੜ੍ਹਨ ਦੇ ਯੋਗ ਹੁੰਦੇ ਹਨ ਜਿੰਨੇ ਉਹ ਕਲਾਸ ਰੂਮ ਵਿੱਚ ਹੁੰਦੇ ਹਨ।