ਐਸ ਏ ਐਸ ਨਗਰ, ਸਤੰਬਰ 01, 2020: ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ ਵਿੱਚ ਵਧ ਰਹੇ ਕੋਵਿਡ ਦੇ ਮਾਮਲਿਆਂ ਅਤੇ ਮੌਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਗਿਰੀਸ਼ ਦਿਆਲਨ, ਆਈ.ਏ.ਐਸ. ਵੱਲੋਂ ਸੀ.ਆਈ.ਪੀ.ਸੀ ਦੀ ਧਾਰਾ 144 ਅਧੀਨ ਭਾਰਤ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਦਿਸ਼ਾ-ਨਿਰਦੇਸ਼ ਸ਼ਹਿਰੀ ਖੇਤਰਾਂ ਵਿੱਚ ਕੁਝ ਵਾਧੂ ਪਾਬੰਦੀਆਂ ਦੇ ਨਾਲ ਮਿਤੀ 01.09.2020 ਤੋਂ 30.09.2020 ਤੱਕ ਲਾਗੂ ਹੋਣਗੇ।
ਵੀਕੈਂਡ ਕਰਫਿਊ ਦੇ ਸਬੰਧ ਵਿੱਚ ਇਹ ਆਦੇਸ਼ ਦਿੱਤਾ ਗਿਆ ਹੈ ਕਿ 30.09.2020 ਤੱਕ ਜ਼ਿਲ੍ਹੇ ਦੇ ਸਾਰੇ ਮਿਉਂਸਪਲ ਕਸਬਿਆਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਹੋਵੇਗਾ ਅਤੇ ਅਤੇ ਰਾਤ ਦੇ ਕਰਫਿਊ ਦੌਰਾਨ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਦੀਆਂ ਮਿਉਂਸਪਲ ਹੱਦਾਂ ਵਿੱਚ ਪੂਰੇ ਹਫ਼ਤੇ ਲਈ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਸਬੰਧੀ ਵਿਅਕਤੀਆਂ ਦੇ ਆਉਣ-ਜਾਣ `ਤੇ ਰਾਤ 7 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ। ਹਾਲਾਂਕਿ, ਜ਼ਰੂਰੀ ਗਤੀਵਿਧੀਆਂ (ਖਾਣ ਪੀਣ ਦੀਆਂ ਚੀਜ਼ਾਂ ਦੀ ਦੁਕਾਨਾਂ ਸਮੇਤ) ਅਤੇ ਸੇਵਾਵਾਂ, ਰਾਸ਼ਟਰੀ ਅਤੇ ਰਾਜ ਮਾਰਗਾਂ `ਤੇ ਵਿਅਕਤੀਆਂ ਅਤੇ ਵਸਤਾਂ ਦੀ ਆਵਾਜਾਈ, ਵਿਅਕਤੀਆਂ ਦੇ ਅੰਤਰ-ਰਾਜੀ ਅਤੇ ਰਾਜ ਵਿੱਚ ਆਉਣ-ਜਾਣ, ਮਾਲ ਲਾਹੁਣ, ਬੱਸਾਂ, ਰੇਲਾਂ ਅਤੇ ਹਵਾਈ ਜਹਾਜਾਂ ਵਿਚੋਂ ਉਤਰਨ ਤੋਂ ਬਾਅਦ ਵਿਅਕਤੀਆਂ ਦੇ ਆਉਣ-ਜਾਣ ਨੂੰ ਆਗਿਆ ਦਿੱਤੀ ਜਾਵੇਗੀ। ਜ਼ਰੂਰੀ ਸੇਵਾਵਾਂ ਵਿੱਚ ਸਿਹਤ, ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਫਿਸ਼ਿੰਗ ਦੀਆਂ ਗਤੀਵਿਧੀਆਂ, ਬੈਂਕ, ਏਟੀਐਮਜ਼, ਸਟਾਕ ਮਾਰਕੀਟ, ਬੀਮਾ ਕੰਪਨੀਆਂ, ਆਨ-ਲਾਈਨ ਟੀਚਿੰਗ, ਜਨਤਕ ਸਹੂਲਤਾਂ, ਮਲਟੀਪਲ-ਸ਼ਿਫਟਾਂ ਵਿੱਚ ਪਬਲਿਕ ਟ੍ਰਾਂਸਪੋਰਟ ਉਦਯੋਗ, ਨਿਰਮਾਣ ਉਦਯੋਗ ਸ਼ਾਮਲ ਹਨ।
ਦੁਕਾਨਾਂ/ਮਾਲਸ ਸ਼ਾਮ 6.30 ਵਜੇ ਤੱਕ ਖੁੱਲੇ ਰਹਿਣਗੇ ਅਤੇ ਵੀਕਐਂਡ ਨੂੰ ਬੰਦ ਰਹਿਣਗੇ ਜਦੋਂ ਕਿ ਜ਼ਰੂਰੀ ਵਸਤਾਂ ਦਾ ਕਾਰੋਬਾਰ ਕਰਨ ਵਾਲੀਆਂ ਦੁਕਾਨਾਂ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੁੱਲੀਆ ਰਹਿਣਗੀਆਂ।
ਧਾਰਮਿਕ ਸਥਾਨ, ਖੇਡ ਕੰਪਲੈਕਸ, ਸਟੇਡੀਅਮ ਅਤੇ ਜਨਤਕ ਕੰਪਲੈਕਸ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੁੱਲ੍ਹੇ ਰਹਿਣਗੇ। ਰੈਸਟੋਰੈਂਟ (ਮਾਲਸ ਵਿਚ ਰੈਸਟੋਰੈਂਟ/ਹੋਟਲ ਵੀ ਸ਼ਾਮਲ ਹਨ) ਹਫਤੇ ਦੇ ਦਿਨਾਂ ਦੌਰਾਨ ਸ਼ਾਮ 6:30 ਵਜੇ ਤਕ ਖੁੱਲੇ ਰਹਿਣਗੇ ਅਤੇ ਵੀਕਐਂਡ 'ਤੇ ਸ਼ਾਮ 6:30 ਵਜੇ ਤਕ ਸਿਰਫ ਹੋਮ ਡਲਿਵਰੀ ਦੀ ਆਗਿਆ ਹੈ।
ਹੋਟਲ ਅਤੇ ਸ਼ਰਾਬ ਦੇ ਠੇਕੇ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੁੱਲ੍ਹ ਰਹਿ ਸਕਦੇ ਹਨ।
ਜ਼ਿਲ੍ਹੇ ਭਰ ਵਿੱਚ ਵਾਹਨਾਂ ਸਬੰਧੀ ਹੁਕਮਾਂ ਵਿਚ, 4 ਪਹੀਆ ਵਾਹਨ ਵਿੱਚ ਡਰਾਈਵਰ ਸਮੇਤ ਸਿਰਫ 3 ਵਿਅਕਤੀਆਂ ਨੂੰ ਹੀ ਆਗਿਆ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਸਾਰੀਆਂ ਬੱਸਾਂ ਅਤੇ ਪਬਲਿਕ ਟ੍ਰਾਂਸਪੋਰਟ ਵਾਹਨਾਂ ਵਿਚ ਸਿਰਫ ਅੱਧੀ (50%) ਸਮਰੱਥਾ ਨਾਲ ਬੈਠਣ ਦੀ ਆਗਿਆ ਦਿੱਤੀ ਗਈ ਹੈ ਅਤੇ ਬੱਸਾਂ ਅਤੇ ਪਬਲਿਕ ਟ੍ਰਾਂਸਪੋਰਟ ਵਿਚ ਕੋਈ ਵਿਅਕਤੀ ਖੜ੍ਹਾ ਹੋ ਕੇ ਸਫਰ ਨਹੀਂ ਕਰੇਗਾ।
ਸਾਰੇ ਜ਼ਿਲ੍ਹੇ ਵਿੱਚ ਸਾਰੇ ਸਮਾਜਿਕ, ਰਾਜਨੀਤਿਕ, ਧਾਰਮਿਕ ਇਕੱਠ, ਵਿਰੋਧ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨਾਂ ਦੀ ਮਨਾਹੀ ਹੈ। ਹਾਲਾਂਕਿ, ਵਿਆਹ ਅਤੇ ਸੰਸਕਾਰ ਨਾਲ ਜੁੜੇ ਇਕੱਠਾਂ ਨੂੰ ਕ੍ਰਮਵਾਰ ਸਿਰਫ 30 ਵਿਅਕਤੀਆਂ ਅਤੇ 20 ਵਿਅਕਤੀਆਂ ਦੀ ਆਗਿਆ ਹੋਵੇਗੀ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ 'ਤੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਮਹੀਨੇ ਦੇ ਅੰਤ ਤੱਕ 50% ਸਟਾਫ ਨਾਲ ਕੰਮ ਕਰਨਗੇ ਭਾਵ ਕਿਸੇ ਵੀ ਦਿਨ 50% ਤੋਂ ਵੱਧ ਮੁਲਾਜ਼ਮਾਂ ਨੂੰ ਦਫ਼ਤਰ ਵਿਚ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ। ਹਾਲਾਂਕਿ, ਇਹ ਹੁਕਮ ਕੋਵਿਡ-19 ਸੰਬੰਧੀ ਜ਼ਰੂਰੀ ਡਿਊਟੀਆਂ ਕਰਨ ਵਾਲੇ ਦਫਤਰਾਂ ਜਾਂ ਕੋਵਿਡ ਨਾਲ ਸਬੰਧਤ ਕਾਰਜਾਂ ਲਈ ਨਿਯੁਕਤ ਅਧਿਕਾਰੀਆਂ 'ਤੇ ਲਾਗੂ ਨਹੀਂ ਹੋਵੇਗਾ।
ਉਦਯੋਗਿਕ ਇਕਾਈਆਂ ਨੂੰ ਇਸ ਸੰਬੰਧੀ ਕਿਸੇ ਖ਼ਾਸ ਆਗਿਆ ਤੋਂ ਬਿਨਾਂ ਵੀਕੈਂਡ ਜਾਂ ਦਿਨ/ਰਾਤ ਦੀਆਂ ਸ਼ਿਫਟਾਂ ਵਿਚ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ। ਇਹਨਾਂ ਇਕਾਈਆਂ ਵਿਚ ਕੰਮ ਕਰਨ ਵਾਲਿਆਂ ਨੂੰ ਕਰਫਿਊ ਦੇ ਦੌਰਾਨ ਕੰਮ ਵਾਲੀ ਥਾਂ 'ਤੇ ਆਉਣ-ਜਾਣ ਲਈ ਮਾਲਕ ਦੁਆਰਾ ਤਸਦੀਕ ਕੀਤੇ ਸੰਗਠਨ ਆਈਡੀ ਕਾਰਡਾਂ ਰਾਹੀਂ ਆਗਿਆ ਦਿੱਤੀ ਜਾਵੇਗੀ।
ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਤੇ ਤਾਲਾਬੰਦੀ ਉਪਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ 'ਤੇ ਆਫਤਨ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਅਧੀਨ ਸਜ਼ਾਯੋਗ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ।