ਅਸ਼ੋਕ ਵਰਮਾ
- ਕੋਟਫੱਤਾ ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ
ਬਠਿੰਡਾ, 10 ਫਰਵਰੀ2021: ਬਠਿੰਡਾ ਦੀ ਸੰਗਤ ਮੰਡੀ ’ਚ ਇੱਕ ਗੱਡੇ ਤੇ ਆਏ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਵਾਰਡ ਨੰਬਰ ਛੇ ਦੇ ਅਕਾਲੀ ਉਮੀਦਵਾਰ ਸੁਸ਼ੀਲ ਕੁਮਾਰ ਗੋਲਡੀ ਦੇ ਘਰ ਧੱਕੇ ਨਾਲ ਦਾਖਲ ਹੋਣ ਨੂੰ ਲੈਕੇ ਜਬਰਦਸਤ ਹੰਗਾਮਾ ਹੋਇਆ। ਇਸ ਬਾਰੇ ਪਤਾ ਲੱਗਣ ਤੇ ਮੰਡੀ ਵਾਸੀਆਂ ਨੇ ਗੱਡੀ ਘੇਰ ਲਈ ਜਿਸ ਚੋਂ ਸ਼ਰਾਬ ਦਾ ਡੱਬਾ ਅਤੇ ਲਿਫਾਫੇ ’ਚ ਪੈਕ ਕੁੱਝ ਸਮਾਨ ਬਰਾਮਦ ਹੋਇਆ ਜਿਸ ਨੂੰ ਲੈਕੇ ਲੋਕਾਂ ਦਾ ਪਾਰਾ ਚੜ ਗਿਆ। ਮੁਢਲੇ ਤੌਰ ਤੇ ਇਹ ਸਮਾਨ ਉਮੀਦਵਾਰ ਦੇ ਘਰ ਸੁੱਟਣ ਦੀ ਚਰਚਾ ਉਪਰੰਤ ਭੜਕੇ ਲੋਕਾਂ ਨੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਭੜਕੇ ਮੰਡੀ ਵਾਸੀਆਂ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦੀ ਅਗਵਾਈ ਹੇਠ ਥਾਣੇ ਦੇ ਮੁੱਖ ਗੇਟ ਅੱਗੇ ਧਰਨਾ ਲਾ ਦਿੱਤਾ। ਮੰਡੀ ਵਾਸੀਆਂ ਨੇ ਸਰਕਾਰ ਖਿਲਾਫ ਨਾਅਰੇ ਲਾਏ ਅਤੇ ਉਮੀਦਵਾਰ ਦੇ ਘਰ ’ਚ ਜਬਰਦਸਤੀ ਦਾਖਲ ਹੋਣ ਵਾਲੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਵਾਰਡ ਨੰ. 6 ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਵੱਲੋਂ ਸੁਸੀਲ ਕੁਮਾਰ ਗੋਲਡੀ ਨਗਰ ਕੌਂਸਲ ਦੀ ਚੋਣ ਲੜ ਰਹੇ ਹਨ। ਦੁਪਹਿਰ ਢਾਈ ਵਜੇ ਦੇ ਲਗਭਗ ਦੋ ਗੱਡੀਆਂ ਤੇ ਸਵਾਰ ਹੋ ਕੇ ਇੱਕ ਦਰਜ਼ਨ ਦੇ ਕਰੀਬ ਵਿਅਕਤੀ ਉਹਨਾਂ ਦੇ ਘਰ ਦਾਖਲ ਹੋ ਗਏ। ਉਸ ਸਮੇਂ ਘਰ ’ਚ ਇਕੱਲੀਆਂ ਔਰਤਾਂ ਸਨ, ਜਦਕਿ ਗੋਲਡੀ ਮੰਡੀ ’ਚ ਚੋਣ ਪ੍ਰਚਾਰ ਤੇ ਗਏ ਹੋਏ ਸਨ। ਗੱਡੀ ਸਵਾਰ ਵਿਅਕਤੀਆਂ ਵੱਲੋਂ ਧੱਕੇ ਨਾਲ ਉਨਾਂ ਦੇ ਘਰ ਦਾਖਲ ਹੋਣ ਸਬੰਧੀ ਜਾਣਕਾਰੀ ਮਿਲਦਿਆਂ ਸੁਸ਼ੀਲ ਕੁਮਾਰ ਗੋਲਡੀ ਵੀ ਮੌਕੇ ਤੇ ਪਹੰੁਚ ਗਏ। ਇਸ ਮੌਕੇ ਉਹਨਾਂ ਨੇ ਗੋਲਡੀ ਨਾਲ ਕੁੱਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ । ਇਸ ਗੱਲ ਦਾ ਪਤਾ ਲੱਗਿਆ ਤਾਂ ਵੱਡੀ ਗਿਣਤੀ ’ਚ ਮੰਡੀ ਵਾਸੀ ਗੋਲਡੀ ਦੇ ਘਰ ਅੱਗੇ ਦਾਖਲ ਹੋ ਗਏ ਅਤੇ ਇਹਨਾਂ ਵਿਅਕਤੀਆਂ ਦੀ ਗੱਡੀ ’ਚ ਸ਼ਰਾਬ ਦੀਆਂ ਬੋਤਲਾਂ ਤੇ ਲਿਫਾਫੇ ’ਚ ਪੈਕ ਕੁੱਝ ਪਦਾਰਥ ਵੀ ਵਿਖਾਇਆ।
ਸੁਸ਼ੀਲ ਕੁਮਾਰ ਗੋਲਡੀ ਨੇ ਦੱਸਿਆ ਕਿ ਮੰਡੀ ’ਚ ਉਨਾਂ ਦੀ ਸਥਿਤੀ ਬਹੁਤ ਮਜ਼ਬੂਤ ਹੈ ਅਤੇ ਕਾਂਗਰਸ ਚੋਣ ਹਾਰਦੀ ਦਿਖਾਈ ਦੇ ਰਹੀ ਹੈ। ਉਹਨਾਂ ਦੱਸਿਆ ਕਿ ਕੁੱਝ ਵਿਅਕਤੀਆਂ ਵੱਲੋਂ ਉਸ ਦੇ ਘਰ ’ਚ ਸ਼ਰਾਬ ਰੱਖ ਕੇ ਉਸ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਉਹ ਆਪਣੀ ਸਾਜਿਸ਼ ’ਚ ਕਾਮਯਾਬ ਨਹੀਂ ਹੋਏ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਕਿਹਾ ਕਿ ਦੱਸਿਆ ਕਿ ਸ਼ੁਸੀਲ ਕੁਮਾਰ ਗੋਡਲੀ ਪ੍ਰਧਾਨਗੀ ਦਾ ਉਮੀਦਵਾਰ ਹੈ। ਦੁਪਹਿਰ ਸਮੇਂ ਉਸ ਦੇ ਘਰ ’ਚ ਇਕ ਵਰਦੀਧਾਰੀ ਵਿਅਕਤੀ ਨੇ ਘਰ ਦੀ ਕੰਧ ਟੱਪ ਕੇ ਸ਼ਰਾਬ ਦਾ ਡੱਬਾ ਅਤੇ ਇਕ ਪੈਕੇਟ ਸੁੱਟਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਇਸ ਘਟਨਾ ਬਾਰੇ ਉਹਨਾਂ ਨੂੰ ਦਿੱਲੀ ਤੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਫੋਨ ਆਇਆ ਤੇ ਮੌਕੇ ਤੇ ਪਹੰੁਚਣ ਲਈ ਕਿਹਾ।
ਉਹਨਾਂ ਕਿਹਾ ਕਿ ਕਾਂਗਰਸ ਦੀ ਇਹ ਕਥਿਤ ਗੁੰਡਾਗਰਦੀ ਹੈ ਜਿਹੜੀ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਕਾਂਗਰਸ ਆਪਣੀ ਹਾਰ ਨੂੰ ਵੇਖਦਿਆਂ ਨਿਰਪੱਖ ਚੋਣਾਂ ਨਹੀਂ ਕਰਵਾ ਰਹੀ ਅਤੇ ਆਪਣੀ ਹਾਰ ਦੇ ਡਰੋ ਪਹਿਲਾਂ ਵਾਰਡਾਂ ’ਚ ਅਕਾਲੀ ਦਲ ਦੇ ਵਰਕਰਾਂ ਦੀਆਂ ਵੋਟਾਂ ਆਪਣੇ ਵਾਰਡਾਂ ’ਚੋਂ ਕੱਟ ਕੇ ਦੂਸਰੇ ਵਾਰਡਾਂ ’ਚ ਹੀ ਕਰ ਦਿੱਤੀਆਂ ਜਦੋਂਕਿ ਬਾਅਦ ’ਚ ਉਮੀਦਵਾਰਾਂ ਦੇ ਨਾਮਜਦਗੀ ਕਾਗਜ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਕਾਂਗਰਸੀਆਂ ਵੱਲੋਂ ਹਰ ਰੋਜ਼ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਅੱਜ ਦੀ ਘਟਨਾਂ ਨੂੰ ਮੰਦਭਾਗੀ ਅਤੇ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਉਹਨਾਂ ਆਖਿਆ ਕਿ ਚੋਣ ਕਮਿਸ਼ਨ ਪੰਜਾਬ ਨੂੰ ਇਸ ਘਟਨਾਂ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਧੱਕਾ ਬਰਦਾਸ਼ਤ ਨਹੀਂ ਕਰਗੇ ਅਤੇ ਵਰਕਰ ਡਟ ਕੇ ਲੜਾਈ ਲੜਨਗੇ।
ਮਾਮਲੇ ਦੀ ਪੜਤਾਲ ਜਾਰੀ:ਐਸਐਚਓ
ਥਾਣਾ ਸੰਗਤ ਦੇ ਮੁਖੀ ਗੌਰਵਵੰਸ ਸਿੰਘ ਦਾ ਕਹਿਣਾ ਸੀ ਕਿ ਇਸ ਸਬੰਧ ’ਚ ਸ਼ੁਸੀਲ ਕੁਮਾਰ ਗੋਲਡੀ ਨੇ ਲਿਖਤੀ ਸ਼ਕਾਇਤ ਦਿੱਤੀ ਹੈ ਜਿਸ ’ਚ ਦੱਸਿਆ ਹੈ ਕਿ ਕੁੱਝ ਵਿਅਕਤੀ ਉਹਨਾਂ ਦੇ ਘਰ ਆਏ ਸਨ, ਜਿਹਨਾਂ ’ਚੋਂ ਕੁੱਝ ਦੇ ਪੁਲਸ ਦੀ ਵਰਦੀ ਸੀ। ਉਹਨਾਂ ਦੱਸਿਆ ਕਿ ਅੱਜ ਦੀ ਘਟਨਾਂ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਖਿਲਾਫ ਬਣਣੀ ਕਾਰਵਾਈ ਕੀਤੀ ਜਾਏਗੀ।