ਅਸ਼ੋਕ ਵਰਮਾ
- ਆਪ ਲੀਡਰਾਂ ਨੇ ਪੰਜਾਬ ਵਾਸੀਆਂ ਲਈ ਲਾਈ ਵਾਅਦਿਆਂ ਦੀ ਝੜੀ
ਬਠਿੰਡਾ, 5 ਫਰਵਰੀ 2021: ਪੰਜਾਬ ਵਿਚ ਹੋ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ‘ਸਾਰਿਆਂ ਨੂੰ ਅਜਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ’ ਨਾਂ ਦੀ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਮੌਕੇ ਅੱਜ ਕਰਵਾਏ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ’ਚ ਪੁਰਾਣਾ ਜਲੌਅ ਪੂਰੀ ਤਰਾਂ ਗਾਇਬ ਦਿਖਾਈ ਦਿੱਤਾ। ਪਾਰਟੀ ਨਗਰ ਨਿਗਮ ਬਠਿੰਡਾ ਦੇ 50 ਵਾਰਡਾਂ ’ਚ ਚੋਣ ਲੜ ਰਹੀ ਹੈ ਫਿਰ ਵੀ ਅੱਜ ਦਾ ਪ੍ਰੋਗਰਾਮ ਇਕੱਠ ਦੇ ਪੱਖ ਤੋਂ ਮਾਰ ਖਾ ਗਿਆ ਅਤੇ ਜੋ ਵਲੰਟੀਅਰ ਆਏ ਉਹ ਫੋਟੋਆਂ ਖਿਚਵਾਉਣ ’ਚ ਰੁੱਝੇ ਰਹੇ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ‘ਝਾੜੂ’ ਚਲਾਇਆ ਅਤੇ ਝਾੜੂ ਫੇਰਨ ਦਾ ਐਲਾਨ ਕਰਦਿਆਂ ਵੋਟਰਾਂ ਤੋਂ ਫਤਵੇ ਦੀ ਮੰਗ ਕੀਤੀ। ਅੱਜ ਚੀਮਾਂ ਨੇ ਵਿੱਤ ਮੰਤਰੀ ਦੇ ਹਲਕੇ ’ਚ ਕੈਪਟਨ ਸਰਕਾਰ ਤੇ ਤਿੱਖੇ ਹਮਲੇ ਕੀਤੇ ਅਤੇ ਖਜਾਨਾ ਮੰਤਰੀ ਨੂੰ ਵੀ ਨਿਸ਼ਾਨਾ ਬਣਾਇਆ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਕਿਹਾ ਕਿ ‘ਆਪ’ ਵਲੰਟੀਅਰਾਂ ਵੱਲੋਂ ਅੱਜ ਝਾੜੂ ਚਲਾਕੇ ਸਾਰੇ ਪੰਜਾਬ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਘਰਾਂ, ਗਲੀਆਂ ਵਿੱਚ ਝਾੜੂ ਨਾਲ ਗੰਦਗੀ ਸਾਫ ਕੀਤੀ ਜਾਂਦੀ ਹੈ ਇਸ ਲਈ ਹੁਣ ਚੋਣਾਂ ’ਚ ਝਾੜੂ ਅਕਾਲੀਆਂ-ਕਾਂਗਰਸੀਆਂ ਵੱਲੋਂ ਨਗਰ ਨਿਗਮਾਂ, ਮਿਊਂਸਿਪਲ ਕੌਂਸਲਾਂ ’ਚ ਭਿ੍ਰਸ਼ਟਾਚਾਰ ਰੂਪੀ ਗੰਦ ਸਾਫ ਕੀਤਾ ਜਾਵੇਗਾ ਜਿਸ ਲਈ ਅੱਜ ਵਲੰਟੀਅਰ ਪ੍ਰਣ ਕਰਨਗੇ। ਉਹਨਾਂ ਕਿਹਾ ਕਿ ਪਾਰਟੀ ਨੇ ਐਤਕੀਂ ‘ਸਾਰਿਆਂ ਨੂੰ ਅਜ਼ਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ’ ਦਾ ਨਾਅਰਾ ਦਿੱਤਾ ਹੈ। ਉਹਨਾਂ ਕਿਹਾ ਕਿ ਸਥਾਨਕ ਸਰਕਾਰਾਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭਿ੍ਰਸ਼ਟਾਚਾਰ ਅੱਡੇ ਬਣ ਚੁੱਕੇ ਹਨ। ਸ਼ਹਿਰਾਂ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ, ਅਪਰਾਧਾਂ ਨੂੰ ਰੋਕਣ ਦੇ ਲਈ ਸ਼ਹਿਰਾਂ ’ਚ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਨੇ ਕਥਿਤ ਤੌਰ ਤੇ ਆਪਣੇ ਘਰਾਂ ਨੂੰ ਭਰਨ ਲਈ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੁਣ ਲੋਕਾਂ ਨੂੰ ਬਦਲਾਅ ਦਿੱਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਦੇ ਲਈ ਕੰਮ ਕਰਨ ਵਾਲਿਆਂ ਨੂੰ ਜਤਾਇਆ ਜਾਵੇ। ਉਹਨਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਕੈਪਟਨ ਸਰਕਾਰ ਨੇ ਲੋਕਾਂ ਲਈ ਕੋਈ ਕੰਮ ਨਹੀਂ ਕੀਤਾ, ਚੋਣਾਂ ਤੋਂ ਪਹਿਲੇ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਗਏ ਹਨ, ਚੋਣਾਂ ਜਿੱਤਣ ਲਈ ਸੱਤਾਧਾਰੀ ਪਾਰਟੀ ਕਾਂਗਰਸ ਨੇ ਪਿਛਲੇ ਦਿਨੀਂ ਸਾਰੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ, ਗਲਤ ਢੰਗ ਨਾਲ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਪੰਜਾਬ ਰਾਜ ਚੋਣ ਕਮਿਸ਼ਨਰ ਨੂੰ ਮਿਲਕੇ ਮੰਗ ਕਰ ਚੁੱਕੇ ਹਾਂ ਕਿ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
ਉਹਨਾਂ ਕਿਹਾ ਕਿ ਕਾਂਗਰਸ ਸਾਰੇ ਪੰਜਾਬ ਵਿੱਚ ਹਿੰਸਾ ’ਤੇ ਉਤਰੀ ਹੋਈ, ਹੈ ਅਤੇ ਪੰਜਾਬ ਦੀ ਪੁਲਿਸ ਅਤੇ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੂਕ ਦਰਸ਼ਕ ਬਣੇ ਹੋਏ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਅੱਜ ਤੱਕ ਇੱਕ ਵੀ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਪਹਿਲਾਂ ਆਪਣੇ ਤਾਏ ਦੀ ਸਰਕਾਰ ਵਿੱਚ ਖਜ਼ਾਨਾ ਮੰਤਰੀ ਰਹੇ ਤੇ ਹੁਣ ਕੈਪਟਨ ਦੀ ਸਰਕਾਰ ਵਿੱਚ ਮੰਤਰੀ ਹਨ, ਦੋਵਾਂ ਸਮੇਂ ਹੀ ਉਹਨਾਂ ਦੀ ਕਾਰਗੁਜ਼ਾਰੀ ਨਿਕੰਮੀ ਤੇ ਨਖਿੱਧ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਲੋਕਾਂ ਨੂੰ ਦੇਣ ਦੀ ਬਜਾਏ ਖਜ਼ਾਨਾ ਭਰਨ ਵਾਸਤੇ ਪਿਛਲੇ ਚਾਰ ਸਾਲਾਂ ਤੋਂ ਲੋਕਾਂ ’ਤੇ ਨਵੇਂ ਟੈਕਸ ਲਗਾਉਂਦੇ ਆ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਮੁਲਾਜ਼ਮ ਆਪਣੀਆਂ ਮੰਗਾਂ ਅਤੇ ਬੇਰੁਜ਼ਾਗਰ ਨੌਜਵਾਨ ਰੁਜ਼ਗਾਰ ਲਈ ਧਰਨੇ ਦੇ ਰਹੇ ਹਨ, ਪਰ ਕੈਪਟਨ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ।
ਉਹਨਾਂ ਕਿਹਾ ਕਿ ਅੱਜ ਮਨਪ੍ਰੀਤ ਸਿੰਘ ਬਾਦਲ ਦੇ ਬੰਦਿਆਂ ਵੱਲੋਂ ਦੂਜੀਆਂ ਪਾਰਟੀਆਂ ਦੇ ਪੋਸਟਰ, ਬੈਨਰ ਪਾੜੇ ਜਾ ਰਹੇ ਹਨ ਅਤੇ ਇਹ ਸਾਰਾ ਕੁਝ ਕਾਂਗਰਸੀਆਂ ਕਰਵਾ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਆਪਣੇ ਪ੍ਰਧਾਨ ਤੇ ਮੇਅਰ ਬਣਾਏਗੀ। ਇਸ ਮੌਕੇ ਉਹਨਾਂ ਭਿ੍ਰਸ਼ਟਾਚਾਰ ਤੋਂ ਮੁਕਤੀ, ਸਾਫ ਸਫਾਈ, ਸਟਰੀਟ ਲਾਈਟਾਂ, ਡੋਰ ਸਟੈਪ ਸਰਵਿਸ, ਪੀਣ ਵਾਲਾ ਪਾਣੀ, ਨਾਲੀਆਂ ਦਾ ਯੋਗ ਪ੍ਰਬੰਧ, ਸੁੰਦਰ ਪਾਰਕ ਅਤੇ ਸਾਫ ਪਬਲਿਕ ਟਾਇਲਟ ਆਦਿ ਦੇ ਵਾਅਦੇ ਕੀਤੇ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਜੱਗਾ, ਸੇਵਾਮੁਕਤ ਪਿ੍ਰੰਸੀਪਲ ਬੁੱਧ ਰਾਮ, ਬਠਿੰਡਾ ਦਿਹਾਤੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਬਲਦੇਵ ਸਿਘ ਜੈਤੋ, ਨਗਰ ਨਿਗਮ ਬਠਿੰਡਾ ਦੀ ਚੋਣ ਲੜ ਰਹੇ ‘ਆਪ’ ਉਮੀਦਵਾਰ ਅਤੇ ਬਠਿੰਡਾ ਦੇ ਆਗੂ ਹਾਜ਼ਰ ਸਨ।