ਪਰਿਵਾਰਕ ਮੈਂਬਰ ਗਰਭਵਤੀ ਔਰਤ ਨੇ ਪ੍ਰਗਟਾਇਆ ਧੰਨਵਾਦ
ਹੁਸ਼ਿਆਰਪੁਰ, 16 ਮਈ 2020: ਜ਼ਿਲ੍ਹਾ ਪ੍ਰਸਾਸ਼ਨ ਹੁਸ਼ਿਆਰਪੁਰ ਵਲੋਂ ਬੀਤੀ ਦੇਰ ਰਾਤ ਜਿੱਥੇ ਜ਼ਿਲ੍ਹੇ ਵਿਚੋਂ 645 ਵਿਅਕਤੀ ਸਪੈਸ਼ਲ ਟਰੇਨ (ਜਲੰਧਰ ਰੇਲਵੇ ਸਟੇਸ਼ਨ) ਰਾਹੀਂ ਝਾਰਖੰਡ ਭੇਜੇ ਗਏ ਹਨ, ਉਥੇ ਇਨ੍ਹਾਂ ਯਾਤਰੀਆਂ ਤੋਂ ਇਲਾਵਾ ਇਕ ਅਜਿਹਾ ਪਰਿਵਾਰ ਵੀ ਸ਼ਾਮਿਲ ਸੀ, ਜਿਸਦੀ ਹੁਸ਼ਿਆਰਪੁਰ ਅਤੇ ਅੰਮਿ੍ਰਤਸਰ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬਾਂਹ ਫੜੀ ਹੈ।
ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹੇ ਲਈ ਬੀਤੀ ਦੇਰ ਰਾਤ ਝਾਰਖੰਡ ਲਈ ਸਪੈਸ਼ਲ ਟਰੇਨ ਜਾਣੀ ਸੀ, ਇਸ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਅੰਮ੍ਰਿਤਸਰ ਦੇ ਇਕ ਪ੍ਰਸ਼ਾਨਿਕ ਅਧਿਕਾਰੀ ਵਲੋਂ ਜਾਣੂ ਕਰਵਾਇਆ ਗਿਆ ਕਿ ਝਾਰਖੰਡ ਦਾ ਇਕ ਪਰਿਵਾਰ ਅੰਮਿ੍ਰਤਸਰ ਵਿਖੇ ਫਸਿਆ ਹੋਇਆ ਹੈ ਅਤੇ ਇਸ ਪਰਿਵਾਰ ਦੇ ਮੈਂਬਰਾਂ ਵਿੱਚ ਇਕ ਗਰਭਵਤੀ ਔਰਤ ਵੀ ਸ਼ਾਮਿਲ ਹੈ। ਇਸ ਉਪਰੰਤ ਸ਼੍ਰੀ ਸੂਦਨ ਨੇ ਤੁਰੰਤ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਕੇ ਬੀਤੀ ਦੇਰ ਰਾਤ ਹੀ ਇਸ ਪਰਿਵਾਰ ਨੂੰ ਵੀ ਜਲੰਧਰ ਤੋਂ ਟਰੇਨ ਰਾਹੀਂ ਬਾਕੀ ਯਾਤਰੀਆਂ ਦੇ ਨਾਲ ਝਾਰਖੰਡ ਲਈ ਰਵਾਨਾ ਕਰ ਦਿੱਤਾ।
ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੂਦਨ ਵਲੋਂ ਜਲੰਧਰ ਰੇਲਵੇ ਸਟੇਸ਼ਨ ’ਤੇ ਤਹਿਸੀਲਦਾਰ ਮੁਕੇਰੀਆਂ ਸ਼੍ਰੀ ਜਗਤਾਰ ਸਿੰਘ ਦੀ ਸਪੈਸ਼ਲ ਡਿਊਟੀ ਵੀ ਲਗਾਈ ਸੀ ਕਿ ਗਰਭਵਤੀ ਔਰਤ ਸਮੇਤ ਪੂਰੇ ਪਰਿਵਾਰ ਨੂੰ ਐਂਟਰੀ ਅਤੇ ਹੋਰ ਸਹੂਲਤਾਂ ਪੱਖੋਂ ਮੁਸ਼ਕਿਲ ਪੇਸ਼ ਨਾ ਆਵੇ। ਉਧਰ ਗਰਭਵਤੀ ਔਰਤ ਸਮੇਤ ਪਰਿਵਾਰ ਵਲੋਂ ਹੁਸ਼ਿਆਰਪੁਰ ਅਤੇ ਅੰਮਿ੍ਰਤਸਰ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਪ੍ਰਗਟਾਇਆ ਗਿਆ।