← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 01 ਜੂਨ 2020: ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ ਦੀ ਜਿਲਾ ਇਕਾਈ ਬਠਿੰਡਾ ਨੇ ਐਸ.ਐਲ.ਏ. ਦੀ ਆਸਾਮੀ ਦਾ ਨਾਮ ਬਦਲ ਕੇ ਲੈਬਾਰਟਰੀ ਅਸਿਸਟੈਂਟ ਕਰਨ ਦੀ ਮੰਗ ਕੀਤੀ ਹੈ। ਜਿਲਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਦੱਸਿਆ ਹੈ ਕਿ ਜਥੇਬੰਦੀ ਦੀ ਇਹ ਮੰਗ ਵਿਭਾਗ ਦੁਆਰਾ ਪਹਿਲਾਂ ਮੰਨੀ ਜਾ ਚੁੱਕੀ ਹੈ ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨਾਂ ਅੱਗੇ ਕਿਹਾ ਕਿ ਆਸਾਮੀ ਦਾ ਨਾਮ ਬਦਲਣ ਨਾਲ ਸਰਕਾਰ ‘ਤੇ ਕਿਸੇ ਵੀ ਤਰਾਂ ਦਾ ਕੋਈ ਵੀ ਵਿੱਤੀ ਬੋਝ ਨਹੀਂ ਪਵੇਗਾ। ਜਿਲਾ ਸਕੱਤਰ ਟਿੰਕੂ ਚਾਵਲਾ ਨੇ ਕਿਹਾ ਕਿ 2011 ਤੋਂ ਪੈਦਾ ਹੋਈ ਪੇ ਸਕੇਲ ਅਨਾਮਲੀ ਨੂੰ ਦੂਰ ਕਰਕੇ ਐਸ.ਐਲ.ਏ. ਨੂੰ ਬਣਦਾ ਪੇ ਸਕੇਲ ਦੇਣਾ ਚਾਹੀਦਾ ਹੈ। ਜਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ ਨੇ ਕਿਹਾ ਕਿ ਸਾਰੇ ਐਸ.ਐਲ.ਏ. ਸਾਥੀਆਂ ਨੂੰ ਯੋਗਤਾ ਦੇ ਹਿਸਾਬ ਨਾਲ਼ ਤਰੱਕੀ ਦੇਣੀ ਚਾਹੀਦੀ ਹੈ ਜਿਵੇਂ ਕਿ ਬਹੁਤ ਸਾਰੇ ਈਟੀਟੀ ਤੇ ਸੀਐਂਡਵੀ ਤਕਨੀਕੀ ਯੋਗਤਾ ਆਦਿ ਰੱਖਦੇ ਹਨ ਜਿੰ ਨੂੰ ਤਰੱਕੀ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ । ਉਨਾਂ ਆਖਿਆ ਕਿ ਇੰਨਾਂ ਨੂੰ ਮਾਸਟਰ ਕੇਡਰ ਦੀ ਤਰਾਂ ਹੋਰ ਕੇਡਰਾਂ ਵਿੱਚ ਵੀ ਐਸ.ਐਲ.ਏ. ਨੂੰ ਪ੍ਰਮੋਸ਼ਨ ਕੋਟਾ ਮਿਲਣਾ ਚਾਹੀਦਾ ਹੈ। ਜਿਲਾ ਵਿੱਤ ਸਕੱਤਰ ਲਖਵਿੰਦਰ ਸਿੰਘ ਮੌੜ ਨੇ ਕਿਹਾ ਕਿ ਮਾਸਟਰ ਕੇਡਰ ਵਿੱਚ ਮਿਲੇ 1ਫੀਸਦੀ ਪ੍ਰਮੋਸ਼ਨ ਕੋਟੇ ਤਹਿਤ ਜਲਦ ਤੋਂ ਜਲਦ ਤਰੱਕੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਤਰੱਕੀਆਂ ਕਰਨ ਸਮੇਂ ਅਜਿਹੀ ਨੀਤੀ ਅਪਣਾਈ ਜਾਵੇ ਕਿ ਕੋਈ ਵੀ ਯੋਗ ਸਾਥੀ ਤਰੱਕੀ ਤੋਂ ਵਾਂਝਾ ਨਾ ਰਹੇ। ਜਿਲਾ ਸਹਾਇਕ ਸਕੱਤਰ ਗੁਰਜੀਤ ਸਿੰਘ ਨੇ ਕਿਹਾ ਕਿ ਮਾਸਟਰ ਕੇਡਰ ਵਿੱਚ ਤਰੱਕੀ ਲਈ ਜਰੂਰੀ ਯੋਗਤਾ ਬੀ.ਐਡ ਕਰਨ ਦੇ ਚਾਹਵਾਨ ਸਾਥੀਆਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨਾ ਚਾਹੀਦਾ ਹੈ। ਜਿਲਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਐਸ.ਐਲ.ਏ. ਸਾਥੀਆਂ ਦੀਆਂ ਹੋਰ ਵਿਭਾਗੀ ਮੁਸ਼ਕਿਲਾਂ ਦੇ ਹੱਲ ਲਈ ਵੀ ਜਥੇਬੰਦੀ ਪ੍ਰਤੀਬੱਧ ਹੈ, ਸਾਥੀਆਂ ਦੀਆਂ ਮੁਸ਼ਕਿਲਾਂ ਬਾਰੇ ਸੰਬੰਧਤ ਅਧਿਕਾਰੀਆਂ ਨੂੰ ਮਿਲ ਕੇ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
Total Responses : 267