ਨਾੜ ਨੂੰ ਅੱਗ ਲਾਉਣ ਦੇ ਕੇਸਾਂ ਦੀ ਮੌਨੀਟਰਿੰਗ ਜਾਰੀ : ਡਿਪਟੀ ਕਮਿਸ਼ਨਰ
ਹਰਿੰਦਰ ਨਿੱਕਾ
ਸੰਗਰੂਰ, 11 ਮਈ 2020: ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਕਟਾਈ ਤੇ ਤੂੜੀ ਬਣਾਉਣ ਤੋਂ ਬਾਅਦ ਰਹਿ ਜਾਂਦੇ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤੀ ਕਰ ਦਿੱਤੀ ਗਈ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ 69 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ ਸਬੰਧ ਵਿੱਚ ਹੁਣ ਤੱਕ 69 ਪੁਲਿਸ ਕੇਸ ਦਰਜ ਕੀਤੇ ਗਏ ਹਨ। ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਅਹਿਮਦਗੜ੍ਹ ਵਿੱਚ 2, ਅਮਰਗੜ੍ਹ 1, ਸੰਦੌੜ ਵਿੱਚ 2, ਧੂਰੀ ਵਿਖੇ 6, ਸ਼ੇਰਪੁਰ ਵਿਖੇ 1, ਸੰਗਰੂਰ ਵਿਖੇ 14, ਭਵਾਨੀਗੜ੍ਹ 2, ਸੁਨਾਮ 3, ਲੌਂਗੋਵਾਲ 4, ਚੀਮਾ 6, ਦਿੜ੍ਹਬਾ ਵਿਖੇ 10, ਛਾਜਲੀ ਵਿਚ 4, ਧਰਮਗੜ੍ਹ 4,ਲਹਿਰਾ ਵਿੱਚ 8, ਮੂਨਕ ਅਤੇ ਖਨੌਰੀ ਵਿਚ 1-1 ਪੁਲਿਸ ਕੇਸ ਦਰਜ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਨਾਂ ਵਿੱਚੋਂ 62 ਮਾਮਲੇ ਟਰੇਸ ਕੀਤੇ ਜਾ ਚੁੱਕੇ ਹਨ ਜਦ ਕਿ 7 ਮਾਮਲੇ ਅਨ-ਟਰੇਸ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੁਣ ਤੱਕ 138 ਵਿਅਕਤੀਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ ਜਦਕਿ 12 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਸ੍ਰੀ ਥੋਰੀ ਨੇ ਦੱਸਿਆ ਕਿ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਗਠਿਤ ਟੀਮਾਂ ਵੱਲੋਂ ਨਾੜ ਨੂੰ ਅੱਗ ਲਾਉਣ ਦੇ ਕੇਸਾਂ ਦੀ ਮੌਨੀਟਰਿੰਗ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਤਾਂ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਅਤੇ ਮਿੱਟੀ ਵਿਚਲੇ ਖ਼ੁਰਾਕੀ ਤੱਤਾਂ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕੇ।