ਪੰਜਾਬ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ 27 ਜੂਨ ਨੂੰ ਖਾੜੀ ਦੇਸ਼ਾਂ 'ਚ ਫਸੇ ਪੰਜਾਬੀਆਂ ਨਾਲ ਵੀਡਿਓ ਕਾਨਫ਼ਰੰਸ ਕਰਦੇ ਹੋਏ
ਖਾੜੀ ਦੇਸ਼ਾਂ 'ਚ ਫਸੇ ਪੰਜਾਬੀਆਂ ਦੀ ਦੁਰਦਸ਼ਾ ਲਈ ਕੈਪਟਨ ਤੇ ਮੋਦੀ ਸਰਕਾਰ ਜ਼ਿੰਮੇਵਾਰ - ਬਸਪਾ ਪੰਜਾਬ
ਵੀਡੀਓ ਕਾਨਫ਼ਰੰਸ ਰਾਹੀਂ ਬਸਪਾ ਸੂਬਾ ਪ੍ਰਧਾਨ ਨੇ ਪੰਜਾਬੀਆ ਦੇ ਦੁਖੜੇ ਸੁਣੇ
ਨਵਾਂ ਸ਼ਹਿਰ , 27 ਜੂਨ , 2020 :
ਵੀਡੀਓ ਕਾਨਫ਼ਰੰਸ ਰਾਹੀਂ ਅਤੇ ਕੁਵੈਤ ਦੇ ਐਨ.ਆਰ.ਆਈ ਪੰਜਾਬੀਆਂ ਵੱਲੋਂ ਬਸਪਾ ਪੰਜਾਬ ਕੋਲ ਕੇਂਦਰ ਦੀ ਅਕਾਲੀ ਭਾਜਪਾ ਸਰਕਾਰ ਅਤੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਅਪਣਾਏ ਰੁੱਖੇ ਵਤੀਰੇ ਦੇ ਦੁਖੜੇ ਦੱਸੇ।
ਬੀ ਆਰ ਅੰਬੇਡਕਰ ਸਭਾ ਕੁਵੈਤ ਤੋਂ ਆਗੂ ਜਗਬੀਰ ਦਿਹਾਣਾ ਨੇ 100 ਤੋ ਜ਼ਿਆਦਾ ਫਸੇ ਪੰਜਾਬੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ ਕਰਵਾਈ।
ਸ ਗੜ੍ਹੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਬਸਪਾ ਪੰਜਾਬ ਵੱਲੋਂ ਸੂਬੇ ਦੀ ਕਾਂਗਰਸ ਅਤੇ ਕੇਂਦਰ ਦੀ ਅਕਾਲੀ ਭਾਜਪਾ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਰੌਨਾ ਮਹਾਂਮਾਰੀ ਦੇ ਮੱਦੇਨਜ਼ਰ ਕੁਵੈਤ ਅਤੇ ਦੁਬਈ ਦੇ ਪੰਜਾਬੀਆਂ ਨੂੰ ਤੁਰੰਤ ਏਅਰ ਲਿਫ਼ਟ ਕੀਤਾ ਜਾਵੇ ਅਤੇ ਨਾਲ ਹੀ ਸਸਤੀ ਏਅਰਲਾਈਨਜ਼ ਮੁਹੱਈਆ ਕਰਵਾਈ ਜਾਵੇ। ਓਹਨਾ ਦਾਅਵਾ ਕੀਤਾ ਕਿ ਬਸਪਾ ਪੰਜਾਬ ਕੋਲ ਸੂਚਨਾ ਹੈ ਕਿ ਪੰਜਾਹ ਹਜ਼ਾਰ ਤੋਂ ਜ਼ਿਆਦਾ ਐਨ.ਆਰ.ਆਈ ਪੰਜਾਬੀ ਕੁਵੈਤ ਤੇ ਦੁਬਈ ਦੇ ਖਾੜੀ ਦੇਸ਼ਾਂ ਵਿਚ ਕੰਮਕਾਜ ਤੋ ਵਿਹਲੇ ਪਿਛਲੇ ਤਿੰਨ ਮਹੀਨਿਆਂ ਤੋਂ ਫਸੇ ਹੋਏ ਹਨ ਅਤੇ ਪੰਜਾਬ ਤੋ ਪੈਸਾ ਮੰਗਵਾ ਕੇ ਖਰਚਾ ਕਰ ਰਹੇ ਹਨ।
ਖਾੜੀ ਦੇਸ਼ਾਂ 'ਚ ਫਸੇ ਪੰਜਾਬੀ ਜਸਬੀਰ ਸਿੰਘ ਗੜ੍ਹੀ ਨਾਲ ਵੀਡਿਓ ਕਾਨਫ਼ਰੰਸ ਕਰਦੇ ਹੋਏ
ਇਕ ਪੰਜਾਬੀ ਨੇ ਦੁਖੜਾ ਰੋਂਦੇ ਦੱਸਿਆ ਹੈ ਕਿ ਉਹ ਦੋ ਮਹੀਨਿਆਂ ਤੋਂ ਬਿਮਾਰ ਹੈ ਅਤੇ ਕੋਈ ਵੀ ਦਵਾ ਦਾਰੂ ਉਪਲਬਧ ਨਹੀਂ ਹੈ। ਜੇਕਰ ਪੰਜਾਬੀ ਕਿਸੀ ਲੋੜ ਲਈ ਆਪਣੇ ਕੈਂਪਾਂ ਤੋ ਬਾਹਰ ਨਿਕਲਦੇ ਹਨ ਤਾਂ ਕੁਵੈਤ ਤੇ ਦੁਬਈ ਪੁਲਿਸ ਭਾਰੀ ਜੁਰਮਾਨਾ ਕਰਦੀ ਹੈ। ਇਹ ਵੀਡੀਉ ਕਾਨਫ਼ਰੰਸ ਕੁਵੈਤ ਦੇ ਜਲੀਬਸਾਬੀ ਸ਼ਹਿਰ ਵਿੱਚ ਫਸੇ ਪੰਜਾਬੀਆਂ ਨਾਲ ਬਸਪਾ ਦੇ ਸੂਬਾ ਪ੍ਰਧਾਨ ਨੇ ਕੀਤੀ ਹੈ। ਹਾਲਾਂਕਿ ਕੁਵੈਤ ਸਰਕਾਰ ਨੇ ਤਾਂ ਵਾਪਸੀ ਲਈ ਏਅਰ ਟਿਕਟਾਂ ਤਕ ਫ੍ਰੀ ਕਰ ਦਿੱਤੀਆਂ ਹਨ, ਫਸੇ ਪੰਜਾਬੀਆਂ ਨੂੰ ਜਿਊਂਦੇ ਰਹਿਣ ਜੋਗਾ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ। ਇੱਥੋਂ ਤਕ ਕਿ ਕੁਵੈਤ ਸਰਕਾਰ ਨੇ ਗ਼ੈਰਕਾਨੂੰਨੀ ਪੰਜਾਬੀਆਂ ਨੂੰ ਚਿੱਟੇ ਰੰਗ ਦੇ ਪਾਸਪੋਰਟ ਬਿਨਾ ਕਿਸੇ ਸਜਾ ਜੁਰਮਾਨੇ ਤੋਂ ਜਾਰੀ ਕੀਤੇ ਹਨ। ਮਨੁੱਖਤਾ ਦੇ ਨਜ਼ਰੀਏ ਤੋਂ ਕੁਵੈਤ ਸਰਕਾਰ ਨੇ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ, ਜਿਨ੍ਹਾਂ ਦੀ ਬਸਪਾ ਪੰਜਾਬ ਨੇ ਸ਼ਲਾਘਾ ਕੀਤੀ ਹੈ। ਲੇਕਿਨ ਭਾਰਤੀ ਐਂਬੰਸੀ ਦਾ ਰੋਲ ਇੰਨਾ ਮਾੜਾ ਹੈ ਕਿ ਪੰਜਾਬੀਆਂ ਦੇ ਫ਼ੋਨ ਵੀ ਚੁੱਕੇ ਨਹੀਂ ਜਾਂਦੇ, ਜਾਂ ਬੇਰੁਖ਼ੀ ਭਰੇ ਉੱਤਰ ਐਂਬੰਸੀ ਤੋਂ ਮਿਲਦੇ ਹਨ। ਪੰਜਾਬ ਸਰਕਾਰ ਦਾ ਇੰਨਾ ਨਿਕੰਮਾ ਪਨ ਹੈ ਕਿ ਹੋਰ ਸੂਬਿਆ ਦੇ ਫਸੇ ਭਾਰਤੀ ਖਾੜੀ ਦੇਸ਼ਾਂ ਤੋਂ ਸੰਬੰਧਿਤ ਸੂਬਿਆ ਦੀਆਂ ਸਰਕਾਰਾਂ ਏਅਰ ਲਿਫ਼ਟ ਕਰਵਾ ਕੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾ ਰਹੀਆਂ ਹਨ। ਜਦੋਂਕਿ ਪੰਜਾਬ ਸਰਕਾਰ ਘੂਕ ਸੁੱਤੀ ਪਈ ਹੈ। ਪੰਜਾਬ ਸਰਕਾਰ ਨੂੰ ਬਸਪਾ ਵੱਲੋਂ ਬੇਨਤੀ ਕਰਦਿਆਂ ਕਿਹਾ ਕਿ ਮਾਨਵਤਾ ਅਤੇ ਜ਼ਿੰਮੇਵਾਰੀ ਦੇ ਨਜ਼ਰੀਏ ਤੋਂ ਪੰਜਾਬ ਸਰਕਾਰ ਤੁਰੰਤ ਖਾੜੀ ਦੇਸ਼ਾਂ ਵਿਚ ਫਸੇ ਪੰਜਾਬੀਆਂ ਦੀ ਸਕੁਸ਼ਲ ਵਾਪਸੀ ਦਾ ਪ੍ਰਬੰਧ ਕਰੇ। ਇਸ ਮੌਕੇ ਸੈਂਕੜੇ ਪੰਜਾਬੀਆਂ ਨਾਲ ਸ਼੍ਰੀ ਹਰਜਿੰਦਰ ਕੁਮਾਰ ਯੂ ਐੱਸ ਏ, ਕੁਲਦੀਪ ਸਿੰਘ ਕੈਨੇਡਾ ਵੀ ਵੀਡੀਓ ਕਾਨਫ਼ਰੰਸ ਵਿਚ ਮੌਜੂਦ ਸਨ।