ਮਨਪ੍ਰੀਤ ਸਿੰਘ ਜੱਸੀ
ਸੋਮਵਾਰ ਨੂੰ ਸਿੱਧੂ ਜਾਂ ਉਨ੍ਹਾਂ ਦੇ ਵਕੀਲ ਦੀ ਬਿਹਾਰ ਤੋ ਆਏ ਪੁਲਿਸ ਮੁਲਾਜ਼ਮਾਂ ਨੂੰ ਮਿਲਣ ਦੀ ਸੰਭਾਵਨਾ
- ਬਿਹਾਰ ਪੁਲਿਸ ਦੇ ਮੁਲਾਜ਼ਮਾਂ ਨੇ ਇਹ ਧਾਰਕੇ ਸਿੱਧੂ ਦੀ ਕੋਠੀ ਦੇ ਬਾਹਰ ਲਗਾਏ ਡੇਰੇ
ਅੰਮ੍ਰਿਤਸਰ, 21 ਜੂਨ 2020 - ਸਾਲ 2019 ਵਿੱਚ ਬਿਹਾਰ ਪੁਲਿਸ ਵੱਲੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਦਰਜ ਕੀਤੇ ਕੇਸ ਦੇ ਸਬੰਧ ਵਿੱਚ ਉਨ੍ਹਾਂ ਨੂੰ ਨੋਟਿਸ ਦੀ ਤਾਮੀਲ ਕਰਾਉਣ ਆਏ ਦੋ ਪੁਲਿਸ ਇੰਸਪੈਕਟਰ ਇਸ ਕਰਕੇ ਅੱਜ ਕੱਲ੍ਹ ਅੰਮ੍ਰਿਤਸਰ ਵਿੱਚ ਡੇਰਾ ਲਾਈ ਬੈਠੇ ਹਨ. ਉਨ੍ਹਾਂ ਨੂੰ ਅਜੇ ਤੱਕ ਨਵਜੋਤ ਸਿੰਘ ਸਿੱਧੂ ਜਾਂ ਉਨ੍ਹਾਂ ਦੇ ਨੁਮਾਇੰਦੇ ਵੱਲੋਂਂ ਮਿਲਕੇ ਨੋਟਿਸ ਦੀ ਤਾਮੀਲ ਨਾ ਕਰਕੇ ਕੋਠੀ ਦੇ ਬਾਹਰ ਡੇਰਾ ਜਮਾ ਕੇ ਬੈਠਣਾ ਪਿਆ ਹੈ।
ਜ਼ਿਲ੍ਹਾ ਕਟਿਆਰ ਦੇ ਥਾਣਾ ਵਰਸੋਈ ਤੋ ਇੱਥੇ ਪੁੱਜੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦੋ ਦਿਨ ਇੱਥੇ ਲਾਕਡਾਊਨ ਹੋਣ ਕਰਕੇ ਉਨ੍ਹਾਂ ਨੂੰ ਸਿੱਧੂ ਦੇ ਮਿਲਣ ਦੀ ਉਡੀਕ ਕਰਨੀ ਪਈ ਹੈ ਅਤੇ ਜੇਕਰ ਸੋਮਵਾਰ ਤੱਕ ਉਹ ਨਹੀਂ ਮਿਲਦੇ ਤਾਂ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ ਤੇ ਜੋ ਹੁਕਮ ਮਿਲਣਗੇ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਏਗੀ, ਕਿਉਂਕਿ ਅਜੇ ਤੱਕ ਇਹੀ ਆਦੇਸ਼ ਹਨ ਕਿ ਨੋਟਿਸ ਤਾਮੀਲ ਕਰਾਉਣੇ ਹੀ ਕਰਾਉਣੇ ਹਨ ਭਾਵੇਂ ਜਿੰਨੀ ਮਰਜ਼ੀ ਉਡੀਕ ਕਰਨੀ ਪਏ।
ਇੱਥੇ ਪੁੱਜੇ ਸਬ ਇੰਸਪੈਕਟਰ ਜਨਾਰਦਨ ਨੇ ਦੱਸਿਆ ਕਿ 16 ਅਪਰੈਲ 2019 ਨੂੰ ਚੋਣ ਜ਼ਾਬਤੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਕੀਤਾ ਸੀ, ਜਿਸ ਮਾਮਲੇ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੈ। ਇਸ ਮਾਮਲੇ ਵਿੱਚ ਆਈਜੀ ਦੇ ਆਦੇਸ਼ ’ਤੇ ਧਾਰਾ 41/1 ਤਹਿਤ ਨੋਟਿਸ ਦੇਣ ਆਏ ਹਨ ਅਤੇ ਇਸ ਮਾਮਲੇ ਵਿਚ ਇਥੇ ਹੀ ਜ਼ਮਾਨਤ ਦੇ ਦਿੱਤੀ ਜਾਵੇਗੀ। ਉਨ੍ਹਾਂ ਨੂੰ ਬਾਂਡ ਦੇ ਆਧਾਰ ’ਤੇ ਜ਼ਮਾਨਤ ਦੇ ਦਿੱਤੀ ਜਾਵੇਗੀ, ਜਿਸ ਨਾਲ ਇਹ ਮਾਮਲਾ ਹੱਲ ਹੋ ਜਾਵੇਗਾ।
ਪਰ ਸੂਤਰਾਂ ਮੁਤਾਬਿਕ ਸੋਮਵਾਰ ਨੂੰ ਸਿੱਧੂ ਜਾਂ ਉਨ੍ਹਾਂ ਦਾ ਕੋਈ ਨੁਮਾਇੰਦਾ (ਵਕੀਲ) ਸੰਮਨ ਹਾਸਿਲ ਕਰ ਸਕਦਾ ਹੈ। ਜਦੋਂ ਕਿ ਕੁੱਝ ਧਿਰਾਂ ਬਿਹਾਰ ਪੁਲਿਸ ਵੱਲੋ ਪੱਕੇ ਡੇਰੇ ਲਗਾਉਣ ਨੂੰ ਸਿਆਸਤ ਨਾਲ ਜੋੜ ਕੇ ਵੀ ਵੇਖ ਰਹੀਆਂ ਹਨ ਕਿ ਉਨਾ ਵਿਰੋਧੀ ਸਿਆਸਤਦਾਨ ਸਿੱਧੂ ਨੂੰ ਕਿਸੇ ਨਾ ਕਿਸੇ ਮਸਲੇ 'ਚ ਘੇਰ ਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਦੂਸਰੇ ਪਾਸੇ ਚਰਚਾ ਹੈ ਕਿ ਸਿੱਧੂ ਜਾਂ ਉਨ੍ਹਾਂ ਦੇ ਪ੍ਰਤੀਨਿਧ ਨੂੰ ਪਹਿਲੇ ਦਿਨ ਹੀ ਬਿਹਾਰ ਪੁਲਿਸ ਨੂੰ ਮਿਲ ਲੈਣਾ ਚਾਹੀਦਾ ਸੀ।