ਮਨਿੰਦਰਜੀਤ ਸਿੱਧੂ
ਜੈਤੋ, 8 ਫਰਵਰੀ, 2021 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਕੁੰਵਰ ਰਣਇੰਦਰ ਸਿੰਘ ਦੇ ਕਰੀਬੀ ਸੁਰਜੀਤ ਸਿੰਘ ‘ਬਾਬਾ’ ਵੱਲੋਂ ਜੈਤੋ ਪਿੰਡ ਦੇ ਦੋ ਵਾਰਡਾਂ ਵਿੱਚ ਨਗਰ ਕੌਂਸਲ ਜੈਤੋ ਦੀਆਂ ਚੋਣਾਂ ਦੇ ਦੰਗਲ ਵਿੱਚ ਕਿਸਮਤ ਅਜਮਾਈ ਜਾ ਰਹੀ ਹੈ।ਵਾਰਡ ਨੰਬਰ 5 ਤੋਂ ਸੁਰਜੀਤ ਬਾਬਾ ਦੀ ਪਤਨੀ ਜਸਪਾਲ ਕੌਰ ਚੋਣ ਲੜ ਰਹੇ ਹਨ ਅਤੇ ਵਾਰਡ ਨੰਬਰ 6 ਤੋਂ ਸੁਰਜੀਤ ਬਾਬਾ ਖੁਦ ਚੋਣ ਮੈਦਾਨ ਵਿੱਚ ਨਿੱਤਰ ਰਹੇ ਹਨ।ਸੂਤਰਾਂ ਮੁਤਾਬਿਕ ‘ਬਾਬਾ’ ਬੜੀ ਰਣਨੀਤੀ ਤਹਿਤ ਚੋਣ ਪ੍ਰਚਾਰ ਕਰਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਵਿੱਚ ਜੁਟੇ ਹੋਏ ਹਨ।
ਉਹਨਾਂ ਦਾ ਜੈਤੋ ਪਿੰਡ ਵਿੱਚ ਜੋ ਪੁਰਾਣਾ ਆਧਾਰ ਹੈ, ਉਸਦਾ ਵੀ ਉਹਨਾਂ ਨੂੰ ਵੱਡਾ ਫਾਇਦਾ ਮਿਲਣ ਦਾ ਅਨੁਮਾਨ ਹੈ।ਜੇਕਰ ਸਿਆਸੀ ਪੰਡਤਾਂ ਦੀ ਮੰਨੀਏ ਤਾਂ ਲੋਕ ‘ਬਾਬਾ’ ਦੰਪਤੀ ਨੂੰ ਜਰੂਰ ਫਤਵਾ ਦੇਣਗੇ ਕਿਉਂਕਿ ਜਨ ਮਾਨਸ ਦੇ ਦਿਮਾਗ ਵਿੱਚ ਇਹ ਗੱਲ ਪੱਕਾ ਘਰ ਕਰ ਗਈ ਹੈ ਕਿ ਉੱਪਰ ਕਾਂਗਰਸ ਦੀ ਸਰਕਾਰ ਹੈ ਅਤੇ ਬਾਬਾ ਦੀ ਰਣਇੰਦਰ ਨਾਲ ਲੋਟ ਹੈ ਅਤੇ ਜੇਕਰ ਬਾਬਾ ਦੰਪਤੀ ਜਿੱਤਦੇ ਹਨ ਤਾਂ ਵਾਰਡ ਵਾਸੀਆਂ ਦੇ ਕੰਮ ਸੌਖਿਆਂ ਹੋ ਜਾਇਆ ਕਰਨਗੇ।ਜੈਤੋ ਦੇ ਬਹੁਤ ਸਾਰੇ ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਖਿਲਾਫ ਪਾਰਟੀ ਦੀ ਟਿਕਟ ਨਾ ਮਿਲਣ ਕਰਕੇ ਕੁੱਝ ਕਾਂਗਰਸੀ ਬਰਾਬਰ ਹੀ ਅਜਾਦ ਉਮੀਦਵਾਰਾਂ ਵਜੋਂ ਵੀ ਚੋਣ ਲੜ ਰਹੇ ਹਨ ਪਰ ‘ਬਾਬਾ’ ਦੰਪਤੀ ਦੀ ਖੁਸ਼ਕਿਸਮਤੀ ਇਹ ਵੀ ਹੈ ਕਿ ਇਹਨਾਂ ਦੋਵਾ ਵਾਰਡਾਂ ਵਿੱਚ ਕਾਂਗਰਸ ਪਾਰਟੀ ਵਿੱਚੋਂ ਬਾਗੀ ਹੋਇਆ ਕੋਈ ਵੀ ਉਮੀਦਵਾਰ ਬਰਾਬਰ ਚੋਣ ਮੈਦਾਨ ਵਿੱਚ ਨਹੀਂ ਨਿੱਤਰਿਆ।