ਮਨਿੰਦਰਜੀਤ ਸਿੱਧੂ
- ਲੋਕ ਅਪਰਾਧਿਕ ਬਿਰਤੀ ਵਾਲੇ ਲੋਕਾਂ ਨੂੰ ਆਪਣੇ ਨੁਮਾਇੰਦੇ ਨਾ ਬਨਾਉਣ- ਰਾਕੇਸ਼ ਘੋਚਾ
ਜੈਤੋ, 3 ਫਰਵਰੀ, 2021 - ਚਾਹੇ ਮਸਲਾ ਸ਼ਹਿਰ ਵਿੱਚ ਹੁੰਦੀਆਂ ਚੋਰੀਆਂ ਦਾ ਹੋਵੇ, ਸ਼ਹਿਰ ਵਿੱਚ ਪੈਂਦੇ ਡਾਕਿਆਂ ਦਾ ਹੋਵੇ, ਸੀਵਰੇਜ ਦੀ ਸਮੱਸਿਆ ਦਾ ਹੋਵੇ, ਪਾਣੀ ਦੀ ਸਮੱਸਿਆ ਦਾ ਹੋਵੇ ਜਾਂ ਕੋਈ ਹੋਰ ਜਨਤਕ ਅਤੇ ਸਾਂਝੀ ਸਮੱਸਿਆ ਹੋਵੇ, ਮਾਰਕਿਟ ਸੁਧਾਰ ਕਮੇਟੀ ਜੈਤੋ ਹਮੇਸ਼ਾ ਮੂਹਰੇ ਲੱਗ ਸੰਘਰਸ਼ ਕਰਦੀ ਆ ਰਹੀ ਹੈ। ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਵੀ ਮਾਰਕਿਟ ਸੁਧਾਰ ਕਮੇਟੀ ਦੇ ਮੈਂਬਰ ਕਾਫੀ ਰੁਚੀ ਦਿਖਾ ਰਹੇ ਹਨ।ਮਾਰਕਿਟ ਸੁਧਾਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਘੋਚਾ ਦਾ ਕਹਿਣਾ ਹੈ ਕਿ ਜੈਤੋ ਸ਼ਹਿਰ ਮੂਲ ਸੁਵਿਧਾਵਾਂ ਪੱਖੋਂ ਕਾਫੀ ਪੱਛੜਿਆ ਹੋਇਆ ਹੈ ਅਤੇ ਇਸ ਕਰਕੇ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਬਿਨਾਂ ਕਿਸੇ ਪਾਰਟੀ ਨੂੰ ਦੇਖਦਿਆਂ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਕੌਂਸਲ ਵਿੱਚ ਭੇਜਿਆ ਜਾਵੇ।
ਉਹਨਾਂ ਅੱਗੇ ਕਿਹਾ ਕਿ ਕੁੱਝ ਅਪਰਾਧਿਕ ਬਿਰਤੀ ਵਾਲੇ ਲੋਕ ਜਿੰਨ੍ਹਾਂ ਉੱਪਰ ਦਰਜਨਾਂ ਫੌਜਦਾਰੀ ਮਾਮਲੇ ਚਲਦੇ ਹਨ, ਉਹ ਵੀ ਇਹਨਾਂ ਚੋਣਾਂ ਵਿੱਚ ਆਪਣੀ ਕਿਸਮਤ ਅਜਮਾ ਰਹੇ ਹਨ। ਪਰ ਸਾਨੂੰ ਅਜਿਹੇ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਹੈ।ਘੋਚਾ ਨੇ ਕਿਹਾ ਕਿ ਸਾਨੂੰ ਕਿਸੇ ਪਾਰਟੀ ਨਾਲ ਕੋਈ ਸਰੋਕਾਰ ਨਹੀਂ।ਅਸੀਂ ਆਪਣੀ ਮੰਡੀ ਨੂੰ ਵਿਕਾਸ ਦੀਆਂ ਲੀਹਾਂ ਉੱਪਰ ਦੇਖਣਾ ਚਾਹੁੰਦੇ ਹਾਂ।ਇਸ ਲਈ ਸਾਨੂੰ ਬੇਦਾਗ ਉਮੀਦਵਾਰ ਚੁਣਨੇ ਚਾਹੀਦੇ ਹਨ, ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ ਜਾਂ ਅਜਾਦ ਉਮੀਦਵਾਰ ਹੋਣ।ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਉਸਦਾ ਪਿਛੋਕੜ ਅਤੇ ਉਸਦੀ ਸਮਾਜ ਪ੍ਰਤੀ ਦੇਣ ਨੂੰ ਜਰੂਰ ਧਿਆਨ ਵਿੱਚ ਰੱਖਿਆ ਜਾਵੇ।