ਲੋਕੇਸ਼ ਰਿਸ਼ੀ
ਗੁਰਦਾਸਪੁਰ, 23 ਮਾਰਚ 2020- ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਕਰਫ਼ਿਊ ਲਾਏ ਜਾਣ ਦੇ ਹੁਕਮਾਂ ਤੋਂ ਬਾਦ ਬਟਾਲਾ ਪੁਲਿਸ ਵੱਲੋਂ ਫਲੈਗ ਮਾਰਚ ਕਰ ਕੇ ਨਾ ਸਿਰਫ਼ ਆਮ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਗਈ। ਬਲ ਕੀ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਵੀ ਕੀਤੀ ਗਈ ਜੋ ਬਿਨਾ ਵਜ੍ਹਾ ਬਾਹਰ ਘੁੰਮ ਰਹੇ ਹਨ। ਇਹ ਫਲੈਗ ਮਾਰਚ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਪੰਜ ਵਿਧਾਨਸਭਾ ਹਲਕਿਆਂ ਦੇ ਸ਼ਹਿਰਾਂ ਅਤੇ ਪਿੰਡਾਂ ਵਿਖੇ ਕੀਤਾ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਪੀ ਬਟਾਲਾ ਜਸਬੀਰ ਸਿੰਘ ਰਾਏ ਅਤੇ ਉਨ੍ਹਾਂ ਨੇ ਨਾਲ ਫਲੈਗ ਮਾਰਚ ਵਿਖੇ ਮੌਜੂਦ ਡੀ.ਐੱਸ.ਪੀ ਗੁਰਦੀਪ ਸਿੰਘ ਨੇ ਦੱਸਿਆ। ਕਿ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੇ ਖਤਰੇ ਨਾਲ ਨਜਿੱਠਣ ਲਈ ਸੂਬੇ ਅੰਦਰ ਲਾਕਡਾਊਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਨੂੰ ਸਫਲ ਬਣਾਉਣ ਲਈ ਪੁਲਿਸ, ਪ੍ਰਸ਼ਾਸਨ ਅਤੇ ਬਾਕੀ ਸਬੰਧਿਤ ਅਧਿਕਾਰੀ ਜੀਅ-ਜਾਨ ਨਾਲ ਲੱਗੇ ਹੋਏ ਸਨ। ਪਰ ਕੁੱਝ ਲੋਕ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਨਰਮੀ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਗਲਤ ਢੰਗ ਨਾਲ ਬਿਨਾ ਕਿਸੇ ਕੰਮ ਤੋਂ ਸੜਕਾਂ ਤੇ ਟਹਿਲ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਲੋਕ ਅਜਿਹਾ ਕਰ ਕੇ ਨਾ ਸਿਰਫ਼ ਕਾਨੂੰਨ ਤੋੜ ਰਹੇ ਸਨ। ਬਲ ਕੀ ਇਸ ਨਾਲ ਉਹ ਆਪਣੀ ਅਤੇ ਬਾਕੀ ਲੋਕਾਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਰਹੇ ਸਨ।
ਐੱਸ.ਪੀ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੌਜੂਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਅੰਦਰ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਬਟਾਲਾ ਪੁਲਿਸ ਵੱਲੋਂ ਉਨ੍ਹਾਂ ਹੁਕਮਾਂ ਨੂੰ ਪੂਰਣ ਤੌਰ ਤੇ ਲਾਗੂ ਕਰਨ ਦੇ ਮਕਸਦ ਨਾਲ ਅੱਜ ਦਾ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਫਲੈਗ ਮਾਰ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਕਸਬਾ ਕਾਦੀਆਂ, ਸ੍ਰੀ ਹਰਗੋਬਿੰਦਪੁਰ, ਫ਼ਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਵਿਖੇ ਕੀਤਾ ਜਾ ਰਿਹਾ ਹੈ।
ਰਾਏ ਨੇ ਦੱਸਿਆ ਕਿ ਫਲੈਗ ਮਾਰਚ ਰਾਹੀਂ ਪੰਜਾਬ ਪੁਲਿਸ ਦੇ ਨੁਮਾਇੰਦਿਆਂ ਵੱਲੋਂ ਲਾਊਡ ਸਪੀਕਰ ਦੇ ਰਾਹੀ ਆਮ ਲੋਕਾਂ ਨੂੰ ਕਰਫ਼ਿਊ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੋ ਵਿਅਕਤੀ ਸੜਕ ਤੇ ਘੁੰਮਦਾ ਨਜ਼ਰ ਆਉਂਦਾ ਹੈ। ਉਸ ਕੋਲੋਂ ਲੋੜੀਂਦੀ ਪੁੱਛ ਗਿੱਛ ਕਰ ਕੇ ਉਸ ਨੂੰ ਵਾਪਸ ਘਰ ਭੇਜ ਦਿੱਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਵਿਅਕਤੀ ਬਿਨਾ ਕਿਸੇ ਕੰਮ ਸੜਕ ਜਾਂ ਬਜ਼ਾਰ ਵਿਖੇ ਘੁੰਮਦਾ ਪਾਇਆ ਜਾਂਦਾ ਹੈ। ਤਾਂ ਉਸ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਲੋਕਾਂ ਕੋਲੋਂ ਅਪੀਲ ਕੀਤੀ ਹੈ ਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਅਗਲੇ ਹੁਕਮਾਂ ਤੱਕ ਘਰਾਂ ਅੰਦਰ ਰਹਿਣ। ਤਾਂ ਜੋ ਕੋਰੋਨਾ ਨਾਲ ਨਜਿੱਠਣ ਲਈ ਲੱਗੀ ਹੋਈ ਪੁਲਿਸ ਅਤੇ ਪ੍ਰਸ਼ਾਸਨ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕੇ।