ਐਸ.ਏ.ਐਸ. ਨਗਰ, 10 ਜੂਨ 2020: ਕਰੋਨਾ ਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਦੌਰਾਨ ਵੱਡਮੁੱਲੀਆਂ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦਾ ਉਤਸ਼ਾਹ ਵਧਾਉਂਦਿਆਂ, ਪੰਜਾਬ ਮੰਡੀ ਬੋਰਡ ਨੇ ਅੱਜ ਲੋਕਾਂ ਨੂੰ ਘਰ-ਘਰ ਵਾਜਵ ਕੀਮਤਾਂ 'ਤੇ ਜਰੂਰੀ ਵਸਤਾਂ ਮੁਹੱਈਆ ਕਰਵਾਉਣ ਅਤੇ ਕਣਕ ਦੇ ਖਰੀਦ ਸੀਜਨ 2020-21 ਦੌਰਾਨ ਸਖਤ ਮਿਹਨਤ ਕਰਨ ਵਾਲੇ 5 ਕਰੋਨਾ ਯੋਧਿਆਂ ਦਾ ਸਨਮਾਨ ਕੀਤਾ।
ਜਨਰਲ ਮੈਨੇਜਰ (ਇਨਫੋਰਸਮੈਂਟ) ਗੁਰਿੰਦਰਪਾਲ ਸਿੰਘ ਰੰਧਾਵਾ ਨੇ ਇਹਨਾਂ ਕਰੋਨਾ ਯੋਧਿਆਂ ਦਾ ਸਨਮਾਨ ਡਿਪਟੀ ਜਨਰਲ ਮੈਨੇਜਰ (ਇਨਫੋਰਸਮੈਂਟ) ਮਨਜੀਤ ਸਿੰਘ ਅਤੇ ਡਿਪਟੀ ਜਨਰਲ ਮੈਨੇਜਰ (ਪਟਿਆਲਾ ਸਰਕਲ) ਰਾਜ ਕੁਮਾਰ ਦੀ ਮੌਜੂਦਗੀ ਵਿਚ ਕੀਤਾ ਅਤੇ ਉਹਨਾਂ ਨੂੰ ਡਿਉਟੀ ਲਗਾਤਾਰ ਲਗਨ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਤ ਕੀਤਾ।
ਸਨਮਾਨਿਤ ਕੀਤੇ ਕਰੋਨਾ ਯੋਧਿਆਂ ਵਿਚ ਡੀਐਮਓ ਐਸ.ਏ.ਐਸ. ਨਗਰ ਭਜਨ ਕੌਰ, ਸਕੱਤਰ ਮਾਰਕਿਟ ਕਮੇਟੀ ਖਰੜ ਅਰਚਨਾ ਬਾਂਸਲ, ਸਕੱਤਰ ਮਾਰਕਿਟ ਕਮੇਟੀ ਕੁਰਾਲੀ ਹਰਮਿੰਦਰ ਸਿੰਘ, ਸਕੱਤਰ ਮਾਰਕਿਟ ਕਮੇਟੀ ਲਾਲੜੂ ਅਤੇ ਡੇਰਾਬਸੀ ਗੁਰਨਾਮ ਸਿੰਘ, ਡੀਐਮਓ ਦਫਤਰ ਮੋਹਾਲੀ ਦੇ ਸੁਪਰਡੈਂਟ ਰਾਜਿੰਦਰ ਸਿੰਘ ਸ਼ਾਮਿਲ ਹਨ।