ਅੰਤਰ-ਰਾਜੀ ਅਤੇੇ ਰਾਜ ਅੰਦਰ ਸਫਰ ਕਰਨ ਵਾਲੇੇ ਲੋਕਾਂ ਨੂੰ ਜ਼ਰੂਰੀ ਅਹਿਤਿਆਤ ਵਰਤਣ ਦੀ ਸਲਾਹ
ਚੰਡੀਗੜ, 12 ਮਈ 2020: ਪੰਜਾਬ ਸਰਕਾਰ ਵੱਲੋਂ ਅੰਤਰ-ਰਾਜੀ ਅਤੇੇ ਰਾਜ ਅੰਦਰ ਸਮੇਂ-ਸਮੇਂ ’ਤੇੇ ਸਫਰ ਕਰਨ ਵਾਲੇੇ ਲੋਕਾਂ ਨੂੰ ਜ਼ਰੂਰੀ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਾਰੇ 22 ਜ਼ਿਲਿਆਂ ਵਿੱਚ ਕਰਫਿਊ ਲਗਾ ਕੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ ’ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ ਸਰਕਾਰ ਵੱਲੋਂ ਕੁਝ ਜ਼ਰੂਰੀ ਗਤੀਵਿਧੀਆਂ ਅਤੇ ਜ਼ਰੂਰੀ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਆਉਣ-ਜਾਣ ਦੀ ਮੰਜ਼ੂਰੀ ਦਿੱਤੀ ਗਈ ਹੈ ਤਾਂ ਜੋ ਲੋੜੀਂਦੀਆਂ ਗਤੀਵਿਧੀਆਂ ਦੀ ਸਹੀ ਢੰਗ ਨਾਲ ਕਾਰਜਸ਼ੀਲਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਜਾਰੀ ਕੀਤੀ ਗਈ ਸਲਾਹ ਅਨੁਸਾਰ ਜੇਕਰ ਸੰਭਵ ਹੋਵੇ ਤਾਂ ਲੋਕਾਂ ਨੂੰ ਸਫ਼ਰ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਜੇਕਰ ਸਫ਼ਰ ਕਰਨਾ ਜ਼ਰੂਰੀ ਹੋਵੇ ਤਾਂ ਬਿਨਾਂ ਕੰਮ ਤੋਂ ਇਧਰ-ਉਧਰ ਨਾ ਘੁੰਮਿਆ ਜਾਵੇ ਅਤੇ ਗਰੁੱਪਾਂ/ਜ਼ਿਆਦਾ ਗਿਣਤੀ ਵਿੱਚ ਇਕੱਠੇ ਨਾ ਹੋਇਆ ਜਾਵੇ। ਸਫ਼ਰ ਕਰਨ ਵਾਲੇ ਵਿਅਕਤੀ ਵੱਲੋਂ ਸਫ਼ਰ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਗ੍ਰਹਿ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛੋਟ ਵਾਲੀ ਕੈਟੇਗਰੀ ਵਿੱਚ ਆਉਂਦੇ ਹਨ ਜਾਂ ਉਨਾਂ ਕੋਲ ਸਫ਼ਰ ਕਰਨ ਲਈ ਜ਼ਰੂਰੀ ਮੰਜ਼ੂਰੀ ਹੈ। ਹਾਲਾਂਕਿ ਛੂਟ ਦਿੱਤੀ ਗਈ ਕੈਟੇਗਰੀ ਦੇ ਮਾਮਲੇ ਵਿੱਚ ਵੀ ਸਫਰ ਕਰਨ ਵਾਲੇ ਵਿਅਕਤੀ ਕੋਲ ਸਰਕਾਰ ਵੱਲੋਂ ਦੱਸੇ ਗਏ ਜ਼ਰੂਰੀ ਦਸਤਾਵੇਜ਼ ਹਰ ਸਮੇਂ ਤਿਆਰ ਹੋਣੇ ਚਾਹੀਦੇ ਹਨ। ਬੁਖ਼ਾਰ/ਜੁਕਾਮ/ਖੰਘ/ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਸਫਰ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਅਜਿਹੇ ਵਿਅਕਤੀ ਵੱਲੋਂ ਤੁਰੰਤ ਨਜ਼ਦੀਕੀ ਸਿਹਤ ਸੁਵਿਧਾ ਨਾਲ ਸੰਪਰਕ ਕੀਤਾ ਜਾਵੇ।
ਇਸ ਤੋਂ ਇਲਾਵਾ ਸਫਰ ਕਰ ਰਹੇ ਵਿਅਕਤੀ ਵੱਲੋਂ ਹਰ ਸਮੇਂ ਸਰਕਾਰ ਵੱਲੋਂ ਦੱਸੇ ਗਏ ਆਪਸੀ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਜਿਵੇਂ ਕਿ ਹਰ ਦੂਜੇ ਵਿਅਕਤੀ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਚਾਰ ਪਹੀਆ ਵਾਹਨਾਂ ਵਿੱਚ ਡਰਾਇਵਰ ਦੇ ਨਾਲ ਸਿਰਫ 2 ਲੋਕਾਂ ਨੂੰ ਸਫਰ ਕਰਨ ਦੀ ਮੰਜ਼ੂਰੀ ਹੈ ਤਾਂ ਜੋ ਉਚਿਤ ਆਪਸੀ ਦੂਰੀ ਯਕੀਨੀ ਬਣਾਈ ਜਾ ਸਕੇ। ਸਵਾਰੀਆਂ/ਡਰਾਇਵਰ ਵੱਲੋਂ ਘਰੋਂ ਨਿਕਲਣ ਤੋਂ ਪਹਿਲਾਂ ਕੱਪੜੇ ਦਾ ਮਾਸਕ ਪਹਿਨਾ ਲਾਜ਼ਮੀ ਹੈ ਅਤੇ ਘਰ ਵਾਪਸੀ ਤੱਕ ਇਸਨੂੰ ਪਹਿਨ ਕੇ ਰੱਖਿਆ ਜਾਵੇ। ਪੂਰੇ ਸਫ਼ਰ ਦੌਰਾਨ ਮਾਸਕ ਪਹਿਨ ਕੇ ਰੱਖਿਆ ਜਾਣਾ ਜ਼ਰੂਰੀ ਹੈ।
ਡਰਾਇਵਰ ਅਤੇ ਸਵਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇੱਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ। ਜਦੋਂ ਵੀ ਮੌਕਾ ਮਿਲੇ ਤਾਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਸਵਾਰੀਆਂ/ਡਰਾਇਵਰ ਵੱਲੋਂ ਵਾਹਨ ਅੰਦਰ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਸ਼ਤ ਇਥਾਈਲ ਅਲਕੋਹਲ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਚਾਹ ਤੇ ਲੰਚ ਦੌਰਾਨ ਕਿਸੇ ਵੀ ਖਾਣ-ਪੀਣ ਦੀ ਵਸਤੂ ਨੂੰ ਛੂਹਣ ਤੋਂ ਪਹਿਲਾਂ ਡਰਾਈਵਰ ਤੇ ਸਵਾਰੀਆਂ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਣ/ਸੈਨੀਟਾਈਜ਼ ਕਰਨ।
ਇਕ ਅਹਿਮ ਸਲਾਹ ਇਹ ਹੈ ਕਿ ਵਾਹਨ ਵਿੱਚ ਇੱਕ ਖਿੜਕੀ ਖੁੱਲੀ ਰੱਖ ਕੇ ਏਅਰ ਕੰਡੀਸ਼ਨਰ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਉਪਯੁਕਤ ਬਾਹਰੀ ਹਵਾ ਦੇ ਬਹਾਵ ਨੂੰ ਯਕੀਨੀ ਬਣਾਇਆ ਜਾ ਸਕੇ। ਸਫਰ/ਠਹਿਰਾਅ ਦੌਰਾਨ ਸਿਗਰਟਨੋਸ਼ੀ ਜਾਂ ਤੰਬਾਕੂ ਆਧਾਰਿਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਆਦਿ ਦਾ ਸੇਵਨ ਨਾ ਕੀਤਾ ਜਾਵੇ। ਇਹ ਵਾਰ-ਵਾਰ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਖੰਘ/ਛਿੱਕਾਂ ਆ ਰਹੀਆਂ ਹਨ ਤਾਂ ਰੁਮਾਲ ਨਾਲ ਮੂੰਹ ਅਤੇ ਨੱਕ ਨੂੰ ਢੱਕਿਆ ਜਾਵੇ। ਜੇਕਰ ਉਸ ਕੋਲ ਰੁਮਾਲ ਨਹੀਂ ਹੈ ਤਾਂ ਮੂੰਹ ਅਤੇ ਨੱਕ ਨੂੰ ਆਪਣੀ ਕੂਹਣੀ ਨਾਲ ਢੱਕਣਾ ਚਾਹੀਦਾ ਹੈ। ਡਰਾਈਵਰ/ ਸਹਾਇਕ ਆਪਣੇ ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਹੱਥਾਂ ਨਾਲ ਨਾ ਛੂਹਣ। ਖੁੱਲੇ ਵਿੱਚ ਥੁੱਕਣ ਤੋਂ ਬਚਿਆ ਜਾਵੇ।
ਇਹ ਬਹੁਤ ਜ਼ਰੂਰੀ ਹੈ ਕਿ ਡਰਾਇਵਰ ਤੇ ਸਵਾਰੀਆਂ ਵੱਲੋਂ ਇੰਟਰਸਿਟੀ ਬਾਰਡਰ ’ਤੇ ਉਪਲੱਬਧ ਥਰਮਲ ਟੈਂਪਰੇਚਰ ਸੈਂਸਰ ਰਾਹੀਂ ਸਕਰੀਨਿੰਗ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਮਨੁੱਖੀ ਸਰੀਰ ਦਾ ਆਮ ਤਾਪਮਾਨ 97.7 ਤੋਂ 99.5 ਡਿਗਰੀ ਫਾਰਨਹਾਈਟ ਜਾਂ 36.5 ਤੋਂ 37.5 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ। ਅੰਤਰ-ਰਾਜੀ, ਅੰਤਰ-ਸ਼ਹਿਰ ਦੇ ਚੈੱਕ ਪੁਆਇੰਟ ’ਤੇ ਸਾਰੇ ਵਿਅਕਤੀਆਂ ਵੱਲੋਂ ਸਫਰ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਪਿੱਛਲੇ 14 ਦਿਨ ਦੌਰਾਨ ਉਹ ਕਿਸੇ ਕੰਟੇਨਮੈਂਟ ਜ਼ੋਨ ਵਿੱਚ ਤਾਂ ਨਹੀਂ ਗਏ। ਥਰਮਲ ਸਕਰੀਨਿੰਗ ਤੋਂ ਬਾਅਦ ਸਿਰਫ਼ ਬਿਨਾਂ ਲੱਛਣਾਂ ਵਾਲੇ ਲੋਕਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ ਅਤੇ ਉਨਾਂ ਨੂੰ ਕਿਸੇ ਵੀ ਇਕਾਂਤਵਾਸ ਸੁਵਿਧਾ ਵਿੱਚ ਨਹੀਂ ਰੱਖਿਆ ਜਾਵੇਗਾ।
ਸਭ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ-19 ਵਰਗੇ ਲੱਛਣਾਂ ਵਾਲੇ ਜਾਂ ਘਰ/ਸੁਵਿਧਾ ਵਿੱਚ ਇਕਾਂਤਵਾਸ ਵਾਲੇ ਕਿਸੇ ਵਿਅਕਤੀ ਨੂੰ ਨਾ ਮਿਲ ਅਤੇ ਨਾ ਗੱਲਬਾਤ ਕਰਨ। ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਦੇ ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਸਹੀ ਅਤੇ ਪੁਖ਼ਤਾ ਜਾਣਕਾਰੀ ਅਤੇ ਆਪਣੀ ਸਿਹਤ ’ਤੇ ਲਗਾਤਾਰ ਨਿਗਰਾਨੀ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ (ਬਲੂਟੂਥ ਤੇ ਵਾਈਫਾਈ ਐਕਟੀਵੇਸ਼ਨ ਨਾਲ) ਹਰੇਕ ਵਿਅਕਤੀ ਡਾਊਨਲੋਡ ਕਰੇ।
ਜੇਕਰ ਸਫਰ ਵੇਲੇ ਜਾਂ ਉਡੀਕ ਸਮੇਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ, ਜਿਸ ਨੂੰ ਕਿ ਕੋਵਿਡ-19 ਦੀ ਪੁਸ਼ਟੀ ਹੋਈ ਹੈ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਸੰਬੰਧ ਵਿੱਚ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074 / 08872090029 ’ਤੇ ਕਾਲ ਕਰਕੇ ਸੰਪਰਕ ਵਿੱਚ ਆਉਣ ਦੇ ਪੂਰੇ ਘਟਨਾਕ੍ਰਮ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ।
ਜੇਕਰ ਕਿਸੇ ਵਰਕਰ/ਮੁਲਾਜ਼ਮ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਮਪਲਾਇਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈਲਪ ਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074 / 08872090029 ’ਤੇ ਕਾਲ ਕਰਕੇ ਪੀੜਤ ਵਰਕਰ/ਮੁਲਾਜ਼ਮ ਦੇ ਕੰਮ ’ਤੇ ਆਉਣ ਦੇ ਦਿਨਾਂ/ਸਮੇਂ ਬਾਰੇ ਅਤੇ ਉਸਦੇ ਸੰਪਰਕ ਵਿੱਚ ਆਏ ਹੋਰ ਸੰਭਾਵਿਤ ਲੋਕਾਂ ਬਾਰੇ ਤੁਰੰਤ ਵਿਸਥਾਰਪੂਰਵਕ ਜਾਣਕਾਰੀ ਦੇਣ। ਇਸ ਲਈ ਇਮਪਲਾਇਰ ਵੱਲੋਂ ਸਾਰੇ ਵਰਕਰਾਂ ਦੀ ਹਾਜ਼ਰੀ ਦਾ ਰੋਜ਼ਾਨਾ ਪੂਰਾ ਬਿਓਰਾ ਤਿਆਰ ਰੱਖਿਆ ਜਾਵੇ।