ਹਰਿੰਦਰ ਨਿੱਕਾ
ਸੰਗਰੂਰ, 8 ਮਈ 2020 - ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਕੋਵਿਡ 19 ਦੇ ਚੱਲਦਿਆਂ ਲਾਕਡਾਊਨ ਦੀ ਸਥਿਤੀ ਵਿੱਚ ਬੇਰੁਜ਼ਗਾਰ ਨੌਜਵਾਨਾਂ ਲਈ ਮੁਫ਼ਤ ਆਨਲਾਇਨ ਕੌਂਸਲਿੰਗ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਕਡਾਉਨ ਕਾਰਨ ਮਾਨਸਿਕ ਤਣਾਅ ਤੋਂ ਬਚਾਉਣ ਅਤੇ ਹੋਰ ਵੱਖ ਵੱਖ ਵਿਸ਼ਿਆਂ ਸਬੰਧੀ ਸਲਾਹ ਲੈਣ ਲਈ ਇਹ ਸੁਵਿਧਾ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਅਫ਼ਸਰ, ਸੰਗਰੂਰ ਸ੍ਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਮਾਨਸਿਕ ਤਣਾਅ ਤੋਂ ਬਚਾਉਣ ਦੇ ਨਾਲ ਨਾਲ ਵੱਖ ਵੱਖ ਵਿਸ਼ਿਆਂ ਦੇ ਕੋਰਸ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ, ਵਿਦੇਸ਼ ਵਿੱਚ ਰੁਜ਼ਗਾਰ ਦੇ ਮੌਕਿਆਂ , ਸਵੈ ਰੁਜ਼ਗਾਰ ਅਤੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਜਾਣਕਾਰੀ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਸੁਵਿਧਾ ਦਾ ਲਾਭ ਲੈਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਕੌਂਸਲਰ ਨਾਲ ਸੋਮਵਾਰ ਤੋਂ ਸ਼ਨੀਵਾਰ ਸਵੇਰ 9:00 ਵਜੇ ਤੋਂ 5:00 ਵਜੇ ਤੱਕ ਮੋਬਾਇਲ ਨੰ: 6280058548 'ਤੇ ਸੰਪਰਕ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।