- ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਬਰਾਬਰੀ ਦਾ ਹੱਕ ਦੇਣ ਲਈ ਨਗਰ ਕੌਂਸਲ ਚੋਣਾਂ 'ਚ 50 ਫ਼ੀਸਦੀ ਰਾਖਵਾਂਕਰਨ ਦਿੱਤਾ: ਲੋਕ ਸਭਾ ਮੈਂਬਰ
- 2022 ਦੀਆਂ ਚੋਣਾਂ 'ਚ ਵੀ ਸੂਬੇ ਦੇ ਲੋਕ ਪੰਜਾਬ 'ਚ ਦੋਬਾਰਾ ਕਾਂਗਰਸ ਦੀ ਸਰਕਾਰ ਬਣਾਉਣਗੇ : ਪ੍ਰਨੀਤ ਕੌਰ
- ਪੰਜਾਬ ਦਾ ਹਰੇਕ ਘਰ ਕਿਸਾਨੀ ਨਾਲ ਸਿੱਧੇ ਤੌਰ 'ਤੇ ਜੁੜਿਆ ਹੈ, ਹੱਕਾਂ ਲਈ ਸ਼ਾਂਤੀਪੂਰਨ ਸੰਘਰਸ਼ ਕਰਕੇ ਕਿਸਾਨਾਂ ਨੇ ਇਕ ਉਦਾਹਰਣ ਪੇਸ਼ ਕੀਤੀ : ਪ੍ਰਨੀਤ ਕੌਰ
- ਰਾਜਪੁਰਾ 'ਚ 120 ਕਰੋੜ ਰੁਪਏ ਨਾਲ ਹੋਏ ਵਿਕਾਸ ਕਾਰਜ : ਹਰਦਿਆਲ ਸਿੰਘ ਕੰਬੋਜ
ਰਾਜਪੁਰਾ, 7 ਫਰਵਰੀ 2021 - ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਰਾਜਪੁਰਾ ਦੇ ਝੰਡਾ ਗਰਾਊਂਡ ਵਿਖੇ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਮੌਜੂਦ ਸਨ।
ਇਸ ਦੌਰਾਨ ਵਿਸ਼ਾਲ ਚੋਣ ਰੈਲੀ ਸੰਬੋਧਨ ਕਰਦਿਆ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਇਨ੍ਹਾਂ ਚੋਣਾਂ 'ਚ 50 ਫ਼ੀਸਦੀ ਰਾਖਵਾਂਕਰਨ ਦੇਕੇ ਜਿਥੇ ਬਰਾਬਰੀ ਦਾ ਹੱਕ ਦਿੱਤਾ ਹੈ ਉਥੇ ਹੀ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਪ੍ਰਦਾਨ ਕੀਤਾ ਹੈ ਤਾਂ ਕਿ ਉਹ ਵੀ ਆਪਣੇ ਇਲਾਕੇ ਦੇ ਵਿਕਾਸ 'ਚ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਮਹਿਲਾਵਾਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਚੰਗੀ ਤਰ੍ਹਾਂ ਜਾਣਦੀਆਂ ਹਨ, ਇਸ ਲਈ ਮਹਿਲਾਵਾਂ ਅਤੇ ਮਰਦਾਂ ਨੂੰ ਮਿਲਕੇ ਆਪਣੇ ਇਲਾਕੇ ਦੇ ਵਿਕਾਸ ਲਈ ਹੰਭਲਾ ਮਾਰਨਾ ਚੰਗੀ ਗੱਲ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਲੋਕ ਪੱਖੀ ਫੈਸਲੇ ਸਦਕਾ ਨਗਰ ਕੌਂਸਲ ਚੋਣਾਂ ਹੀ ਨਹੀਂ ਸਗੋਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਸੂਬੇ ਦੇ ਲੋਕ ਪੰਜਾਬ 'ਚ ਕਾਂਗਰਸ ਦੀ ਸਰਕਾਰ ਦੁਬਾਰਾ ਲੈਕੇ ਆਉਣਗੇ।
ਸ੍ਰੀਮਤੀ ਪ੍ਰਨੀਤ ਕੌਰ ਨੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਕੀਤੇ ਜਾ ਰਹੇ ਸੰਘਰਸ਼ ਸਬੰਧੀ ਬੋਲਦਿਆ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲੇ ਕਰਨਾ ਲੋਕਤੰਤਰ ਦਾ ਘਾਣ ਹੈ ਤੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਕੀਤਾ ਜਾ ਰਿਹਾ ਸ਼ਾਂਤੀਪੂਰਨ ਅੰਦੋਲਨ ਸੰਸਾਰ ਪੱਧਰ 'ਤੇ ਉਦਾਹਰਣ ਬਣਕੇ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਥੇ ਦਾ ਹਰੇਕ ਘਰ ਸਿੱਧੇ ਤੌਰ 'ਤੇ ਕਿਸਾਨੀ ਨਾਲ ਜੁੜਿਆ ਹੋਇਆ ਹੈ ਤੇ ਕਿਸਾਨਾਂ ਦੇ ਇਸ ਸੰਘਰਸ਼ 'ਚ ਉਨ੍ਹਾਂ ਦੇ ਨਾਲ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਿਥੇ ਸੂਬਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਉਥੇ ਹੀ ਇਕੱਲੇ ਰਾਜਪੁਰਾ 'ਚ 120 ਕਰੋੜ ਰੁਪਏ ਨਾਲ ਵਿਕਾਸ ਕਾਰਜ ਹੋਏ ਹਨ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਸ਼ਹਿਰ ਦਾ ਹੋਇਆ ਚਹੁੰ ਪੱਖੀ ਵਿਕਾਸ ਸਭ ਦੇ ਸਾਹਮਣੇ ਹੈ।
ਉਨ੍ਹਾਂ ਨਗਰ ਕੌਂਸਲ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਲਈ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਮਜ਼ਬੂਤ ਨਗਰ ਕੌਂਸਲ ਬਣਾਉਣ ਲਈ 14 ਫਰਵਰੀ ਨੂੰ ਵੱਧ ਚੜਕੇ ਕਾਂਗਰਸ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪਾਕੇ ਵਿਕਾਸ ਦੇ ਕੰਮ ਨੂੰ ਹੋਰ ਤੇਜ਼ ਕਰਨ ਲਈ ਅੱਗੇ ਆਇਆ ਜਾਵੇ। ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਜੇਕਰ ਵਧੀਆਂ ਉਮੀਦਵਾਰ ਚੁਣਕੇ ਆਉਂਦੇ ਹਨ ਤਾਂ ਸ਼ਹਿਰ ਤੇਜ਼ੀ ਨਾਲ ਵਿਕਾਸ ਕਰਦਾ ਹੈ, ਇਸ ਲਈ ਹਰੇਕ ਵੋਟਰ ਨੂੰ ਆਪਣੇ ਸ਼ਹਿਰ ਦੇ ਵਿਕਾਸ ਲਈ ਆਪਣੇ ਵੋਟ ਦੇ ਹੱਕਾਂ ਦਾ ਸਹੀ ਇਸਤੇਮਾਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਆਪਣੇ ਸੰਬੋਧਨ ਦੌਰਾਨ ਸ੍ਰੀਮਤੀ ਪ੍ਰਨੀਤ ਕੌਰ ਨੇ ਨਗਰ ਕੌਂਸਲ ਰਾਜਪੁਰਾ ਦੇ ਵਾਰਡ ਨੰਬਰ 1 ਤੋਂ 31 ਤੱਕ ਦੇ ਕ੍ਰਮਵਾਰ ਉਮੀਦਵਾਰ ਰਚਨਾ ਸ਼ਰਮਾ, ਜਤਿੰਦਰ ਕੌਰ, ਨੀਰਜ ਗੋਇਲ, ਜੈ ਕਿਸ਼ਨ ਅਗਰਵਾਲ, ਅੰਜੂ ਪੁਰੀ, ਸੁਸ਼ੀਲ ਕੁਮਾਰ ਸ਼ਾਹੀ, ਸੁਸ਼ਮਾ ਰਾਣੀ, ਨਰਿੰਦਰ ਕੁਮਾਰ, ਸੁਲੇਖਾ ਰਾਣੀ, ਮਨਦੀਪ ਸਿੰਘ, ਲੀਲਾਵੰਤੀ, ਪ੍ਰਮੋਦ ਬੱਬਰ, ਅਲਕਾ, ਗੁਰਧਿਆਨ ਸਿੰਘ, ਰੀਟਾ, ਜਗਨੰਦਨ ਗੁਪਤਾ, ਸੁਰਜੀਤ ਕੌਰ, ਰਾਕੇਸ਼ ਕੁਮਾਰ, ਰੂਬੀ, ਮਨੀਸ਼ ਕੁਮਾਰ, ਗੁਰਦਾਸ ਕੌਰ, ਬਲਵਿੰਦਰ ਸਿੰਘ, ਸ਼ੀਲਾ ਰਾਣੀ, ਹਰਪ੍ਰੀਤ ਸਿੰਘ, ਬਲਜਿੰਦਰ ਕੌਰ, ਅਮਨਦੀਪ ਸਿੰਘ, ਰੇਨੂੰ ਬਾਲਾ, ਅਮਰ ਸਿੰਘ, ਜਗਜੀਤ ਸਿੰਘ, ਦਲਬੀਰ ਸਿੰਘ, ਰਾਜ ਰਾਣੀ ਲਈ ਵੋਟਾਂ ਪਾਉਣ ਦੀ ਰਾਜਪੁਰਾ ਵਾਸੀਆਂ ਨੂੰ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਫਤਿਹਗੜ ਸਾਹਿਬ ਦੇ ਚੇਅਰਮੈਨ ਤੇ ਅਬਜ਼ਰਵਰ ਹਰਿੰਦਰ ਸਿੰਘ ਭਾਂਬਰੀ, ਸ੍ਰੀਮਤੀ ਗੁਰਮੀਤ ਕੌਰ, ਨਿਰਭੈ ਸਿੰਘ ਮਿਲਟੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗਗਨਦੀਪ ਸਿੰਘ ਜੌਲੀ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਪੀ.ਆਰ.ਟੀ.ਸੀ. ਦੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ, ਬਲਾਕ ਪ੍ਰਧਾਨ ਕਾਂਗਰਸ ਨਰਿੰਦਰ ਸ਼ਾਸਤਰੀ, ਬਲਦੇਵ ਸਿੰਘ ਗੱਦੋਮਾਜਰਾ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਜਪੁਰਾ ਭੁਪਿੰਦਰ ਸੈਣੀ, ਵਾਈਸ ਚੇਅਰਮੈਨ ਪੈਪਸੂ ਵਿਨੈ ਨਿਰੰਕਾਰੀ, ਗੇਨਕੋ ਦੇ ਸੀਨੀਅਰ ਵਾਈਸ ਚੇਅਰਮੈਨ ਫਕੀਰ ਚੰਦ ਬਾਂਸਲ, ਚੇਅਰਮੈਨ ਬਲਾਕ ਸੰਮਤੀ ਰਾਜਪੁਰਾ ਸਰਬਜੀਤ ਸਿੰਘ ਮਾਣਕਪੁਰ ਅਤੇ ਵੱਡੀ ਗਿਣਤੀ ਕਾਂਗਰਸ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।