ਅਸ਼ੋਕ ਵਰਮਾ
ਬਠਿੰਡਾ, 2 ਫਰਵਰੀ 2021: ਅੱਜ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਨਗਰ ਨਿਗਮ ਬਠਿੰਡਾ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਸ਼ਹਿਰ ਅੰਦਰ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਕੇਂਦਰੀ ਬਜਟ ਉਪਰ ਬੋਲਦਿਆਂ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਸਮੁੱਚੇ ਉੱਤਰੀ ਭਾਰਤ ਨੂੰ ਮੁੜ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕੇਂਦਰੀ ਬਜਟ ਦਾ ਸਿਆਸੀਕਰਨ ਹੁਣ ਬੇਮਿਸਾਲ ਪੱਧਰ ’ਤੇ ਪਹੁੰਚ ਗਿਆ ਹੈ।
ਖੇਤੀ ਅਤੇ ਰੱਖਿਆ ਖੇਤਰ ਲਈ ਨਿਗੂਣਾ ਬਜਟ ਰੱਖਣ ਦਾ ਤਰਕ ਦਿੰਦਿਆਂ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਖੇਤਰ ਨੂੰ ਬਜਟ ਵਿੱਚ ਵਾਧਾ ਦਿੱਤੇ ਜਾਣ ਦੀ ਲੋੜ ਸੀ ਕਿਉਂਕਿ ਇਹ ਖੇਤਰ ਪਹਿਲਾਂ ਹੀ ਪੇਂਡੂ ਵਿਕਾਸ ਬਜਟ ਵਿੱਚ 34 ਫ਼ੀਸਦੀ ਕਟੌਤੀ ਦਾ ਸਾਹਮਣਾ ਕਰ ਰਿਹਾ ਹੈ। ਰੱਖਿਆ ਖੇਤਰ ਲਈ ਬਜਟ ਵਿੱਚ ਇਕ ਫ਼ੀਸਦੀ ਵਾਧਾ ਕੀਤਾ ਗਿਆ ਹੈ ਜਦੋਂਕਿ ਦੇਸ਼ ਨੂੰ ਕੌਮੀ ਸੁਰੱਖਿਆ ਦੇ ਮਾਮਲੇ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਸਾਰੇ ਉੱਤਰੀ ਰਾਜਾਂ ਦਾ ਧਿਆਨ ਖੇਤੀਬਾੜੀ ਅਤੇ ਰੱਖਿਆ ਖੇਤਰ ਉਤੇ ਕੇਂਦਰਿਤ ਹੈ ਪਰ ਐਨ.ਡੀ.ਏ. ਸਰਕਾਰ ਵੱਲੋਂ ‘‘ਜੈ ਜਵਾਨ, ਜੈ ਕਿਸਾਨ’’ ਦੇ ਸੰਕਲਪ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਖੇਤੀਬਾੜੀ, ਬੇਰੋਜ਼ਗਾਰੀ, ਖੇਤੀਬਾੜੀ ਅਰਾਜਕਤਾ, ਐਮ.ਐਸ.ਪੀ., ਮਾਲੀਆ ਵਾਧੇ, ਮੱਧ-ਵਰਗਾਂ ਅਤੇ ਡਿਸਕਾਮ ਬਾਰੇ ਬਿਲਕੁਲ ਖ਼ਾਮੋਸ਼ ਹੈ।
ਉਨ੍ਹਾਂ ਨੇ ਅੱਜ ਬਠਿੰਡਾ ਵਿੱਚ ਕ੍ਰਮਵਾਰ ਗੋਪਾਲ ਨਗਰ, ਕਮਲਾ ਨਹਿਰੂ ਕਲੋਨੀ, ਬਾਬਾ ਫਰੀਦ ਨਗਰ, ਨੈਸ਼ਨਲ ਕਲੋਨੀ, ਦੀਪ ਸਿੰਘ ਨਗਰ,ਅਹਾਤਾ ਵਿਆਜ ਮੁਹੰਮਦ ਵਿਖੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਹੋਈਆਂ ਚੋਣ ਸਭਾ ਨੂੰ ਸੰਬੋਧਨ ਕੀਤਾ।