ਫਿਰੋਜ਼ਪੁਰ 6 ਜੁਲਾਈ 2020 : ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵੱਖ ਵੱਖ ਥਾਵਾਂ ਤੇ ਪੁਰਾਣੇ ਝਗੜੇ ਦੇ ਚੱਲਦਿਆਂ ਤਿੰਨ ਵਿਅਕਤੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਇਕ ਹੀ ਥਾਣੇ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ 16 ਵਿਅਕਤੀਆਂ ਖਿਲਾਫ ਆਈਪੀਸੀ ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਗੁਰੂਹਰਸਹਾਏ ਦੀ ਪੁਲਿਸ ਦੇ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸੱਜਣ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਗਾਮੂਵਾਲਾ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਕੁਝ ਵਿਅਕਤੀਆਂ ਨਾਲ ਪੁਰਾਣਾ ਝਗੜਾ ਚੱਲ ਰਿਹਾ ਹੈ। ਸੱਜਣ ਸਿੰਘ ਨੇ ਦੋਸ਼ ਲਗਾਇਆ ਹੈ ਕਿ ਇਸੇ ਝਗੜੇ ਦੇ ਚੱਲਦਿਆਂ ਬੀਤੀ 17 ਜੂਨ 2020 ਨੂੰ ਅਮਰਜੀਤ ਸਿੰਘ ਵਾਸੀ ਪੀਰ ਬਖਸ਼ ਚੌਹਾਨ, ਸ਼ੰਭੂ, ਸ਼ਿੰਦਰ ਸਿੰਘ ਵਾਸੀਅਨ ਥਾਰੇ ਵਾਲਾ ਤੇ ਇਕ ਅਣਪਛਾਤੇ ਵਿਅਕਤੀ ਨੇ ਹਮਮਸ਼ਵਰਾ ਹੋ ਕੇ ਉਸ ਦੀ ਕੁੱਟਮਾਰ ਕੀਤੀ ਤੇ ਜ਼ਖਮੀਂ ਕਰ ਦਿੱਤਾ ਹੈ। ਇਸੇ ਤਰ੍ਹਾਂ ਪੁਲਿਸ ਕੋਲ ਜੱਜ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਢਾਣੀ ਬਾਬਾ ਵੱਲੂ ਦਾਖਲੀ ਦੁੱਲੇ ਕੇ ਨੱਥੂਵਾਲਾ ਨੇ ਸ਼ਿਕਾਇਤ ਕੀਤੀ ਹੈ ਕਿ ਪੁਰਾਣੇ ਝਗੜੇ ਦੇ ਚੱਲਦਿਆਂ ਬੀਤੀ 3 ਜੁਲਾਈ 2020 ਦੀ ਸ਼ਾਮ ਨੂੰ ਅਮਰੀਕ ਸਿੰਘ ਪੁੱਤਰ ਬਲਕਾਰ ਸਿੰਘ, ਹਰਨੇਕ ਸਿੰਘ ਪੁੱਤਰ ਬਲਕਾਰ ਸਿੰਘ, ਬਲਕਾਰ ਸਿੰਘ ਪੁੱਤਰ ਕੁੰਦਨ ਸਿੰਘ, ਹਰਬੰਸ ਸਿੰਘ ਪੁੱਤਰ ਬਲਕਾਰ ਸਿੰਘ, ਜਸਵੰਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਢਾਣੀ ਬਾਬਾ ਵੱਲੂ ਸਿੰਘ ਨੇ ਹਮਮਸ਼ਵਰਾ ਹੋ ਕੇ ਉਸ ਦੀ ਕੁੱਟਮਾਰ ਕੀਤੀ ਤੇ ਜ਼ਖਮੀਂ ਕਰ ਦਿੱਤਾ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਵਿੰਦਰ ਕੁਮਾਰ ਪੁੱਤਰ ਹਰਕ੍ਰਿਸ਼ਨ ਲਾਲ ਵਾਸੀ ਬਾਜੇ ਕੇ ਨੇ ਦੋਸ਼ ਲਗਾਇਆ ਹੈ ਕਿ ਪੁਰਾਣੇ ਝਗੜੇ ਦੇ ਚੱਲਦਿਆਂ ਬੀਤੀ 4 ਜੁਲਾਈ 2020 ਦੀ ਸ਼ਾਮ ਨੂੰ ਖੁਸ਼ਦਿਲ ਪੁੱਤਰ ਮੋੜਾ ਰਾਮ, ਮੋੜਾ ਰਾਮ ਵਾਸੀਅਨ ਬਹਾਦਰ ਕੇ (ਚੱਕ ਸਰਕਾਰ ਮੋਜ਼ੀ), ਕਸ਼ਮੀਰ ਲਾਲ ਪੁੱਤਰ ਜਵਾਹਰਾ ਲਾਲ ਅਤੇ 4 ਅਣਪਛਾਤੇ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਉਸ ਦੀ ਕੁੱਟਮਾਰ ਕੀਤੀ ਤੇ ਜ਼ਖਮੀਂ ਕਰ ਦਿੱਤਾ। ਇਨ੍ਹਾਂ ਤਿੰਨਾਂ ਵਿਅਕਤੀਆਂ ਦਾ ਇਲਾਜ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।