- ਵਾਰਡ ਨੰਬਰ 10 ਤੋੰ ਆਪ ਉਮੀਦਵਾਰ ਨੇ ਪੁਲਿਸ ਪ੍ਰਸ਼ਾਸਨ ਤੇ ਲਗਾਏ ਦੋਸ਼
ਜ਼ੀਰਕਪੁਰ, 10 ਫਰਵਰੀ 2021 - ਸਥਾਨਕ ਵਾਰਡ ਨੰਬਰ ਦੱਸ ਤੋਂ ਆਮ ਆਦਮੀ ਪਾਰਟੀ ਅੰਜੂ ਚੌਧਰੀ ਨੇ ਪ੍ਰਸ਼ਾਸਨ ਤੇ ਸਰਕਾਰ ਅਤੇ ਬਿਲਡਰ ਮਾਫੀਆ ਦੇ ਦਬਾਅ ਹੇਠ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਆਪਣੇ ਵਾਰਡ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅੰਜੂ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਸੁਖਦੇਵ ਚੌਧਰੀ ਪਿਛਲੇ ਕਈ ਸਾਲਾਂ ਤੋੰ ਬਿਲਡਰ ਮਾਫੀਆ ਦੇ ਖਿਲਾਫ ਆਵਾਜ ਚੁੱਕਦੇ ਹੋਏ ਆਮ ਲੋਕਾਂ ਦੀਆਂ ਸਮਸਿੱਆਵਾਂ ਦੇ ਹੱਲ ਲਈ ਲੜਾਈ ਲੜਦੇ ਰਹੇ ਹਨ। ਜਿਸ ਕਾਰਨ ਇਥੋ ਦੇ ਲੋਕ ਉਨ੍ਹਾਂ ਨੂੰ ਖੁੱਲ ਕੇ ਸਮਰਥਨ ਕਰ ਰਹੇ ਹਨ।
ਅੰਜੂ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਜਿਥੇ ਦੇਰ ਰਾਤ ਤੱਕ ਭੀੜ ਜੁੱਟ ਰਹੀ ਹੈ ਉਥੇ ਹੀ ਵਿਰੋਧੀ ਉਮੀਦਵਾਰਾਂ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਕਿਰਾਏ ਦੇ ਲੋਕ ਇੱਕਠੇ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋੰ ਬੁਖਲਾਏ ਕਾਂਗਰਸੀ ਪ੍ਰਸ਼ਾਸਨਿਕ ਅਧਿਕਾਰੀਆਂ ਰਾਂਹੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰੋਗਰਾਮਾਂ ਦੀ ਮੰਜੂਰੀ ਹੋਣ ਦੇ ਬਾਵਜੂਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਕਰਮਚਾਰੀ ਉਥੇ ਪਹੁੰਚ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ।
ਅੰਜੂ ਚੌਧਰੀ ਨੇ ਕਿਹਾ ਕਿ ਪ੍ਰਸ਼ਾਸਨਿਕ ਅਮਲੇ ਵਲੋੰ ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਵਾਰਡ ਨੰਬਰ 10 ਦੇ ਲੋਕ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਘਰ ਬਿਠਾਉਣ ਦਾ ਫੈਸਲਾ ਕਰ ਚੁੱਕੇ ਹਨ। ਕਿਉਕੀ ਇਥੋੰ ਦੇ ਲੋਕ ਹੁਣ ਅਜਿਹਾ ਕੌਸਲਰ ਚਾਹੁੰਦੇ ਹਨ ਜਿਹੜਾ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਮੌਜੂਦ ਰਹੇ। ਹੁਣ ਤੋੰ ਪਹਿਲਾਂ ਇਥੋੰ ਦੇ ਕੌਸਲਰਾਂ ਨੇ ਵੋਟਰਾਂ ਦਾ ਕੇਵਲ ਸਿਆਸੀ ਇਸਤੇਮਾਲ ਕੀਤਾ ਹੈ।